ਬੁੱਢਾ ਦਲ ਵੱਲੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਬੁੱਢਾ ਦਲ ਦਾ 411ਵਾਂ ਸਥਾਪਨਾ ਦਿਵਸ 8 ਨਵੰਬਰ ਨੂੰ ਮਨਾਇਆ ਜਾਵੇਗਾ: ਸ. ਬੇਦੀ
ਸ੍ਰੀ ਅਨੰਦਪੁਰ ਸਾਹਿਬ:- 05 ਨਵੰਬਰ (ਮਧੂਸਾਰ ਬਿਊਰੋ) ਨਿਹੰਗ ਸਿੰਘਾਂ ਦੀ ਗੁਰੂ ਕਾਲ ਤੋਂ ਚੱਲੀ ਆਉਂਦੀ ਪੁਰਾਤਨ ਸੰਸਥਾ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਇੱਕ ਲਿਖਤੀ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਵਨ ਪਵਿੱਤਰ ਨਗਰੀ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਲੋਕ ਗਬਨ ਧਾਰਨ ਦੇ ਅਸਥਾਨਪੁਰ ਨਿਹੰਗ ਸਿੰਘ ਜਥੇਬੰਦੀਆਂ ਦੀ ਮੁੱਖ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ 14ਵੇਂ ਮੁਖੀ ਵੱਲੋਂ ਮਾਨਯੋਗ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜਥੇਦਾਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੇ ਪੰਜ ਪਿਆਰੇ ਸਾਹਿਬਾਨ, ਗੁ: ਲੰਗਰ ਸਾਹਿਬ ਦੇ ਸੰਤ ਸਾਹਿਬਾਨ ਅਤੇ ਗੁਰਦੁਆਰਾ ਸੱਚਖੰਡ ਬੋਰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦਾ 411ਵਾਂ ਸਥਾਪਨਾ ਵਰਦਾਨ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬੁੱਢਾ ਦਲ ਦਾ ਹੀ 316ਵਾਂ ਸਾਜਨਾ ਦਿਵਸ ਨੂੰ ਸਮਰਪਿਤ ਤਖ਼ਤ ਸੱਚਖੰਡ ਸ਼੍ਰੀ ਹਜੂਰ ਸ੍ਰੀ ਅਬਿਚਲਨਗਰ ਸਾਹਿਬ ਨਾਂਦੇੜ ਮਹਾਂਰਾਸਟਰ ਵਿੱਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਇਸ ਪ੍ਰਥਾਏ ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਗੁਰੂ ਲੰਗਰਾਂ ਲਈ 201 ਦੇਸੀ ਘਿਓ ਦੇ ਟੀਨ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ ਦੀ ਅਗਵਾਈ ਵਿੱਚ ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਬੂਟਾ ਸਿੰਘ ਲੰਬਵਾਲੀ ਅਤੇ ਬੇਅੰਤ ਨਿਹੰਗ ਸਿੰਘ ਫੌਜਾਂ ਦੀ ਟੀਮ ਵੀ ਭੇਜੀ ਗਈ ਹੈ ਅਤੇ ਮਿਤੀ 06 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਮਿਤੀ 08 ਨਵੰਬਰ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 8:30 ਵਜੇ ਭੋਗ ਪਵੇਗਾ। ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਰਾਤ 7:30 ਤੋ 11:00 ਵੱਜੇ ਤੱਕ ਗੁਰਬਾਣੀ ਸ਼ਬਦ ਕੀਰਤਨ ਦਰਬਾਰ ਹੋਵੇਗਾ। ਜਿਸ ਵਿੱਚ ਖਾਲਸਾ ਪੰਥ ਦੇ ਮਹਾਨ ਕੀਰਤਨੀਏ ਭਾਈ ਬਲਬੀਰ ਸਿੰਘ ਹਜ਼ੂਰੀ ਰਾਗੀ ਚੰਡੀਗੜ੍ਹ ਵਾਲੇ, ਭਾਈ ਕਿਸ਼ੋਰ ਸਿੰਘ ਹਜ਼ੂਰੀ ਰਾਗੀ ਜਥਾ ਹਜ਼ੂਰ ਸਾਹਿਬ, ਪ੍ਰਚਾਰਕ ਵਿਦਵਾਨਜਨ ਹਾਜ਼ਰੀ ਭਰਨਗੇ। ਇਸ ਗੁਰਮਤਿ ਸਮਾਗਮ ਵਿੱਚ ਸਿੰਘ ਸਾਹਿਬ ਗਿ. ਰਘਬੀਰ ਸਿੰਘ ਮੁਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਸਿੰਘ ਸਾਹਿਬ ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਗੁ: ਲੰਗਰ ਸਾਹਿਬ ਕਾਰ ਸੇਵਾ ਵਾਲੇ, ਬਾਬਾ ਨਾਗਰ ਸਿੰਘ ਤਰਨਾਦਲ ਹਰੀਆਂ ਵੇਲਾਂ, ਭਾਈ ਜੋਧਬੀਰ ਸਿੰਘ ਨਨਕਾਣਾ ਸਾਹਿਬਵਾਲੇ, ਮਾਤਾ ਵਿਪਨਪ੍ਰੀਤ ਕੌਰ ਮੁਖੀ ਬਾਬਾ ਕੁੰਦਨ ਸਿੰਘ ਚੈਰੀਟੇਬਲ ਭਲਾਈ ਟਰੱਸਟ ਲੁਧਿਆਣਾ ਆਦਿ ਧਾਰਮਿਕ ਸਖ਼ਸ਼ੀਅਤਾਂ ਹਾਜ਼ਰੀ ਭਰਨਗੀਆਂ। ਇਸ ਗੁਰਮਤਿ ਸਮਗਾਮ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪਾਸ ਗੁਰੂ ਸਾਹਿਬਾਨਾਂ ਦੀਆਂ ਅਨਿਨ ਬਖਸ਼ਿਸ਼ਾਂ ਪੁਰਾਤਨ ਇਤਿਹਾਸਕ ਸ਼ਸਤ੍ਰਾਂ, ਅਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਵੀ ਕਰਵਾਏ ਜਾਣਗੇ ਅਤੇ ਇਨ੍ਹਾਂ ਦੀ ਇਤਿਹਾਸਕ ਭੂਮਿਕਾ ਵੀ ਸੰਗਤਾਂ ਨਾਲ ਸਾਂਝੀ ਕੀਤੀ ਜਾਵੇਗੀ।

