ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਐਨ.ਐਸ.ਐਸ. ਵਿਭਾਗ ਵੱਲੋਂ ਖੂਨਦਾਨ ਕੈਂਪ

ਪਟਿਆਲਾ, 10 ਅਗਸਤ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਐਨ.ਐਸ.ਐਸ. ਵਿਭਾਗ ਵੱਲੋਂ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤਾ।

ਉਨ੍ਹਾਂ ਐਨ.ਐਸ.ਐਸ. ਵਿਭਾਗ ਦੇ ਇਸ ਉਦੇਸ਼ ਦੀ ਸਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਕੌਮੀ ਸੇਵਾ ਯੋਜਨਾ ਨਾਲ ਜੁੜ ਕੇ ਖੂਨਦਾਨ ਵਰਗੇ ਲੋਕ ਭਲਾਈ ਦੇ ਕਾਰਜਾਂ ਵਿਚ ਜੁੜੇ ਰਹਿਣਾ ਚਾਹੀਦਾ ਹੈ। ਖੂਨਦਾਨੀਆਂ ਦਾ ਹੋਸਲਾ ਵਧਾਉਂਦੇ ਡਾ. ਜਸਪਾਲ ਸਿੰਘ ਨੇ ਕਿਹਾ ਖੂਨਦਾਨ ਮਹਾਦਾਨ ਹੈ। ਇਸ ਮੌਕੇ ਸਟੇਟ ਬਲੱਡ ਟਰਾਂਸਫਿਊਜ਼ਨ ਕੌਸਲ, ਪੰਜਾਬ ਵੱਲੋਂ ਆਈ ਮੋਬਾਇਲ ਬਲੱਡ ਬੈਂਕ ਬੱਸ, ਜਿਸ ਵਿਚ ਖੂਨਦਾਨੀਆਂ ਲਈ ਸਾਰੀਆਂ ਸੁਵਿਧਾਵਾਂ ਉਪਲੱਬਧ ਹਨ, ਦਾ ਮੁਆਇਨਾ ਵੀ ਕੀਤਾ ਅਤੇ ਰਾਜਿੰਦਰਾ ਹਸਪਤਾਲ ਦੇ ਸਹਿਯੋਗ ਨਾਲ ਡਾ. ਸੈ਼ਲੀ ਜੇਤਲੀ, ਡਾ. ਆਸ਼ਿਮਾ, ਡਾ. ਗੁਰਮਨ ਅਤੇ ਡਾ. ਸੁਰਿੰਦਰ ਕੌਰ ਦੀ ਅਗਵਾਈ ਵਿਚ ਆਈ ਟੀਮ ਨੂੰ ਆਸ਼ੀਰਵਾਦ ਦਿੱਤਾ।
ਐਨ.ਐਸ.ਐਸ. ਵਿਭਾਗ ਦੇ ਪ੍ਰੋਗਰਾਮ ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਨੇ ਖੁਦ ਖੂਨਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ।ਉਨ੍ਹਾਂ ਕਿਹਾ ਕਿ ਇਸ ਸੁਨਿਹਰੀ ਮੌਕੇ ਤੇ ਜਿਹੜੇ ਖੂਨਦਾਨੀਆਂ ਨੇ ਖੂਨ ਦਿੱਤਾ ਹੈ ਇਸ ਦਾ ਇਕੱ-ਇੱਕ ਕਤਰਾ ਪਤਾ ਨਹੀਂ ਕਿਸ-ਕਿਸ ਸੂਬੇ, ਸ਼ਹਿਰ, ਵਿਅਕਤੀ ਅਤੇ ਕਿਸ ਬੱਚੇ ਦੀ ਜ਼ਿੰਦਗੀ ਬਚਾਏਗਾ।ਇਹ ਕੈਂਪ ਮਿਤੀ 12 ਅਗਸਤ ਨੂੰ ਮਨਾਏ ਜਾ ਰਹੇ ਅੰਤਰਰਾਸ਼ਟਰੀ ਨੌਜਵਾਨ ਦਿਵਸ ਨੂੰ ਸਮਰਪਿਤ ਹੈ।ਪ੍ਰੋਗਰਾਮ ਕੋਆਰਡੀਨੇਟਰ ਨੇ ਖੂਨਦਾਨੀਆਂ ਅਤੇ ਬਲੱਡ ਬੈਂਕ ਦੇ ਸਟਾਫ ਦਾ ਇਸ ਮਹਾਨ ਕਾਰਜ ਨਾਲ ਜੁੜਨ ਤੇ ਧੰਨਵਾਦ ਕੀਤਾ ਅਤੇ ਇਸ ਮੌਕੇ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਡਾ. ਗੁਰਪ੍ਰੀਤ ਸਿੰਘ, ਡਾ. ਕੇਵਲ ਕ੍ਰਿਸ਼ਨ, ਡਾ. ਬਲਵਿੰਦਰ ਸਿੰਘ ਸੂਚ ਅਤੇ ਡਾ. ਯੋਗੀਤਾ ਬਾਂਸਲ ਯੂਨੀਵਰਸਿਟੀ ਐਨ.ਐਸ.ਐਸ. ਯੂਨਿਟਾਂ ਦੇ ਪ੍ਰੋਗਰਾਮ ਅਫਸਰਾਂ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ਅਤੇ ਖੂਨਦਾਨੀਆਂ ਦਾ ਹੋਸਲਾ ਵਧਾਇਆ।
ਇਸ ਮੌਕੇ ਐਨ.ਐਸ.ਐਸ. ਵਲੰਟੀਅਰਾਂ ਦੀ ਐਨਰੋਲਮੈਂਟ ਵੀ ਕੀਤੀ ਗਈ। ਇਸ ਖੂਨਦਾਨ ਕੈਂਪ ਵਿੱਚ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਵੱਲੋਂ ਲਗਭਗ 150 ਯੂਨਿਟ ਖੂਨਦਾਨ ਕੀਤਾ ਗਿਆ।ਸਟੇਟ ਬਲੱਡ ਟਰਾਂਸਫਿਊਜ਼ਨ ਕੌਸਲ, ਪੰਜਾਬ ਵੱਲੋਂ ਆਈ ਮੋਬਾਇਲ ਬਲੱਡ ਬੈਂਕ ਬੱਸ ਖੂਨਦਾਨੀਆਂ ਲਈ ਸਾਰਾ ਸਮਾਂ ਆਕਰਸ਼ਨ ਦਾ ਵਿਸ਼ਾ ਬਣੀ ਰਹੀ।

Leave a Reply

Your email address will not be published. Required fields are marked *