ਪਟਿਆਲਾ

ਮੁਖਮੰਤਰੀ ਭਗਵੰਤ ਮਾਨ ਏਡਿਡ ਸਕੂਲ ਭਾਈਚਾਰੇ ਦੀਆਂ ਮੰਗਾਂ ਤੁਰੰਤ ਮੰਨ ਕੇ ਆਪਣਾ ਵਾਅਦਾ ਪੂਰਾ ਕਰਨ: ਯੂਨੀਅਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਪੰਜਾਬ ਸਟੇਟ ਏਡਿਡ ਸਕੂਲ ਟੀਚਰਜ਼ ਐਂਡ ਅਦਰ ਇੰਪਲਾਈਜ ਯੂਨੀਅਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹ ਮੰਗ ਕੀਤੀ ਹੈ ਕਿ ਉਹ ਪੰਜਾਬ ਦੇ ਏਡਿਡ ਸਕੂਲਾਂ ਵਿੱਚ ਏਡਿਡ ਪੋਸਟਾਂ ਤੇ ਕੰਮ ਕਰ ਰਹੇ ਅਤੇ ਰਿਟਾਇਰ ਹੋਏ ਕਰਮਚਾਰੀਆਂ ਤੇ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕਰਨ, ਸੀ ਐਂਡ ਵੀ ਕੈਡਰ ਦੇ ਗਰੇਡ ਪੇ ਦੇ ਅੜਿੱਕੇ ਨੂੰ ਖ਼ਤਮ ਕਰਨ ਦੇ ਨਾਲ ਨਾਲ ਬਾਕੀ ਦੀਆਂ ਮੰਗਾਂ ਤੁਰੰਤ ਮੰਨ ਕੇ ਆਪਣਾ ਵਾਅਦਾ ਪੂਰਾ ਕਰਨ। ਆਪਣੀਆਂ ਉਪਰੋਕਤ ਮੰਗਾਂ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪੁਜਾਉਣ ਲਈ ਯੂਨੀਅਨ ਦੀ ਸੂਬਾ ਪੱਧਰੀ ਮੁਹਿੰਮ ਦੌਰਾਨ ਜ਼ਿਲ੍ਹਾ ਪਟਿਆਲਾ ਇਕਾਈ ਦਾ ਇੱਕ ਵਫ਼ਦ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਸ਼ਵਨੀ ਕੁਮਾਰ ਮਦਾਨ ਅਤੇ ਪ੍ਰਿੰਸੀਪਲ ਰਿਪੁਦਮਨ ਸਿੰਘ ਦੇ ਯੋਗ ਮਾਰਗਦਰਸ਼ਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਪਾਲ ਦੀ ਯੋਗ ਅਗਵਾਈ ਵਿੱਚ ਡੀ ਸੀ ਦਫਤਰ ਪਟਿਆਲਾ ਵਿਖੇ ਪੁੱਜਾ। ਡਿਪਟੀ ਕਮਿਸ਼ਨਰ ਦੇ ਮੌਕੇ ਤੇ ਮੌਜੂਦ ਨਾ ਹੋਣ ਕਾਰਨ ਇਹ ਵਫ਼ਦ ਐਸ ਡੀ ਐਮ ਪਟਿਆਲਾ ਸ਼੍ਰੀਮਤੀ ਮਨਜੀਤ ਕੌਰ ਪੀਸੀਐਸ ਨੂੰ ਮਿਲਿਆ। ਇਸ ਵਫ਼ਦ ਦੁਆਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ।

