ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵਿਖੇ ਵਿਦਿਆਰਥੀ ਇੰਡਕਸ਼ਨ ਪ੍ਰੋਗਰਾਮ ਦੇ ਦੂਜੇ ਦਿਨ ਡਾ. ਰੇਗੀਨਾ ਮੈਣੀ ਨੇ ਰਚਾਇਆ ਸੰਵਾਦ
ਪਟਿਆਲਾ, 5 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵੱਲੋਂ ਕਰਵਾਏ ਜਾ ਰਹੇ 15 ਦਿਨਾ ਵਿਦਿਆਰਥੀ ਇੰਡਕਸ਼ਨ ਪ੍ਰੋਗਰਾਮ ਦੇ ਦੂਜੇ ਦਿਨ ਸੀਨੀਅਰ ਮੈਡੀਕਲ ਅਫ਼ਸਰ ਡਾ. ਰੇਗੀਨਾ ਮੈਣੀ ਵੱਲੋਂ ਸਿਹਤ ਅਤੇ ਤੰਦਰੁਸਤੀ ਦੇ ਹਵਾਲੇ ਨਾਲ਼ ਆਪਣੀ ਗੱਲ ਕੀਤੀ ਗਈ। ਇਹ ਪ੍ਰੋਗਰਾਮ ਵਿਭਾਗ ਵਿਖੇ ਸ਼ੁਰੂ ਹੋਏ ਨਵੇਂ ਕੋਰਸ ਚਾਰ ਸਾਲਾ ਏਕੀਕ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ (ਆਈ. ਟੀ. ਈ. ਪੀ.) ਬੀ. ਏ. ਬੀ. ਐੱਡ. (ਸੈਕੰਡਰੀ ਸਟੇਜ) ਵਿੱਚ ਦਾਖਲ ਹੋਏ ਵਿਦਿਆਰਥੀਆਂ ਦੇ ਨਵੇਂ ਬੈਚ ਲਈ ਹੈ।
ਡਾ. ਰੇਗੀਨਾ ਮੈਣੀ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਅਤੇ ਅਰੋਗ ਰਹਿਣ ਲਈ ਬਹੁਤ ਸਾਰੇ ਨੁਕਤੇ ਸੁਝਾਏ। ਉਨ੍ਹਾਂ ਦੱਸਿਆ ਕਿ ਆਮ ਜ਼ਿੰਦਗੀ ਵਿੱਚ ਆਪਣੀ ਵਿਚਰਨ ਸ਼ੈਲੀ ਵਿੱਚ ਥੋੜ੍ਹਾ ਜਿਹਾ ਸੁਧਾਰ ਕਰ ਕੇ ਵੀ ਤੰਦਰੁਸਤ ਰਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਤੱਤਾਂ ਨਾਲ਼ ਭਰਪੂਰ ਸੁੰਤਲਿਤ ਭੋਜਨ ਖਾਣ, ਠੀਕ ਮਾਤਰਾ ਵਿੱਚ ਨੀਂਦ ਲੈਣ ਅਤੇ ਨਿਰੰਤਰ ਕਸਰਤ ਕਰਨ ਨਾਲ਼ ਸਰੀਰ ਸਿਹਤਮੰਦ ਰਹਿੰਦਾ ਹੈ। ਵਿਭਾਗ ਮੁਖੀ ਡਾ. ਜਗਪ੍ਰੀਤ ਕੌਰ ਵੱਲੋਂ ਧੰਨਵਾਦੀ ਸ਼ਬਦਾਂ ਦੌਰਾਨ ਵਿਦਿਆਰਥੀਆਂ ਨੂੰ ਅਗਲੇ ਦਿਨਾਂ ਦੇ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

