ਭੁਪਿੰਦਰ ਸਿੰਘ ਸੰਧੂ ਨਾਲ ਰੂਬਰੂ ਤੇ ਸੰਵਾਦ
ਪਟਿਆਲਾ 17 ਅਗਸਤ (ਮਧੂਸਾਰ ਬਿਊਰੋ)
ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਸ਼੍ਰੀਮਤੀ ਸੁਖਵਿੰਦਰ ਕੌਰ ਆਹੀ ਦੇ ਗ੍ਰਹਿ ਵਿਖੇ ਉੱਘੇ ਲੇਖਕ ਤੇ ਸਮਾਜ-ਸੇਵੀ ਸ. ਭੁਪਿੰਦਰ ਸਿੰਘ ਸੰਧੂ ਨਾਲ ਰੂਬਰੂ ਤੇ ਸੰਵਾਦ ਪ੍ਰੋਗਰਾਮ ਰਚਾਇਆ ਗਿਆ।
ਦੱਖਣ ਏਸ਼ਿਆਈ ਮੁਲਕਾਂ ਵਿੱਚ ਸ਼ਾਂਤੀ ਦੂਤ ਵਜੋਂ ਵਿਚਰਨ ਵਾਲੀ ਸ਼ਖਸੀਅਤ ਸੰਧੂ ਬਾਰੇ ਤੁਆਰਫ ਕਰਾਉਂਦਿਆਂ ਬਲਬੀਰ ਜਲਾਲਾਬਾਦੀ ਨੇ ਉਨ੍ਹਾਂ ਨੂੰ ਆਪਣੇ ਅਨੁਭਵ ਸਾਂਝੇ ਕਰਨ ਲਈ ਸੱਦਾ ਦਿੱਤਾ। ਆਪਣੇ ਸਾਹਿਤਕ ਸਫਰ ਬਾਰੇ ਬੋਲਦਿਆਂ ਭੁਪਿੰਦਰ ਸੰਧੂ ਨੇ ਕਿਹਾ ਕਿ ਮਾਨਵਤਾ ਦੀਆਂ ਨੀਹਾਂ ਪੱਕੀਆਂ ਕਰਨ ਲਈ ਸਾਨੂੰ ਮੌਤ ਦੇ ਸਾਧਨ ਪੈਦਾ ਕਰਨ ਨਾਲੋਂ ਜੀਵਨ ਦੀਆਂ ਜੁਗਤਾਂ ਤਲਾਸ਼ਣ ਦੀ ਵਧੇਰੇ ਲੋੜ ਹੈ। ਸਾਹਿਤ ਅਕਾਦਮੀ ਅਵਾਰਡੀ ਦਰਸ਼ਨ ਬੁੱਟਰ ਨੇ ਕਿਹਾ ਕਿ ਭੁਪਿੰਦਰ ਦੀ ਸਿਰਜਣ ਪ੍ਰਕਿਰਿਆ ਵਿੱਚ ਅਮਨ ਤੇ ਦੋਸਤੀ ਲਈ ਹੰਭਲਾ ਮਾਰਨ ਦੀ ਤਾਂਘ ਵਧੇਰੇ ਪ੍ਰਬਲ ਹੈ। ਅਮਰਜੀਤ ਵੜੈਚ ਨੇ ਕਿਹਾ ਕਿ ਭੁਪਿੰਦਰ ਦੀਆਂ ਸਾਹਿਤਕ ਕਿਰਤਾਂ ਸਮਾਜ ਵਿੱਚ ਦੋਸਤੀ ਦਾ ਬਿੰਬ ਉਸਾਰਨ ਲਈ ਯਤਨਸ਼ੀਲ ਹਨ।
ਮੰਚ ਪ੍ਰਧਾਨ ਡਾ. ਜੀ.ਐਸ ਅਨੰਦ ਨੇ ਕਿਹਾ ਕਿ ਗਿਆਨਦੀਪ ਮੰਚ ਅਜਿਹੇ ਸਮੱਰਥ ਲੇਖਕਾਂ ਦੇ ਰੂਬਰੂ ਕਰਵਾ ਕੇ ਸਮਾਜ ਵਿੱਚ ਦੀਵੇ ਦਾ ਕੰਮ ਕਰ ਰਿਹਾ ਹੈ। ਉਪਰੋਕਤ ਤੋਂ ਇਲਾਵਾ ਪ੍ਰੋਗਰਾਮ ਵਿੱਚ ਸਨੇਹਇੰਦਰ ਮੀਲੂ, ਹਰੀ ਸਿੰਘ ਚਮਕ, ਪ੍ਰੋਫ. ਸੁਭਾਸ਼ ਸ਼ਰਮਾ, ਸੁਖਵਿੰਦਰ ਆਹੀ, ਯੂ ਐਸ ਆਤਿਸ਼ ਤੇ ਗੁਰਚਰਨ ਪੱਬਾਰਾਲੀ ਨੇ ਵੀ ਵਿਚਾਰ ਰੱਖੇ। ਪ੍ਰੋਗਰਾਮ ਦੇ ਦੂਜੇ ਦੌਰ ਵਿੱਚ ਵਿਸ਼ੇਸ਼ ਕਵੀਆਂ ਵਜੋਂ ਜੀ.ਐਸ ਮੀਤ, ਹਰੀ ਦੱਤ ਹਬੀਬ, ਨਵਦੀਪ ਮੁੰਡੀ, ਜਸਵਿੰਦਰ ਖਾਹਰਾ, ਸੁਭਾਸ਼ ਮਲਕ, ਗੁਰਨੀਰ ਸਾਹਨੀ, ਦਿਵਿਆ ਸ਼ਰਮਾ, ਗੁਰਪ੍ਰੀਤ ਢਿਲੋਂ, ਗੁਰਨਾਮ ਸਖਾ, ਮੰਗਤ ਖਾਨ, ਹਰਸ਼ ਕੁਮਾਰ ਹਰਸ਼, ਕ੍ਰਿਸ਼ਨ ਧਿਆਨ ਰਾਵੇਲ ਸਿੰਘ ਸਿੱਧੂ, ਰਾਜਨ ਨਰੂਲਾ ਤੇ ਸ਼ਬਨਮ ਨਰੂਲਾ ਨੇ ਰਚਨਾਵਾਂ ਪੇਸ਼ ਕੀਤੀਆਂ। ਮੰਚ ਸੰਚਾਲਕ ਦੀ ਜਿੰਮੇਵਾਰੀ ਬਲਬੀਰ ਕਲਾਲਾਬਾਦੀ ਨੇ ਬਾਖੂਬੀ ਨਿਭਾਈ।

