ਪਟਿਆਲਾ

ਇੰਡੀਆਨਾ ਦੀ ਯੂਨੀਵਰਸਿਟੀ ਆਫ਼ ਇੰਡੀਆਨਾਪੋਲਿਸ ਦੇ ਵਫ਼ਦ ਨੇ ਕੀਤਾ ਪੰਜਾਬੀ ਯੂਨੀਵਰਸਿਟੀ ਦਾ ਦੌਰਾ

ਦੋਹਾਂ ਯੂਨੀਵਰਸਿਟੀਆਂ ਦਰਮਿਆਨ ਅਕਾਦਮਿਕ ਸਾਂਝੇਦਾਰੀ ਦੀਆਂ ਸੰਭਾਵਨਾਵਾਂ ਬਾਰੇ ਕੀਤੀ ਚਰਚਾ

ਪਟਿਆਲਾ, 8 ਅਕਤੂਬਰ (ਰਮਨਦੀਪ/ਮਧੂਸਾਰ ਬਿਊਰੋ) ਇੰਡੀਆਨਾ ਦੀ ਯੂਨੀਵਰਸਿਟੀ ਆਫ਼ ਇੰਡੀਆਨਾਪੋਲਿਸ ਦੇ ਇੱਕ ਵਫ਼ਦ ਵੱਲੋਂ ਪੰਜਾਬੀ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ। ਇਸ ਵਫ਼ਦ ਵਿੱਚ ਯੂਨੀਵਰਸਿਟੀ ਆਫ਼ ਇੰਡੀਆਪੋਲਿਸ ਤੋਂ ਪ੍ਰੈਜ਼ੀਡੈਂਟ ਪ੍ਰੋ. ਤਨੁਜਾ ਸਿੰਘ, ਪ੍ਰੋਵੋਸਟ ਅਤੇ ਵਾਈਸ-ਪ੍ਰੈਜ਼ੀਡੈਂਟ ਪ੍ਰੋ. ਕ੍ਰਿਸ ਪਲਫ਼ ਅਤੇ ਟਾਟਾ ਇੰਸਟੀਚੂਟ ਆਫ਼ ਸੋਸ਼ਲ ਸਾਇੰਸਜ਼ ਤੋਂ ਪ੍ਰੋ ਅਸ਼ਵਨੀ ਕੁਮਾਰ ਸ਼ਾਮਿਲ ਸਨ। ਇਸ ਵਫ਼ਦ ਵੱਲੋਂ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਵੱਖ-ਵੱਖ ਵਿਭਾਗ ਦੇ ਮੁਖੀਆਂ ਨਾਲ਼ ਗੱਲਬਾਤ ਕੀਤੀ ਗਈ। ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਅਤੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਦੱਸਿਆ ਕਿ ਇਸ ਗੱਲਬਾਤ ਦੌਰਾਨ ਦੋਹਾਂ ਯੂਨੀਵਰਸਿਟੀਆਂ ਦਰਮਿਆਨ ਅਕਾਦਮਿਕ ਸਾਂਝੇਦਾਰੀ ਅਤੇ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਤਲਾਸ਼ ਹਿਤ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੋਹੇਂ ਯੂਨੀਵਰਸਿਟੀਆਂ ਦੇ ਪ੍ਰਤੀਨਿਧੀਆਂ ਨੇ ਵੱਖ-ਵੱਖ ਵਿਸ਼ਿਆਂ, ਅਨੁਸ਼ਾਸਨਾਂ ਅਤੇ ਖੇਤਰਾਂ ਬਾਰੇ ਵਿਸਥਾਰ ਵਿੱਚ ਚਰਚਾ ਕਰਦਿਆਂ ਦੋਹਾਂ ਯੂਨੀਵਰਸਿਟੀਆਂ ਦੀ ਦਿਲਚਸਪੀ ਅਤੇ ਮੁਹਾਰਤ ਵਾਲ਼ੇ ਅਕਾਦਮਿਕ ਖੇਤਰਾਂ ਬਾਰੇ ਜਾਣਿਆ। ਸੰਵਾਦ ਦੌਰਾਨ ਬਹੁਤ ਸਾਰੇ ਖੇਤਰਾਂ ਵਿੱਚ ਭਵਿੱਖ ਵਿੱਚ ਇਕੱਠਿਆਂ ਕੰਮ ਦੀਆਂ ਸੰਭਾਵਨਾਵਾਂ ਬਾਰੇ ਸਹਿਮਤੀ ਬਣੀ। ਇਸ ਸਾਂਝ ਨੂੰ ਅਮਲੀ ਜਾਮਾ ਪ੍ਰਦਾਨ ਕਰਨ ਲਈ ਭਵਿੱਖ ਵਿੱਚ ਦੋਹੇਂ ਅਦਾਰੇ ਰਸਮੀ ਰੂਪ ਵਿੱਚ ਇਕਰਾਰਨਾਮਾ (ਐੱਮ. ਓ. ਯੂ.) ਕਰਨ ਲਈ ਰਾਜ਼ੀ ਹੋਏ ਹਨ ਜਿਸ ਲਈ ਜਲਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਪ੍ਰੋ. ਤਨੁਜਾ ਸਿੰਘ ਦੀ ਅਗਵਾਈ ਵਾਲ਼ੇ ਇਸ ਵਫ਼ਦ ਨੇ ਦੱਸਿਆ ਕਿ ਉਹ ਪੰਜਾਬੀ ਯੂਨੀਵਰਸਿਟੀ ਦੀਆਂ ਅਕਾਦਮਿਕ ਗਤੀਵਿਧੀਆਂ ਅਤੇ ਖੋਜ ਖੇਤਰਾਂ ਬਾਰੇ ਜਾਣਨ ਉਪਰੰਤ ਉਹ ਸਾਂਝੇਦਾਰੀ ਵਿੱਚ ਕੰਮ ਕਰਨ ਲਈ ਉਤਸੁਕ ਹਨ। ਇਸ ਮੌਕੇ ਹਾਜ਼ਰ ਡਾਇਰੈਕਟਰ, ਯੋਜਨਾ ਅਤੇ ਨਿਰੀਖਣ ਪ੍ਰੋ. ਜਸਵਿੰਦਰ ਬਰਾੜ, ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. ਬਲਰਾਜ ਸਿੰਘ, ਡੀਨ ਖੋਜ ਪ੍ਰੋ. ਏ.ਕੇ.ਤਿਵਾੜੀ, ਡੀਨ ਅੰਤਰਰਾਸ਼ਟਰੀ ਮਾਮਲੇ, ਪ੍ਰੋ. ਵੀ.ਕੇ. ਮਦਾਨ ਤੋਂ ਇਲਾਵਾ ਮਨੋਵਿਗਿਆਨ, ਮੈਨੇਜਮੈਂਟ, ਫਿਜ਼ੀਓਥੈਰੇਪੀ ਅਤੇ ਯੂਨੀਵਰਸਿਟੀ ਕਾਲਜ ਆਫ਼ ਇੰਜੀਨੀਅਰਿੰਗ ਤੋਂ ਸਾਰੇ ਵਿਭਾਗਾਂ ਦੇ ਮੁਖੀ ਹਾਜ਼ਰ ਰਹੇ। ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਦਮਨਜੀਤ ਸੰਧੂ ਨੇ ਦੱਸਿਆ ਕਿ ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੋਗ ਵਿਦਿਆਰਥੀਆਂ ਨੂੰ ਵਜ਼ੀਫ਼ਾ ਪ੍ਰਦਾਨ ਕਰਨ ਦੇ ਵਿਚਾਰ ਬਾਰੇ ਵੀ ਗੱਲਬਾਤ ਹੋਈ ਜਿਸ ਸੰਬੰਧੀ ਯੂਨੀਵਰਸਿਟੀ ਆਫ਼ ਇੰਡੀਆਨਾਪੋਲਿਸ ਨੇ ਸਾਕਾਰਾਤਮਕ ਹੁੰਗਾਰਾ ਭਰਿਆ। ਫਿਜ਼ੀਓਥੈਰੇਪੀ ਵਿਭਾਗ ਦੇ ਮੁਖੀ ਡਾ. ਸੋਨੀਆ ਨੇ ਦੱਸਿਆ ਕਿ ਇੰਡੀਆਨਾਪੋਲਿਸ ਯੂਨੀਵਰਸਿਟੀ ਦੇ ਇਸ ਵਫ਼ਦ ਨੇ ਜੀਰੋਨਟੋਲੋਜੀਕਲ ਫਿਜ਼ੀਓਥੈਰੇਪੀ ਦੇ ਖੇਤਰ ਵਿੱਚ ਆਪਸੀ ਸਬੰਧਾਂ ਨੂੰ ਵਿਕਸਤ ਕਰਨ ਵਿੱਚ ਵਿਸ਼ੇਸ਼ ਦਿਲਚਸਪੀ ਵਿਖਾਈ ਹੈ। ਦੋਹਾਂ ਅਦਾਰਿਆਂ ਵੱਲੋਂ ਸਾਂਝੇਦਾਰੀ ਦੇ ਸ਼ੁਰੂਆਤੀ ਕਦਮ ਵਜੋਂ ਕਾਉਂਸਲਿੰਗ ਮਨੋਵਿਗਿਆਨ, ਫਿਜ਼ੀਓਥੈਰੇਪੀ, ਬਿਜ਼ਨਸ ਐਡਮਿਨਿਸਟ੍ਰੇਸ਼ਨ, ਮਕੈਨੀਕਲ ਇੰਜੀਨੀਅਰਿੰਗ ਅਤੇ ਦਿਲਚਸਪੀ ਦੇ ਹੋਰ ਸਾਂਝੇ ਖੇਤਰਾਂ ਵਿੱਚ ਸਾਂਝੇ ਖੋਜ ਪ੍ਰੋਜੈਕਟ ਉਲੀਕਣ ਅਤੇ ਸ਼ਾਰਟ ਟਰਮ ਕੋਰਸਾਂ ਦੇ ਆਯੋਜਨ ਸੰਬੰਧੀ ਚਰਚਾ ਕੀਤੀ ਗਈ।

Leave a Reply

Your email address will not be published. Required fields are marked *