ਪੰਜਾਬਪਟਿਆਲਾ

ਪਟਿਆਲਾ ਪੁਲਿਸ ਵੱਲੋਂ ਅੰਨੇ ਕਤਲ ਦਾ ਮਾਮਲਾ ਸੁਲਝਾਇਆ : ਜਮੀਨ ਕਾਰਨ ਭਤੀਜੇ ਹੀ ਬਣੇ ਤਾਏ ਦੇ ਕਾਤਲ

ਪਟਿਆਲਾ, 8 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਪੁਲਿਸ ਨੇ ਇੱਕ ਹਫਤਾ ਪਹਿਲਾਂ ਪਿੰਡ ਨਨਾਨਸੂ ਵਿਖੇ ਗੁਰਨਾਮ ਸਿੰਘ ਨਾ ਦੇ ਵਿਅਕਤੀ ਦੇ ਭੇਦ ਭਰੇ ਢੰਗ ਨਾਲ ਹੋਏ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।

ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਐਸ.ਪੀ. ਇੰਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਹ ਅੰਨੇ ਕਤਲ ਦੀ ਗੁੱਥੀ ਐਸ.ਪੀ.ਸਿਟੀ ਸ. ਦਲਜੀਤ ਸਿੰਘ ਰਾਣਾ ਅਤੇ ਡੀ.ਐਸ.ਪੀ. ਦਿਹਾਤੀ ਸ. ਸੁਖਮਿੰਦਰ ਸਿੰਘ ਚੌਹਾਨ ਦੀ ਅਗਵਾਈ ਹੇਠ ਥਾਣਾ ਸਦਰ ਪਟਿਆਲਾ ਦੇ ਐਸ.ਐਚ.ਓ. ਇੰਸਪੈਕਟਰ ਹਰਵਿੰਦਰ ਸਿੰਘ ਚੀਮਾ ਅਤੇ ਬਲਬੇੜਾ ਪੁਲਿਸ ਚੌਂਕੀ ਦੇ ਇੰਚਾਰਜ ਐਸ.ਆਈ. ਭੁਪਿੰਦਰ ਸਿੰਘ ਵੱਲੋਂ ਤਕਨੀਕੀ ਪਹਿਲੂਆਂ ਨਾਲ ਕੀਤੀ ਬਾਰੀਕੀ ਨਾਲ ਜਾਂਚ ਉਪਰੰਤ ਸੁਲਝਾਈ ਹੈ। ਇਸ ਮਾਮਲੇ ਵਿੱਚ ਮ੍ਰਿਤਕ ਗੁਰਨਾਮ ਦੇ ਸਕੇ ਭਤੀਜੇ ਗੁਰਤੇਜ ਸਿੰਘ ਤੇ ਸੁਖਵਿੰਦਰ ਸਿੰਘ ਉਰਫ ਕਾਕਾ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਨਨਨਾਸੂ ਹੀ ਕਾਤਲ ਨਿਕਲੇ ਹਨ।
ਜਾਣਕਾਰੀ ਦਿੰਦਿਆ ਐਸ.ਪੀ. ਸ਼੍ਰੀ ਵਿਰਕ ਨੇ ਦੱਸਿਆ ਕਿ ਮਿਤੀ 31/07/2016 ਦੀ ਸਵੇਰ ਨੂੰ ਰਾਮ ਸਿੰਘ ਪੁੱਤਰ ਮਾਮ ਚੰਦ ਵਾਸੀ ਨਨਾਨਸੂ ਨੇ ਥਾਣਾ ਸਦਰ ਪਟਿਆਲਾ ਦੇ ਮੁੱਖ ਅਫਸਰ ਨੂੰ ਸੂਚਨਾ ਦਿਤੀ ਸੀ ਕਿ ਉਸ ਦੇ ਚਾਚੇ ਦਾ ਲੜਕਾ ਗੁਰਨਾਮ ਸਿੰਘ ਪੁੱਤਰ ਸੁਰਜੀਤ ਸਿੰਘ ਜੋ ਪਿਛਲੇ ਛੇ ਸਾਲ ਤੋ ਆਪਣੇ ਲੜਕੇ ਪਾਸ ਸੂਲਰ ਪਟਿਆਲਾ ਵਿਖੇ ਰਹਿ ਰਿਹਾ ਸੀ ਤੇ ਕਰੀਬ ਇਕ ਹਫਤੇ ਤੋ ਆਪਣੇ ਪਿੰਡ ਨਨਾਨਸੂ ਰਹਿਣ ਲੱਗਾ ਸੀ, ਦੇ ਆਪਣੇ ਵਿਹੜੇ ਵਿੱਚ ਸੁੱਤੇ ਪਏ ਦੇ ਰਾਤ ਵਕਤ ਨਾ ਮਾਲੂਮ ਵਿਅਕਤੀਆਂ ਨੇ ਸੱਟਾਂ ਮਾਰਕੇ ਕਤਲ ਕਰ ਦਿੱਤਾ ਹੈ। ਜਿਸ ਦੇ ਮੂੰਹ ਤੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆ ਹੋਈਆ ਹਨ ਤੇ ਉਸਦੀ ਖੂਨ ਨਾਲ ਲਥਪੱਥ ਲਾਸ਼ ਉਸਦੇ ਮੰਜੇ ‘ਤੇ ਪਈ ਹੈ। ਜਿਸ ‘ਤੇ ਫੋਰਨ ਕਾਰਵਾਈ ਕਰਦਿਆਂ ਮੁੱਖ ਅਫਸਰ ਥਾਣਾ ਸਦਰ ਪਟਿਆਲਾ ਨੇ ਰਾਮ ਸਿੰਘ ਦਾ ਬਿਆਨ ਰਿਕਾਰਡ ਕਰਕੇ, ਨਾ ਮਾਲੂਮ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 103 ਮਿਤੀ 31/07/2016 ਅ/ਧ 302,34 ਹਿੰ:ਦੰ: ਥਾਣਾ ਸਦਰ ਪਟਿਆਲਾ ਦਰਜ ਕਰਾਇਆ ਤੇ ਤਰੁੰਤ ਮੌਕੇ ‘ਤੇ ਪਹੁੰਚਕੇ ਲਾਸ਼ ਨੂੰ ਕਬਜੇ ਵਿੱਚ ਲੈਕੇ ਪੋਸਟਮਰਟਮ ਕਰਾਇਆ ਤੇ ਤਫਤੀਸ ਅਰੰਭ ਕੀਤੀ। ਐਸ.ਪੀ. ਨੇ ਦੱਸਿਆ ਕਿ ਤਫਤੀਸ ਦੌਰਾਨ ਪੁਲਿਸ ਵੱਲੋ ਵੱਖ-ਵੱਖ ਪਹਿਲੂਆ ਤੇ ਜਾਂਚ ਅਰੰਭੀ ਅਤੇ ਟੈਕਨੀਕਲ ਮੁਹਾਰਤ ਵਾਲੇ ਕਰਮਚਾਰੀਆਂ ਨੂੰ ਵੀ ਜਾਂਚ ਟੀਮ ਵਿੱਚ ਸ਼ਾਮਲ ਕੀਤਾ । ਜਾਂਚ ਟੀਮ ਵੱਲੋ ਇਕ ਪਾਸੇ ਖੁਫੀਆ ਜਾਣਕਾਰੀਆਂ ਇੱਕਠੀਆ ਕੀਤੀਆ ਗਈਆ ਤੇ ਦੂਜੇ ਪਾਸੇ ਸੂਚਨਾਵਾਂ ਨੂੰ ਟੈਕਨੀਕਲ ਸਾਧਨਾਂ ਰਾਹੀਂ ਨਿਰੀਖਣ ਕੀਤਾ ਜਾਣ ਲੱਗਾ। ਉਹਨਾਂ ਦੱਸਿਆ ਕਿ ਕਾਤਲ ਇਨੇ ਸ਼ਾਤਰ ਸਨ ਕਿ ਮ੍ਰਿਤਕ ਦੇ ਅੰਤਮ ਸੰਸਕਾਰ ਤੋਂ ਲੈ ਕੇ ਸਾਰੇ ਅੰਤਮ ਕਿਰਿਆ ਕਰਮਾਂ ਵਿੱਚ ਵਾਰਸਾਂ ਦੇ ਨਾਲ-ਨਾਲ ਅੱਗੇ ਹੋਕੇ ਹਿੱਸਾ ਲੈਂਦੇ ਰਹੇ। ਇਥੋਂ ਤੱਕ ਕਿ ਮ੍ਰਿਤਕ ਦੇ ਫੁੱਲ ਤਾਰਨ ਲਈ ਵੀ ਇਕ ਕਾਤਲ ਵਾਰਸਾਂ ਨਾਲ ਹਰਿਦੁਆਰ ਚਲਾ ਗਿਆ। ਪ੍ਰੁੰੰਤੂ ਪੁਲਿਸ ਟੈਕਨੀਕਲ ਸਾਧਨਾਂ ਰਾਹੀ ਤਫਤੀਸ਼ ਨੂੰ ਅੱਗੇ ਵਧਾਉਂਦੀ ਰਹੀ ਜਿਉਂ ਹੀ ਪੁਲਿਸ ਨੂੰ ਮਿਲੀਆਂ ਸੂਚਨਾਵਾਂ ਟੈਕਨੀਕਲ ਤਫਤੀਸ਼ ਨਾਲ ਮੇਲ ਖਾਣ ਲੱਗੀਆਂ ਤਾਂ ਪੁਲਿਸ ਨੇ ਮ੍ਰਿਤਕ ਗੁਰਨਾਮ ਸਿੰਘ ਦੇ ਭਤੀਜਿਆਂ ਗੁਰਤੇਜ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ ਕਾਕਾ ਪੁੱਤਰਾਨ ਕਰਨੈਲ ਸਿੰਘ ਵਾਸੀਆਨ ਪਿੰਡ ਨਨਾਨਸੂ ਪਾਸੋ ਪੁੱਛਗਿੱਛ ਕੀਤੀ, ਜੋ ਕਤਲ ਵਾਲੀ ਰਾਤ ਸਬੰਧੀ ਉਹਨਾਂ ਪਾਸੋਂ ਪੁੱਛੇ ਸਵਾਲਾਂ ਦੇ ਤੱਸਲੀਬਖਸ ਜੁਵਾਬ ਨਹੀਂ ਦੇ ਸਕੇ, ਜਿਓੁ ਹੀ ਦੋਹਾਂ ਤੋ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਹਾਂ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਤੇ ਦੱਸਿਆ ਕਿ ਗੁਰਨਾਮ ਸਿੰਘ ਆਪਣੇ ਹਿੱਸੇ ਦਾ ਘਰ ਤੇ ਜਮੀਨ ਉਹਨਾ ਪਾਸਂੋ ਛੁਡਾਉਣ ਲਈ ਦਬਾਅ ਪਾ ਰਿਹਾ ਸੀ ਤੇ ਉਹਨਾ ਦਾ ਦਾਦਾ ਸੁਰਜੀਤ ਸਿੰਘ ਉਸਦੇ ਹਿੱਸੇ ਦਾ ਘਰ ਤੇ ਜਮੀਨ ਉਸ ਨੂੰ ਦੇਣ ਲਈ ਤਿਆਰ ਹੋ ਗਿਆ ਸੀ ਜਿਸ ਦੇ ਛੁਟਣ ਦੇ ਡਰ ਤੋ ਉਹਨਾਂ ਨੇ ਆਪਣੇ ਤਾਏ ਗੁਰਨਾਮ ਸਿੰਘ ਦਾ ਕਤਲ ਕੀਤਾ ਹੈ। ਸ਼੍ਰੀ ਵਿਰਕ ਨੇ ਅੱਗੇ ਦੱਸਿਆ ਕਿ ਤਫਤੀਸ਼ ਅਤੇ ਦੋਸ਼ੀਆਂ ਦੀ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਗੁਰਨਾਮ ਸਿੰਘ ਦੀ ਮੌਤ ਦਾ ਕਾਰਨ ਉਸਦੇ ਹਿੱਸੇ ਦਾ ਘਰ ਤੇ ਜਮੀਨ ਬਣੀ ਹੈ।
ਐਸ.ਪੀ. ਨੇ ਅੱਗੇ ਦੱਸਿਆ ਕਿ ਦੋਹਾਂ ਦੋਸ਼ੀਆਂ ਨੂੰ ਉਕਤ ਕਤਲ ਦੇ ਮੁਕੱਦਮੇ ਵਿੱਚ ਮਿਤੀ 7 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਹਨਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਕਿਸੇ ਹੋਰ ਦੀ ਵੀ ਸ਼ਮੂਲੀਅਤ ਸਾਹਮਣੇ ਆÀੁਂਦੀ ਹੈ ਤਾਂ ਦੋਸ਼ੀਆਂ ਨੂੰ ਬਖਸਿਆ ਨਹੀ ਜਾਵੇਗਾ। ਪੱਤਰਕਾਰ ਸੰਮੇਲਨ ਦੌਰਾਨ ਐਸ.ਪੀ.ਸਿਟੀ ਸ. ਦਲਜੀਤ ਸਿੰਘ ਰਾਣਾ, ਡੀ.ਐਸ.ਪੀ. ਦਿਹਾਤੀ ਸ. ਸੁਖਮਿੰਦਰ ਸਿੰਘ ਚੌਹਾਨ, ਡੀ.ਐਸ. ਪੀ-2 ਸ਼੍ਰੀ ਦਵਿੰਦਰ ਅੱਤਰੀ ਅਤੇ ਥਾਣਾ ਸਦਰ ਪਟਿਆਲਾ ਦੇ ਐਸ.ਐਚ.ਓ. ਇੰਸਪੈਕਟਰ ਹਰਵਿੰਦਰ ਸਿੰਘ ਚੀਮਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *