ਸ਼ਹਿਰ ਦੇ ਵਾਰਡ ਨੰ: 44 ਵਿਚ ਘਰਾਂ ਨੂੰ ਲੱਗਣ ਲੱਗੇ ਸ਼ਟਰ
ਹਰੀਆਂ ਚੰਦਰਾ ਪਾ ਕੇ ਵਾਰਡ ਅੰਦਰ ਹੋ ਰਹੀ ਇਮਾਰਤਸਾਜ਼ੀ ਜ਼ੋਰਾਂ ’ਤੇ
ਪਟਿਆਲਾ 16 ਜੂਨ (ਮਧੂਸਾਰ ਬਿਊਰੋ) ਸ਼ਾਹੀ ਸ਼ਹਿਰ ਪਟਿਆਲਾ ਅੰਦਰ ਲੰਮੇ ਸਮੇਂ ਤੋਂ ਹੋ ਰਹੀ ਇਮਾਰਤਸਾਜ਼ੀ ਜ਼ੋਰਾਂ ’ਤੇ ਚੱਲ ਰਹੀ ਹੈ ਇਸ ਰੁਝਾਨ ਨੂੰ ਸਮੇਂ ਦੀਆਂ ਸਰਕਾਰਾਂ ਕਦੇ ਵੀ ਠੱਲ੍ਹ ਨਹੀਂ ਪਾ ਸਕੀਆਂ ਇਹ ਇਮਾਰਤਸਾਜ਼ੀ ਇਸ ਪੱਧਰ ਦੀ ਹੋ ਰਹੀ ਹੈ ਕਿ ਸ਼ਹਿਰ ਤੰਗ ਹੁੰਦਾ ਹੁੰਦਾ ਏਨਾ ਤੰਗ ਹੋ ਗਿਆ ਹੈ ਕਿ ਸ਼ਹਿਰ ਦੇ ਲੋਕ ਹੁਣ ਚੱਲਣ ਫਿਰਨ ਤੋਂ ਵੀ ਕੰਨੀ ਕਤਰਾਉਂਦੇ ਨਜ਼ਰ ਆਉਂਦੇ ਹਨ।
ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਕੋਈ ਹੀ ਹਿੱਸਾ ਬਚਿਆ ਹੋਵੇਗਾ, ਜਿਥੇ ਸਿੱਧੇ ਅਸਿੱਧੇ ਢੰਗ ਨਾਲ ਕਬਜ਼ੇ ਨਾ ਹੋਏ ਹੋਣ। ਇਸ ਰੁਝਾਨ ਨੇ ਸ਼ਹਿਰ ਅੰਦਰ ਕੋਈ ਵੀ ਜਗਾ ਖ਼ਾਲੀ ਨਹੀਂ ਛੱਡੀ ਮੌਜੂਦਾ ਸਮੇਂ ਅੰਦਰ ਹਾਲਾਤ ਇਸ ਕਦਰ ਹਨ ਕਿ ਹਾਕਮ ਧਿਰ ਦੇ ਆਗੂਆਂ ਤੇ ਨਿਗਮ ਅੰਦਰ ਜ਼ਿੰਮੇਵਾਰੀਆਂ ਲੈ ਕੇ ਵਾਰਡਾਂ ਨੂੰ ਚਲਾਉਣ ਵਾਲੇ ਕਦੇ ਪਾਰਕਾਂ ਵਾਲੀਆਂ ਥਾਵਾਂ ’ਤੇ ਕਬਜ਼ੇ ਕਰ ਰਹੇ ਹਨ ਅਤੇ ਕਿਤੇ ਵਾਰਡ ਅੰਦਰਲੇ ਰਿਹਾਇਸ਼ੀ ਇਲਾਕਿਆਂ ਵਿਚਲੇ ਘਰਾਂ ਨੂੰ ਹੀ ਸ਼ਟਰ ਲਗਵਾ ਕੇ ਆਪਣੇ ਸ਼ੋਅ ਰੂਮ ਅਤੇ ਦੁਕਾਨਾਂ ਬਣਾਉਣ ਨੂੰ ਤਰਜੀਹ ਦੇਣ ਲੱਗ ਪਏ ਹਨ ਅਜਿਹਾ ਹੀ ਇਕ ਮਾਮਲਾ ਵਾਰਡ ਨੰ: 44 ਵਿਚ ਵੇਖਣ ਨੂੰ ਮਿਲ ਰਿਹਾ ਹੈ, ਜਿੱਥੋਂ ਇਕ ਤਸਵੀਰ ਸਾਫ਼ ਤੌਰ ’ਤੇ ਦੱਸ ਰਹੀ ਹੈ ਕਿ ਪਹਿਲਾਂ ਵਾਰਡ ਅੰਦਰ ਘਰ ਨੂੰ ਦਰਵਾਜ਼ਾ ਲੱਗਿਆ ਵਿਖਾਈ ਦੇ ਰਿਹਾ ਅਤੇ ਦੂਜੇ ਪਾਸੇ ਸ਼ੋਅ ਰੂਮ ਦੇ ਹਿਸਾਬ ਨਾਲ ਸ਼ਟਰ ਲਗਾ ਦਿੱਤਾ ਗਿਆ, ਜਿਸ ਤੋਂ ਸਪੱਸ਼ਟ ਹੈ ਕਿ ਅਜਿਹਾ ਬਗੈਰ ਆਪਣੀ ਜੇਬ ਭਰ ਨਹੀਂ ਕੀਤਾ ਜਾ ਸਕਦਾ। ਇਸ ਬਾਰੇ ਜ਼ਿਆਦਾ ਤਾਂ ਵਾਰਡ ਨਾਲ ਸਬੰਧਿਤ ਹਾਕਮ ਧਿਰ ਦੇ ਲੋਕ ਜਾਂ ਨਿਗਮ ਅੰਦਰ ਬੈਠੇ ਅਧਿਕਾਰੀ ਹੀ ਦੱਸ ਸਕਦੇ ਹਨ ਕਿ ਜੇਬ ਕਿਸ ਪਾਸੇ ਦੀ ਗਰਮ ਤੇ ਕਿਸ ਪਾਸੇ ਦੀ ਢਿੱਲੀ ਹੋਈ ਹੈ। ਵਾਰਡ ਅੰਦਰ ਸਬੰਧਤ ਵਿਅਕਤੀਆਂ ਦਾ ਹੱਥ ਇਸ ਕਦਰ ਪੈਂਦਾ ਕਿ ਹੁਣ ਤਾਂ ਵਾਰਡ ਅੰਦਰਲੇ ਘਰਾਂ ਦੀਆਂ ਛੱਤਾਂ ਵੀ ਹਰੀਆਂ ਚਾਦਰਾਂ ਤੇ ਫਲੈਕਸ ਬੋਰਡਾਂ ਦੇ ਸਹਾਰੇ ਲੈਂਟਰ ਪਾ ਕੇ ਉੱਚੀਆਂ ਚੁੱਕੀਆਂ ਜਾ ਰਹੀਆਂ ਹਨ, ਜਿਸ ਤੋਂ ਸਪੱਸ਼ਟ ਹੋ ਕਿ ਘਰ ਵਾਲੇ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ ਕਿਉਂਕਿ ਸ਼ਹਿਰ ਦੇ ਮੇਅਰ ਸਮੇਤ ਸਿਆਸੀ ਵਿਅਕਤੀ ਲੁਧਿਆਣਾ ਜ਼ਿਮਨੀ ਵਿਚ ਹਾਜ਼ਰੀ ਯਕੀਨੀ ਬਣਾ ਰਹੇ, ਪਿਛਲੇ ਪਾਸੇ ਲੈ ਕੇ ਦੇ ਕੇ ਸ਼ਹਿਰ ਵਿਚ ਲੈਂਟਰ ਪਾਉਣ ਦਾ ਰੁਝਾਨ ਚੱਲ ਰਿਹਾ ਹੈ।
ਸ਼ਹਿਰ ਦੇ ਲੋਕਾਂ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ’ਤੇ ਆਖਿਆ ਕਿ ਕਿਸੇ ਨਾ ਕਿਸੇ ਦੀ ਸ਼ਹਿ ’ਤੇ ਸ਼ਹਿਰ ਅੰਦਰ ਇਮਾਰਤਸਾਜ਼ੀ ਜ਼ੋਰਾਂ ’ਤੇ ਚੱਲ ਰਹੀ ਹੈ ਤੇ ਕਿਤੇ ਵੀ ਕੋਈ ਖ਼ਾਲੀ ਥਾਂ ਬਚਦੀ ਵਿਖਾਈ ਦਿੰਦੀ ਹੋਵੇ ਤਾਂ ਭੂਮਾਫੀਏ ਅਤੇ ਸਿਆਸਤ ਨਾਲ ਜੁੜੇ ਵਿਅਕਤੀ ਕਬਜ਼ਾ ਕਰਨ ਨੂੰ ਤਰਜੀਹ ਦਿੰਦੇ ਹਨ । ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੇ ਗੱਲ ਕੀਤੀ ਜਾਵੇ ਤਾਂ ਛੋਟੀ ਸਬਜ਼ੀ ਮੰਡੀ, ਰਾਘੋਮਾਜਰਾ, ਕਿਲ੍ਹਾ ਚੌਂਕ, ਸਨੌਰੀ ਅੱਡਾ, ਘੇਰ ਸੋਢੀਆਂ,ਆਰੀਆ ਸਮਾਜ, ਪੀਲੀ ਸੜਕ,ਲਾਹੌਰੀ ਗੇਟ ਅੰਦਰ ਕੋਈ ਆਪਣੀ ਦੁਕਾਨ ਨੂੰ ਸ਼ੋਅ ਰੂਮ ਬਣਾ ਰਿਹਾ, ਕੋਈ ਘਰ ਦੇ ਬਾਹਰ ਸ਼ਟਰ ਕੱਢ ਰਿਹਾ, ਕੋਈ ਲੈਂਟਰ ਉੱਚੇ ਚੁੱਕਣ ਦਾ ਕੰਮ ਕਰ ਰਿਹਾ ਤੇ ਕੋਈ ਇਮਾਰਤਾਂ ਖੜਦੀਆਂ ਕਰਦਾ ਨਜ਼ਰ ਆਉਂਦਾ। ਲੋਕਾਂ ਦਾ ਕਹਿਣਾ ਅਜਿਹਾ ਸਾਰਾ ਕੁਝ ਮੋਟੀਆਂ ਕਮਾਈਆਂ ਕਰਨ ਲਈ ਕੀਤਾ ਜਾ ਰਿਹਾ ਅਤੇ ਨਿਗਮ ਦੇ ਖ਼ਜ਼ਾਨੇ ਨੂੰ ਚੂਨਾ ਲਗਾ ਕੇ ਆਪਣੀਆਂ ਜੇਬਾਂ ਭਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

