ਪੰਜਾਬ

ਬੱਚਿਆਂ ਅਤੇ ਨੌਜਵਾਨਾਂ ਨੂੰ ਬਿਨਾ ਡਰ-ਭੈਅ ਤੋਂ ਸਿੱਖਿਆ ਦੇ ਕੇ ਹੀ ਅਸੀਂ ਤਰੱਕੀ ਕਰ ਸਕਦੇ ਹਾਂ: ਜਿਆਣੀ

ਬੱਚਿਆਂ ਦੀ ਦੇਖ ਰੇਖ ਅਤੇ ਹਿਫ਼ਾਜ਼ਤ ਸਬੰਧੀ ਬਣਾਏ ਕਾਨੂੰਨ 2015 ਬਾਰੇ ਕਰਵਾਈ ਗਈ ਇੱਕ ਰੋਜ਼ਾ ਰਾਜ ਪੱਧਰੀ ਸਿਖਲਾਈ-ਕਮ-ਜਾਗਰੂਕਤਾ ਵਰਕਸ਼ਾਪ
ਪਟਿਆਲਾ, 23 ਅਗਸਤ (ਮਧੂਸਾਰ ਬਿਊਰੋ)
ਜੇਕਰ ਅਸੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਸਿੱਖਿਆ ਦੇਣ ਵਿਚ ਕਾਮਯਾਬ ਹੁੰਦੇ ਹਾਂ ਤਾਂ ਹੀ ਸਾਡਾ ਦੇਸ਼ ਅਤੇ ਅਸੀਂ ਤਰੱਕੀ ਕਰ ਸਕਦੇ ਹਾਂ। ਇਹ ਵਿਚਾਰ ਪੰਜਾਬ ਸਰਕਾਰ ਦੇ ਸਿਹਤ ਪਰਿਵਾਰ ਭਲਾਈ, ਸਮਾਜਿਕ ਸੁਰੱਖਿਆ ਅਤੇ ਔਰਤਾਂ ਅਤੇ ਬਾਲ ਵਿਕਾਸ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਇੱਥੇ ਬੱਚਿਆਂ ਦੀ ਦੇਖ ਰੇਖ ਅਤੇ ਹਿਫ਼ਾਜ਼ਤ ਸਬੰਧੀ ਬਣਾਏ ਕਾਨੂੰਨ 2015 ਬਾਰੇ ਕਰਵਾਈ ਗਈ ਇੱਕ ਰੋਜ਼ਾ ਰਾਜ ਪੱਧਰੀ ਸਿਖਲਾਈ-ਕਮ-ਜਾਗਰੂਕਤਾ ਵਰਕਸ਼ਾਪ ਵਿਚ ਰੱਖੇ।

