ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ਸਿੱਖਿਆ ਦਾ ਡਿਜੀਟਲ ਪ੍ਰਸਾਰ ਕਰਨ ਦੇ ਮਾਮਲੇ ‘ਚ ਪਹਿਲੀ ਯੂਨੀਵਰਸਿਟੀ ਬਣੀ

ਪਟਿਆਲਾ, 22 ਅਗਸਤ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਭੂਗੋਲਿਕ ਹੱਦਬੰਦੀਆਂ ਪਾਰ ਕਰਦਿਆਂ ਇਸ ਖੇਤਰ ਵਿੱਚ ਸਿੱਖਿਆ ਦਾ ਡਿਜੀਟਲ ਪ੍ਰਸਾਰ ਕਰਨ ਦੇ ਮਾਮਲੇ ਵਿੱਚ ਪਹਿਲੀ ਯੂਨੀਵਰਸਿਟੀ ਬਣ ਗਈ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਡਿਜੀਟਲ ਇੰਡੀਆ ਪ੍ਰੋਗਰਾਮ ਸੋਚ ਅਤੇ ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਦੇ ਐਨ.ਐਮ.ਈ-ਆਈ.ਸੀ.ਟੀ. ਪ੍ਰੋਜੈਕਟ ਅਧੀਨ ਯੂਨੀਵਰਸਿਟੀ ਦੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ(ਈ.ਐਮ.ਆਰ.ਸੀ.) ਨੂੰ ਈ-ਕਨਟੈਂਟ ਅਤੇ ਮੈਸਿਵ ਓਪਨ ਆਨਲਾਈਨ ਕੋਰਸਿਜ਼ ਲਈ ਤਿੰਨ ਪ੍ਰੋਜੈਕਟ ਪ੍ਰਦਾਨ ਕੀਤੇ ਗਏ ਹਨ।

ਇਸ ਤੋਂ ਇਲਾਵਾ ਸੈਂਟਰ ਨੂੰ ਦੇਸ਼ ਦੇ ਦੂਰ-ਦੁਰਾਡੇ ਖੇਤਰਾਂ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਲਈ ਤੱਕ ਇੱਕ ਡੀ.ਟੀ.ਐਚ. ਚੈਨਲ ਦੀ ਵੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਡਾ. ਗੁਰਮੀਤ ਸਿੰਘ ਮਾਨ, ਡਾਇਰੈਕਟਰ, ਈ.ਐਮ.ਆਰ.ਸੀ., ਪੰਜਾਬੀ ਯੂਨੀਵਰਸਿਟੀ ਨੇ ਕਿਹਾ ਕਿ ਪ੍ਰੋਜੈਕਟ ਦੇ ਪਹਿਲੇ ਫੇਜ਼ ਵਿੱਚ ਸੈਂਟਰ ਨੂੰ ਈ-ਕਨਟੈਂਟ ਪ੍ਰੋਗਰਾਮਾਂ ਦੇ ਵਿਕਾਸ ਲਈ ਪ੍ਰਫੋਰਮਿੰਗ ਆਰਟਸ ਅਤੇ ਅਪਲਾਈਡ ਫਿਜ਼ੀਕਲ ਸਾਇੰਸ (ਕੰਪਿਊਟਰ ਸਾਇੰਸ) ਨੂੰ ਇੰਟਰਨੈੱਟ ਤੇ ਅਪਲੋਡ ਕਰਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵਿਦਿਆਰਥੀਆਂ ਲਈ ਸਿੱਖਿਆ ਦਾ ਪ੍ਰਸਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੈਂਟਰ ਨੂੰ ਸਾਈਬਰ ਸੁਰੱਖਿਆ, ਜਨਗਣਨਾ ਅਧਿਐਨ ਅਤੇ ਸਰੀਰਕ ਸਿੱਖਿਆ ਨਾਂ ਦੇ ਤਿੰਨ ਹੋਰ ਵਿਸ਼ੇ ਪ੍ਰਦਾਨ ਕੀਤੇ ਗਏ ਹਨ। ਇਸ ਪ੍ਰੋਜੈਕਟ ਲਈ ਸੈਂਟਰ ਨੂੰ ਇੱਕ ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ।
ਆਨ ਲਾਈਨ ਕੋਰਸਾਂ ਦੀ ਸਮਰੱਥਾ ਅਤੇ ਯੋਗਤਾ ਦੀ ਪ੍ਰਸ਼ੰਸਾ ਕਰਦਿਆਂ ਅਤੇ ਯੂਨੀਵਰਸਿਟੀ ਦੇ ਈ.ਐਮ.ਆਰ.ਸੀ ਨੂੰ ਵਧਾਈ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਹ ਕੋਰਸ ਸਮੂਹਿਕ ਸਿੱਖਿਆ ਦੇ ਆਧਾਰ ਤੇ ਰੈਗੂਲਰ ਕਲਾਸਰੂਮ ਸਿੱਖਿਆ ਦੇ ਸਿਧਾਂਤ ਦੀ ਪ੍ਰੋੜਤਾ ਕਰਦੇ ਹਨ। ਇਸ ਨਾਲ ਉਨ੍ਹਾਂ ਪੱਛੜੇ ਵਰਗਾਂ ਦੇ ਵਿਦਿਆਰਥੀਆਂ ਨੂੰ ਵੀ ਲਾਭ ਹੋਵੇਗਾ ਜੋ ਉਚ ਪੱਧਰ ਦੇ ਸਿੱਖਿਆ ਮਾਹਿਰਾਂ ਤੋਂ ਗਿਆਨ ਹਾਸਲ ਕਰ ਸਕਣਗੇ।
ਮੈਸਿਵ ਓਪਨ ਆਨਲਾਈਨ ਕੋਰਸਿਜ਼ ਪ੍ਰੋਜੈਕਟ ਦੇ ਵੱਖ ਵੱਖ ਪੱਖਾਂ ਤੇ ਰੋਸ਼ਨੀ ਪਾਉਂਦਿਆਂ ਡਾ. ਮਾਨ ਨੇ ਕਿਹਾ ਕਿ ਸੈਂਟਰ ਨੂੰ ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਦੀ ਸਵੱਯਮ ਪ੍ਰਭਾ ਯੋਜਨਾ ਅਧੀਨ 8.91 ਲੱਖ ਰੁਪਏ ਦੀ ਵਾਧੂ ਗ੍ਰਾਂਟ ਪ੍ਰਾਪਤ ਹੋਈ ਹੈ ਜਿਸ ਨਾਲ ਯੂ.ਜੀ.ਸੀ. ਦੇ ਚੋਣ ਆਧਾਰਤ ਕਰੈਡਿਟ ਪ੍ਰਣਾਲੀ ਦੇ ਦਿਸ਼ਾ-ਨਿਰਦੇਸ਼ਾਂ ਤੇ ਚੱਲਦਿਆਂ ਡਾਟਾ ਸਟਰਕਚਰ ਅਤੇ ਫਾਈਲ ਪ੍ਰੋਸੈਸਿੰਗ ਅਤੇ ਭਾਰਤੀ ਕਲਚਰ ਅਤੇ ਕਲਾ ਦਾ ਵਿਕਾਸ ਕੀਤਾ ਜਾਵੇਗਾ। ਇਨ੍ਹਾਂ ਕੋਰਸਾਂ ਦੇ ਵਿਕਾਸ ਲਈ ਡਾ. ਗੁਰਪ੍ਰੀਤ ਸਿੰਘ ਲਹਿਲ ਅਤੇ ਡਾ. ਸਰੋਜ ਚਮਨ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ। ਇਹ ਕੋਰਸ 05 ਸਤੰਬਰ, 2016 ਤੋਂ ਸ਼ੁਰੂ ਹੋਣਗੇ ਅਤੇ ਅਧਿਆਪਕ ਦਿਵਸ ਮਨਾਉਂਦਿਆਂ ਸਵਯਮ ਪ੍ਰਭਾ ਵੈਬਸਾਈਟ https://training.swayam.gov.in ਤੇ ਉਪਲਬਧ ਹੋਣਗੇ।
