ਕੇਜਰੀਵਾਲ “ਪੁਜਾਰੀ ਅਤੇ ਗ੍ਰੰਥੀ ਸਾਡੇ ਸਮਾਜ ਦਾ ਇੱਕ ਅਹਿਮ ਹਿੱਸਾ ਮਿਲੇਗਾ 18000 ਮਾਸਕ ਦੇਣ ਦਾ ਵਾਅਦਾ
ਨਵੀਂ ਦਿੱਲੀ, 30 ਦਸੰਬਰ (ਮਧੂਸਾਰ ਬਿਊਰੋ) ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਆਗਾਮੀ ਚੋਣਾਂ ਵਿਚ ਮੁੜ ਦਿੱਲੀ ’ਚ ਸੱਤਾ ਸੰਭਾਲਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਹਿੰਦੂ ਮੰਦਰਾਂ ਪੁਜਾਰੀਆਂ ਅਤੇ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ 18,000 ਰੁਪਏ ਦਾ ਮਹੀਨਾਵਾਰ ਭੱਤਾ ਦੇਣ ਲਈ ‘ਪੁਜਾਰੀ ਗ੍ਰੰਥੀ ਸਨਮਾਨ ਯੋਜਨਾ’ (‘Pujari Granthi Samman Yojana’) ਸ਼ੁਰੂ ਕਰੇਗੀ। ਉਨ੍ਹਾਂ ਦਾ ਇਹ ਐਲਾਨ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਇਆ ਹੈ, ਜਿਸ ਵਿੱਚ ‘ਆਪ’ ਲਗਾਤਾਰ ਚੌਥੀ ਵਾਰ ਸੱਤਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।
ਕੇਜਰੀਵਾਲ ਨੇ ਕਿਹਾ, “ਪੁਜਾਰੀ ਅਤੇ ਗ੍ਰੰਥੀ ਸਾਡੇ ਸਮਾਜ ਦਾ ਇੱਕ ਅਹਿਮ ਹਿੱਸਾ ਹਨ, ਪਰ ਉਹ ਅਕਸਰ ਇੱਕ ਅਣਗੌਲਿਆ ਵਰਗ ਹੁੰਦੇ ਹਨ। ਦੇਸ਼ ਵਿੱਚ ਪਹਿਲੀ ਵਾਰ, ਅਸੀਂ ਉਨ੍ਹਾਂ ਦੀ ਸਹਾਇਤਾ ਲਈ ਇੱਕ ਯੋਜਨਾ ਪੇਸ਼ ਕਰ ਰਹੇ ਹਾਂ, ਜਿਸ ਤਹਿਤ ਉਨ੍ਹਾਂ ਨੂੰ 18,000 ਰੁਪਏ ਦਾ ਮਾਸਕ ਭੱਤਾ ਮਿਲੇਗਾ।” ਇਸ ਯੋਜਨਾ ਲਈ ਰਜਿਸਟਰੇਸ਼ਨ ਮੰਗਲਵਾਰ ਤੋਂ ਸ਼ੁਰੂ ਹੋਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਮੰਗਲਵਾਰ ਨੂੰ ਕਨਾਟ ਪਲੇਸ ਦੇ ਹਨੂੰਮਾਨ ਮੰਦਰ ਦਾ ਦੌਰਾ ਕਰਨਗੇ ਤਾਂ ਜੋ ਉੱਥੇ ਪੁਜਾਰੀਆਂ ਲਈ ਰਜਿਸਟਰੇਸ਼ਨ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਭਰ ਦੇ ਹੋਰ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਵੀ ‘ਆਪ’ ਵਰਕਰਾਂ ਦੁਆਰਾ ਰਜਿਸਟਰੇਸ਼ਨ ਕੀਤੀ ਜਾਵੇਗੀ ਕੇਜਰੀਵਾਲ ਨੇ ਭਾਜਪਾ ‘ਤੇ ਉਨ੍ਹਾਂ ਦੀ ਪਾਰਟੀ ਦੀਆਂ ਕਈ ਭਲਾਈ ਯੋਜਨਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਗਾਇਆ।
ਉਨ੍ਹਾਂ ਕਿਹਾ, “ਜਿਵੇਂ ਭਾਜਪਾ ਨੇ ਪੁਲੀਸ ਭੇਜ ਕੇ ਮਹਿਲਾ ਸਨਮਾਨ ਯੋਜਨਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਕਰ ਸਕੀ, ਉਸੇ ਤਰ੍ਹਾਂ ਉਨ੍ਹਾਂ ਨੂੰ ‘ਪੁਜਾਰੀ-ਗ੍ਰੰਥੀ ਸਨਮਾਨ’ ਯੋਜਨਾ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਭਾਜਪਾ ਅਜਿਹਾ ਕਰਕੇ ਬਹੁਤ ਵੱਡਾ ਪਾਪ ਕਰੇਗੀ।’’
ਉਨ੍ਹਾਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, “ਇਹ ਯੋਜਨਾ ਸਮਾਜ ਵਿੱਚ ਉਨ੍ਹਾਂ ਦੇ ਅਧਿਆਤਮਿਕ ਯੋਗਦਾਨ ਅਤੇ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਉਨ੍ਹਾਂ ਦੇ ਯਤਨਾਂ ਨੂੰ ਸ਼ਰਧਾਂਜਲੀ ਹੈ।” ਉਂਝ ਸਾਬਕਾ ਮੁੱਖ ਮੰਤਰੀ ਨੇ ਰਜਿਸਟਰੇਸ਼ਨ ਪ੍ਰਕਿਰਿਆ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ ਨਹੀਂ ਦੱਸੇ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਮਾਣਭੱਤਾ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਦੀ ਗਿਣਤੀ ਲਈ ਰਜਿਸਟਰੇਸ਼ਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨਸ਼ਰ ਕੀਤੀ ਜਾਵੇਗੀ।