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀਆਂ ਦੇ ਮੈਂਬਰਾਂ, ਪੁਲਿਸ, ਪ੍ਰਸ਼ਾਸਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਬੱਚਿਆਂ ਨਾਲ ਹੋਣ ਵਾਲੇ ਜ਼ੁਲਮ ਅਤੇ ਤਸ਼ੱਦਦ ਪ੍ਰਤੀ ਸੰਵੇਦਨਸ਼ੀਲ ਬਣਾਉਣ ਲਈ ਰੱਖੀ ਗਈ ਇਸ ਵਰਕਸ਼ਾਪ ਵਿਚ ਉਨਾਂ ਕਿਹਾ ਕਿ ਬੱਚਿਆਂ ਉੱਤੇ ਜ਼ੁਲਮ ਨਾ ਹੋਵੇ ਅਤੇ ਉਨਾਂ ਨੂੰ ਬੜੇ ਅਤੇ ਬਜ਼ੁਰਗਾਂ ਦਾ ਪਿਆਰ ਮਿਲੇ, ਇਹ ਉਨਾਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੀ ਆਜ਼ਾਦੀ ਨੂੰ 70 ਸਾਲ ਹੋ ਚੁੱਕੇ ਹਨ ਅਤੇ ਅੱਜ ਸਮੀਖਿਆ ਦੀ ਲੋੜ ਹੈ ਕਿ ਅਸੀਂ ਕਿਥੇ ਹਾਂ, ਕਿ ਅਸੀਂ ਉਹ ਸਭ ਕੁੱਝ ਆਪਣੇ ਬੱਚਿਆਂ ਨੂੰ ਦੇ ਰਹੇ ਹਾਂ ਜਾਂ ਸਿਰਫ਼ ਗੱਲਾਂ ਹੀ ਕਰ ਕੇ ਚਲੇ ਜਾਂਦੇ ਹਾਂ। ਸ੍ਰੀ ਜਿਆਣੀ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਅਤੇ ਉਨਾਂ ਨੂੰ ਸਾਫ਼ ਸੁਥਰਾ ਮਾਹੌਲ ਦੇਣਾ ਬੇਹੱਦ ਜ਼ਰੂਰੀ ਹੈ।
ਪੰਜਾਬ ਸਟੇਟ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (ਪੀ. ਐਸ. ਸੀ. ਪੀ. ਸੀ. ਆਰ.) ਦੇ ਚੇਅਰਮੈਨ ਸ੍ਰੀ ਸੁਕੇਸ਼ ਕਾਲੀਆ ਨੇ ਕਿਹਾ ਕਿ ਬੱਚਿਆਂ ਨੂੰ ਸਭ ਤੋਂ ਵੱਡੀ ਜਾਇਦਾਦ ਕਿਹਾ ਗਿਆ ਹੈ। ਨਾਲ ਹੀ ਉਨਾਂ ਆਸ ਪ੍ਰਗਟਾਈ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗ ਹੁਣ ਇੰਨਾ ਕਾਨੂੰਨਾਂ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰਨਗੇ ।
ਪੰਜਾਬ ਦੇ ਲੇਬਰ ਕਮਿਸ਼ਨਰ ਸ੍ਰੀ ਤੇਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਕਾਨੂੰਨ ਪ੍ਰਤੀ ਜਾਗਰੂਕਤਾ ਬੇਹੱਦ ਜ਼ਰੂਰੀ ਹੈ ਅਤੇ ਇਹ ਕਾਨੂੰਨ ਬਣਾਉਣ ਤੋਂ ਬਾਦ ਉਲੀਕੇ ਗਏ ਟੀਚੇ ਨੂੰ ਪ੍ਰਾਪਤ ਕਰਨ ਲਈ ਤਕਨੀਕ ਦਾ ਇਸਤੇਮਾਲ ਜ਼ਰੂਰੀ ਹੈ ਅਤੇ ਇਸ ਲਈ ਸਾਰੇ ਅਧਿਕਾਰੀਆਂ ਨੂੰ ਆਪਣਾ ਸੌ ਫ਼ੀਸਦੀ ਯੋਗਦਾਨ ਦੇਣ ਚਾਹੀਦਾ ਹੈ, ਤਾਂ ਹੀ ਅਸੀਂ ਵਧੀਆ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ।
ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਰਾਮਵੀਰ ਸਿੰਘ ਨੇ ਕਿਹਾ ਕਿ ਸਿੱਖਿਆ ਸਭ ਤੋਂ ਅਹਿਮ ਕੜੀ ਹੈ ਅਤੇ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੜ੍ਹੇ ਲਿਖੇ ਸਮਾਜ ਵਿਚ ਜ਼ਿਆਦਾ ਲਿਆਈ ਜਾ ਸਕਦੀ ਹੈ। ਭਾਵਨਾਤਮਕ ਰੂਪ ਉੱਤੇ ਤਾਂ ਸਾਰੀਆਂ ਗੱਲਾਂ ਠੀਕ ਹਨ ਪਰ ਸਾਨੂੰ ਕਾਨੂੰਨੀ ਪੱਖਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ।
ਇਸ ਤੋਂ ਪਹਿਲਾਂ ਪੀ. ਐਸ. ਸੀ. ਪੀ. ਸੀ. ਆਰ. ਦੇ ਸਕੱਤਰ ਸ੍ਰੀ ਸੁਮੇਰ ਸਿੰਘ ਗੁੱਜਰ ਨੇ ਜਿੱਥੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਉੱਥੇ ਹੀ ਕਮਿਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਵੀ ਦਿੱਤੀ। ਉਨਾਂ ਦੱਸਿਆ ਕਿ 2013-14 ਵਿਚ ਜਿੱਥੇ ਸਾਰੇ ਪੰਜਾਬ ਵਿਚੋਂ ਸਿਰਫ਼ 4 ਸ਼ਿਕਾਇਤਾਂ ਬਾਲ ਅਪਰਾਧ ਬਾਰੇ ਆਈਆਂ, 2014-15 ਵਿਚ ਇਹ ਵੱਧ ਕੇ 46 ਹੋਈਆਂ ਅਤੇ ਬੀਤੇ ਸਾਲ ਇਹ ਗਿਣਤੀ ਵੱਧ ਕੇ 104 ਹੋ ਗਈ ਹੈ। ਉਨਾਂ ਕਿਹਾ ਕਿ ਜੇ ਕਰ ਅਸੀਂ ਆਪਣੇ ਆਪ ਤੋਂ ਅਤੇ ਆਪਣੇ ਘਰ ਤੋਂ ਸ਼ੁਰੂ ਕਰਦੇ ਹਾਂ ਤਾਂ ਸਾਡੇ ਆਪਣੇ ਆਲੇ ਦੁਆਲੇ ਦੇ ਮਾਹੌਲ ਨੂੰ ਵੀ ਵਧੀਆ ਪਾਵਾਂਗੇ ।
ਜਾਗਰੂਕਤਾ ਵਰਕਸ਼ਾਪ ਵਿਚ ਨੈਸ਼ਨਲ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਦੇ ਸੀਨੀਅਰ ਕੰਸਲਟੈਂਟ ਸ੍ਰੀ ਏ ਕੇ ਨੰਦਾ, ਪੀ. ਐਸ. ਸੀ. ਪੀ. ਸੀ. ਆਰ. ਦੇ ਮੈਂਬਰ ਡਾ ਯਸ਼ਪਾਲ, ਬੀਜੇਪੀ ਵੱਲੋਂ ਡਿਪਟੀ ਮੇਅਰ ਸ੍ਰੀ ਹਰਿੰਦਰ ਕੋਹਲੀ, ਨਗਰ ਸੁਧਾਰ ਟਰੱਸਟ ਨਾਭਾ ਦੇ ਚੇਅਰਮੈਨ ਸ੍ਰੀ ਗੁਰਤੇਜ ਸਿੰਘ ਢਿੱਲੋਂ, ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਐਸ ਕੇ ਦੇਵ, ਸਾਬਕਾ ਸੀਨੀਅਰ ਡਿਪਟੀ ਮੇਅਰ ਸ੍ਰੀ ਅਨਿਲ ਬਜਾਜ, ਸ੍ਰੀ ਬਲਵੰਤ ਰਾਏ, ਸ੍ਰੀ ਸੰਜੀਵ ਭਾਰਦਵਾਜ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਸ੍ਰੀ ਅਸੀਸ ਬਾਂਸਲ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਨੀਤਾ ਪ੍ਰੀਤ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਵਰਿੰਦਰ ਸਿੰਘ ਬੈਂਸ, ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਸ੍ਰੀਮਤੀ ਸਾਇਨਾ ਕਪੂਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

Leave a Reply

Your email address will not be published. Required fields are marked *