ਹਰਿਆਣਾ ਦੇ ਸੀਨੀਅਰ ਨਾਗਰਿਕ ਸਰਕਾਰੀ ਖਰਚ ‘ਤੇ ਕਰ ਸਕਣਗੇ ਮਹਾਕੁੰਭ ਤੀਰਥ ਦੇ ਦਰਸ਼ਨ
ਚੰਡੀਗੜ੍ਹ, 16 ਜਨਵਰੀ (ਮਧੂਸਾਰ ਬਿਊਰੋ) ਹਰਿਆਣਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਤਹਿਤ ਹੁਣ ਗਰੀਬ ਪਰਿਵਾਰ ਦੇ ਬਜੁਰਗਾਂ ਨੂੰ ਸਰਕਾਰੀ ਖਰਚ ‘ਤੇ ਪ੍ਰਯਾਗਰਾਜ ਸਥਿਤ ਮਹਾਕੁੰਭ ਤੀਰਥ ਦੇ ਦਰਸ਼ਨ ਕਰਵਾਏ ਜਾਣਗੇ। ਯੋਜਨਾ ਤਹਿਤ ਸਰਕਾਰ ਵੱਲੋਂ ਹਰੇਕ ਜਿਲ੍ਹੇ ਤੋਂ ਯੋਗ ਸੀਨੀਅਰ ਨਾਗਰਿਕਾਂ ਨੂੰ ਮਹਾਕੁੰਭ ਤੀਰਥ ਦਰਸ਼ਨ ਲਈ ਭੇਜਿਆ ਜਾਵੇਗਾ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੌਜੂਦਾ ਸਰਕਾਰ ਦੇ 100 ਦਿਨ ਦੀ ਉਪਲਬਧਤੀਆਂ ਨੂੰ ਲੈ ਕੇ ਅੱਜ ਇੱਥੇ ਬੁਲਾਈ ਗਈ ਪ੍ਰਸਾਸ਼ਨਿਕ ਸਕੱਤਰਾਂ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਇਹ ਐਲਾਨ ਕੀਤਾ।
ਵਰਨਣਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਤਹਿਤ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੋਗ ਬਜੁਰਗਾਂ ਨੂੰ ਅਯੋਧਿਆ ਵਿਚ ਰਾਮਲੱਲਾ ਦੇ ਦਰਸ਼ਨ ਕਰਵਾਏ ਗਏ। ਇਸ ਯੋਜਨਾ ਵਿਚ ਸ੍ਰੀ ਮਾਤਾ ਵੈਸ਼ਣੋ ਦੇਵੀ ਅਤੇ ਸ਼ਿਰਡੀ ਸਾਈਂ ਤੀਰਥ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਹੁਣ ਯੋਜਨਾ ਦਾ ਦਾਇਰਾ ਵਧਾਉਂਦੇ ਹੋਏ ਬਜੁਰਗਾਂ ਨੂੰ ਅਯੋਧਿਆ, ਮਾਤਾ ਵੈਸ਼ਣੋ ਦੇਵੀ ਅਤੇ ਸ਼ਿਰਡੀ ਤੋਂ ਇਲਾਵਾ ਪ੍ਰਯਾਗਰਾਜ ਵਿਚ ਚੱਲ ਰਹੇ ਮਹਾਕੁੰਭ ਤੀਰਥ ਦੇ ਵੀ ਦਰਸ਼ਨ ਵੀ ਕਰਵਾਏ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਮੌਜੂਦ ਸਰਕਾਰ ਦੇ 100 ਦਿਨ ਦੇ ਕਾਰਜਕਾਲ ਵਿਚ ਖੇਤੀ, ਸਿਖਿਆ, ਸਿਹਤ, ਸਮੇਤ ਸਾਰੇ ਖੇਤਰਾਂ ਦੇ ਵਿਕਾਸ ਲਈ ਕਈ ਅਹਿਮ ਕਦਮ ਚੁੱਕੇ ਗਏ ਹਨ। ਮੁੱਖ ਮੰਤਰੀ ਨੇ ਪਹਿਲੇ 100 ਦਿਨਾਂ ਅਤੇ ਅਗਲੇ ਪੰਜ ਸਾਲਾਂ ਦੇ ਜਨਹਿਤ ਦੇ ਏਜੰਡੇ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਅਧਿਕਾਰੀਆਂ ਤੋਂ ਵਿਸਥਾਰ ਨਾਲ ਚਰਚਾ ਕੀਤੀ।