ਇਸ ਮੰਗ ਪੱਤਰ ਵਿੱਚ ਸੂਬੇ ਦੇ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿੱਚ ਕੰਮ ਕਰ ਰਹੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੇ ਨਾਲ ਨਾਲ ਰਿਟਾਇਰ ਹੋ ਚੁੱਕੇ ਕਰਮਚਾਰੀਆਂ ਨੂੰ ਸਾਰੇ ਸਰਕਾਰੀ ਸਕੂਲਾਂ ਦੇ ਕਰਮਚਾਰੀਆਂ ਵਾਂਗ ਛੇਵੇਂ ਪੇ ਕਮਿਸ਼ਨ ਦੇ ਲਾਭ ਤੁਰੰਤ ਪ੍ਰਭਾਵ ਨਾਲ ਪ੍ਰਦਾਨ ਕਰਨ ਦੀ ਪੁਰਜੋਰ ਮੰਗ ਕੀਤੀ ਗਈ। ਉਹਨਾਂ ਇਸ ਮੌਕੇ ਤੇ ਇਹ ਵੀ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਅਤੇ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦੇ ਬਾਵਜ਼ੂਦ ਇਸ ਮਾਮਲੇ ਵਿੱਚ ਕੋਈ ਪ੍ਰਗਤੀ ਨਹੀਂ ਹੋਈ ਹੈ ਅਤੇ ਵਿਭਾਗ ਵਲੋਂ ਬੇਤੁਕੇ ਬਹਾਨੇਬਾਜੀ ਨਾਲ ਮਾਮਲੇ ਨੂੰ ਨਾਜਾਇਜ ਤਰੀਕੇ ਨਾਲ ਲਟਕਾਇਆ ਜਾ ਰਿਹਾ ਹੈ ਜੋਕਿ ਪੂਰੀ ਤਰ੍ਹਾਂ ਗ਼ਲਤ ਹੈ। ਛੇਵੇਂ ਪੇ ਕਮਿਸ਼ਨ ਨੂੰ ਤੁਰੰਤ ਲਾਗੂ ਕਰਵਾਉਣ ਦੇ ਨਾਲ ਨਾਲ ਸੀ ਐਂਡ ਵੀ ਕਾਡਰ ਦੀ ਗਰੇਡ ਪੇ ਆਦਿ ਸਮੱਸਿਆਵਾਂ ਨੂੰ ਵੀ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਮੰਗ ਵੀ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਸੂਬਾ ਜਨਰਲ ਸਕੱਤਰ ਸ਼ਰਨਜੀਤ ਸਿੰਘ ਕਦਿਮਜਰਾ ਵੱਲੋਂ ਪੁਰਜੋਰ ਢੰਗ ਨਾਲ ਕੀਤੀ ਗਈ। ਇਸ ਸੰਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਦ ਸਿੱਧੇ ਤੌਰ ਤੇ ਦਖਲ ਦੇ ਕੇ ਇਹਨਾਂ ਸਮਸਿਆਵਾਂ ਦੇ ਹੱਲ ਲਈ ਯੂਨੀਅਨ ਦੇ ਨਾਲ ਸਿੱਖਿਆ ਅਤੇ ਵਿੱਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਕਰਵਾਉਣ ਦੀ ਮੰਗ ਵੀ ਕੀਤੀ ਗਈ। ਐਸ ਡੀ ਐਮ ਸਾਹਿਬਾ ਨੇ ਡਿਪਟੀ ਕਮਿਸ਼ਨਰ ਦੇ ਮਾਧਿਅਮ ਰਾਹੀਂ ਇਹ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਨੂੰ ਭੇਜਣ ਦਾ ਪੂਰੀ ਸੰਜ਼ੀਦਗੀ ਨਾਲ ਭਰੋਸਾ ਦਿਵਾਇਆ। ਇਸ ਮੌਕੇ ਤੇ ਵਾਈਸ ਪ੍ਰਿੰਸੀਪਲ ਦਿਨੇਸ਼ ਸ਼ਰਮਾ, ਵਾਈਸ ਪ੍ਰਿੰਸੀਪਲ ਪੰਕਜ ਕੌਸ਼ਲ, ਪੂਰਵ ਸੂਬਾ ਕਾਰਜਕਾਰਨੀ ਮੈਂਬਰ ਅਨਿਲ ਕੁਮਾਰ ਭਾਰਤੀ, ਰਜਨੀਸ਼ ਸ਼ਰਮਾ ਅਤੇ ਸੁਨੀਲ ਗਰਗ ਵੀ ਮੌਜ਼ੂਦ ਸਨ।

Leave a Reply

Your email address will not be published. Required fields are marked *