ਡਾ. ਮਾਨ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਵਲੋਂ ਈ.ਐਮ.ਆਰ.ਸੀ., ਪਟਿਆਲਾ ਨੂੰ ਪ੍ਰਤਿਸ਼ਠਾ ਦਾ ਪ੍ਰਤੀਕ ਡੀ.ਟੀ.ਐਚ. ਚੈਨਲ ਵੀ ਪ੍ਰਦਾਨ ਕੀਤਾ ਜਾ ਚੁੱਕਾ ਹੈ। ਇਹ ਉਨ੍ਹਾਂ 32 ਚੈਨਲਾਂ ਵਿੱਚੋਂ ਇੱਕ ਹੈ ਜੋ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੰਸਥਾਵਾਂ ਇਗਨੂ, ਆਈ.ਆਈ.ਟੀਜ਼, ਯੂ.ਜੀ.ਸੀ. ਅਤੇ ਦੇਸ਼ ਦੇ ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਦੇ 24 ਮੀਡੀਆ ਸੈਂਟਰਾਂ ਵਿੱਚੋਂ ਇੱਕ ਨੂੰ ਪ੍ਰਾਪਤ ਹੋਏ ਹਨ। ਸਪੇਸ ਅਤੇ ਤਕਨਾਲੋਜੀ ਵਿਭਾਗ ਇਸ ਪ੍ਰਮੁੱਖ ਪ੍ਰੋਜੈਕਟ ਅਧੀਨ ਜੀ.ਐਸ.ਏ.ਟੀ. ਸੀਰੀਜ਼ ਸੈਟੇਲਾਈਟ ਲਈ ਦੋ ਟਰਾਂਸਪੋਂਡਰਜ਼ ਵੀ ਪ੍ਰਦਾਨ ਕਰਨ ਲਈ ਸਹਿਮਤ ਹੋ ਗਿਆ ਹੈ। ਸਰਕਾਰ ਸਪੇਸ ਅਤੇ ਤਕਨਾਲੋਜੀ ਦੀ ਵਰਤੋਂ ਕਰਕੇ “ਲਾਈਵ ਕਲਾਸਰੂਮ“ ਪ੍ਰਣਾਲੀ ਨੂੰ ਚੈਨਲਾਂ ਤੇ ਪ੍ਰਸਾਰਨ ਕਰਦਿਆਂ ਵਿਦਿਆਰਥੀਆਂ ਨੂੰ ਉਚ ਪੱਧਰੀ ਸਿੱਖਿਆ ਉਪਲਬਧ ਕਰਵਾਉਣਾ ਚਾਹੁੰਦੀ ਹੈ। ਇਹ ਚੈਨਲ ਦੂਰਦਰਸ਼ਨ ਦੇ ਮੁਫਤ ਡਿਸ਼ ਡੀ.ਟੀ.ਐਚ. ਸੁਵਿਧਾ ਰਾਹੀਂ ਮੁਫਤ ਪ੍ਰਦਾਨ ਕੀਤੇ ਜਾਣਗੇ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਚੈਨਲਾਂ ਦੀ ਪ੍ਰਾਪਤੀ ਲਈ ਕੇਵਲ ਇੱਕ ਸੈੱਟਅਪ ਬਾਕਸ ਦੀ ਜ਼ਰੂਰਤ ਹੋਵੇਗੀ। ਹਰ ਚੈਨਲ ਲਈ ਇੱਕ ਆਨਲਾਈਨ ਫੋਰਮ ਦੀ ਵਿਵਸਥਾ ਕੀਤੀ ਜਾਵੇਗੀ ਤਾਂ ਕਿ ਵਿਦਿਆਰਥੀਆਂ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਅਤੇ ਹੋਰ ਸੰਦੇਹ ਪੂਰਵਕ ਗੱਲਾਂ ਦਾ ਨਿਵਾਰਣ ਕੀਤਾ ਜਾ ਸਕੇ।

Leave a Reply

Your email address will not be published. Required fields are marked *