ਖਾਲਸਾ ਮੁਹੱਲਾ ਗੁਰਦੁਆਰਾ ਦੀ ਜਗ੍ਹਾ ਦੀ ਮਾਲਕੀ ਝਗੜੇ ਦਾ ਮਾਮਲਾ ਵਿਧਾਨ ਸਭਾ ‘ਚ ਗੂੰਜਿਆ
ਵਕਫ ਬੋਰਡ ਦੇ ਹੱਕ ਵਿਚ ਕਬਜ਼ਾ ਵਾਰੰਟ ਜਾਰੀ
ਪਟਿਆਲਾ: ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲੇ ਤੋਂ ਵਿਧਾਇਕਾਂ ਪ੍ਰਨੀਤ ਕੌਰ ਨੇ ਖਾਲਸਾ ਮੁਹੱਲਾ ਗੁਰਦੁਆਰਾ ਦੀ ਜਗ੍ਹਾ ਦੀ ਮਾਲਕੀ ਦੇ ਝਗੜੇ ਦਾ ਮਾਮਲਾ ਅੱਜ ਵਿਧਾਨ ਸਭਾ ਵਿੱਚ ਬੜੇ ਜ਼ੋਰ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਗੁਰਦੁਆਰੇ ਦਾ ਮਾਮਲਾ ਮਹੱਤਵਪੂਰਨ ਤੇ ਸੰਵੇਦਨਸ਼ੀਲ ਮੁੱਦਾ ਹੈ, ਜਿਸ ਵਿਚ ਸਰਕਾਰ ਨੂੰ ਫੌਰੀ ਦਖਲ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ 2 ਅਗਸਤ ਨੂੰ ਸਾਰਾ ਮਾਮਲਾ ਸਰਕਾਰ ਦੇ ਧਿਆਨ ਵਿਚ ਲਿਆਂਦਾ, ਜਿਸ ਬਾਰੇ ਅੱਜ ਤੱਕ ਕੋਈ ਜਵਾਬ ਤੱਕ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਮਾਮਲਾ ਉਸ ਜਗ੍ਹਾ ਦੀ ਮਾਲਕੀ ਦੇ ਝਗੜੇ ਨਾਲ ਸੰਬੰਧਿਤ ਹੈ, ਜਿੱਥੇ ਹੁਣ ਖਾਲਸ਼ਾ ਮੁਹੱਲਾ ਪਟਿਆਲਾ ਵਿੱਚ ਇੱਕ ਗੁਰਦੁਆਰਾ ਬਣਿਆ ਹੋਇਆ ਹੈ।
ਪੰਜਾਬ ਵਕਫ ਬੋਰਡ ਦਾ ਦਾਅਵਾ ਹੈ ਕਿ ਇਸ ਜਗਾਹ ਤੇ 1947 ਤੋਂ ਪਹਿਲਾਂ ਇੱਕ ਮਸਜਿਦ ਹੁੰਦੀ ਸੀ। ਵਕਫ ਬੋਰਡ ਨੇ ਇਸ ਮੁੱਦੇ ਤੇ ਸਿਵਲ ਕੋਰਟ ਵਿੱਚ ਮੁਕੱਦਮਾ ਕਰ ਦਿੱਤਾ, ਅਤੇ ਅਦਾਲਤ ਨੇ ਹੁਣ ਕਈ ਸਾਲਾਂ ਦੀ ਮੁਕੱਦਮੇਬਾਜ਼ੀ ਤੋਂ ਬਾਅਦ ਵਕਫ ਬੋਰਡ ਦੇ ਹੱਕ ਵਿੱਚ ਕਬਜਾ ਵਾਰੰਟ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਈ ਸ਼ੱਕ ਨਹੀਂ ਕਿ 1947 ਤੋਂ ਪਹਿਲਾਂ ਇਸ ਜਗਾਹ ਵਿੱਚ ਸਾਰੀ ਦੀ ਸਾਰੀ ਮੁਸਲਿਮ ਅਬਾਦੀ ਹੁੰਦੀ ਸੀ। ਮਸਜਿਦ ਵੀ ਜਰੂਰ ਹੁੰਦੀ ਹੋਵੇਗੀ। ਪ੍ਰੰਤੂ ਸਾਰੀ ਮੁਸਲਿਮ ਅਬਾਦੀ ਦੇਸ਼ ਦੀ ਵੰਡ ਮੌਕੇ ਪਾਕਿਸਤਾਨ ਚਲੀ ਗਈ। ਵੰਡ ਤੋਂ ਬਾਅਦ ਬਹੁਤ ਸਾਰੇ ਲੋਕ ਪੱਛਮੀ ਪਾਕਿਸਤਾਨ ਤੋਂ ਉੱਜੜ ਕੇ ਆਏ। ਉਹਨਾਂ ਨੂੰ ਪਟਿਆਲਾ ਨਗਰ ਵਿੱਚ ਵਸਾਇਆ ਗਿਆ। ਇਹ ਇਲਾਕੇ ਵਿੱਚ ਹੁਣ ਸਹਿਰੀ ਸਿੱਖਾਂ ਦੀ ਪੂਰੀ ਵਸੋਂ ਹੈ। ਉਹਨਾਂ ਨੇ ਆਪਣੀਆਂ ਧਾਰਮਿਕ ਲੋੜਾਂ ਲਈ ਇੱਕ ਗੁਰਦੁਆਰਾ ਵੀ ਸਥਾਪਿਤ ਕਰ ਲਿਆ ਜਿਸ ਦਾ ਪ੍ਰਬੰਧ ਇੱਕ ਸਥਾਨਿਕ ਕਮੇਟੀ ਵੇਖਦੀ ਹੈ। ਜ਼ਮੀਨੀ ਹਕੀਕਤ ਦੇ ਮੱਦੇ-ਏ-ਨਜਰ, ਇਸ ਝਗੜੇ ਵਿੱਚ ਹੁਣ ਤੱਕ ਕਿਵੇਂ ਨਾ ਕਿਵੇਂ ਸਟੇਟਸ ਕੋ ਬਣਾਇਆ ਹੋਇਆ ਹੈ। ਇਸ ਏਰੀਏ ਵਿੱਚ ਮੁਕੰਮਲ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ, ਪ੍ਰੰਤੂ ਅਦਾਲਤ ਨੇ ਹੁਣ ਕਬਜ਼ਾ ਵਾਰੰਟ ਦੀ ਪੁਲਿਸ ਅਤੇ ਡਿਊਟੀ ਮੈਜਿਸਟਰੇਟ ਦੀ ਮਦਦ ਨਾਲ ਤਾਮੀਲ ਦਾ ਹੁਕਮ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਝਗੜੇ ਵਾਲੀ ਥਾਂ ਦਾ ਕਿਸੇ ਵੀ ਤਰੀਕੇ ਨਾਲ ਕਬਜ਼ਾ ਲੈਣ ਦੀ ਕੋਈ ਕੋਸ਼ਿਸ਼ ਕੀਤੀ ਗਈ, ਤਾਂ ਭੈੜੇ ਹਾਲਾਤ ਬਣ ਜਾਣਗੇ, ਜਿਸਦੇ ਬਹੁਤ ਭਿਆਨਕ ਸਿੱਟੇ ਹੋਣਗੇ। ਮੌਜੂਦਾ ਹਾਲਤ ਵਿਚ ਕੋਈ ਵੀ ਉਨ੍ਹਾਂ ਦਾ ਸਾਹਮਣਾ ਕਰਨਦਾ ਹੌਂਸਲਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਦੀ ਸਹਿਮਤੀ ਲਈ ਵਕਫ ਬੋਰਡ ਵਾਲਿਆਂ ਨੂੰ ਭਰੋਸੇ ਵਿਚ ਲੈਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਗੱਲ ਸਿਰੇ ਨਹੀਂ ਚੜ ਸਕੀ। ਉਨ੍ਹਾਂ ਕਿਹਾ ਕਿ ਵਕਫ ਬੋਰਡ ਦੇ ਕਲੇਮ ਤੇ ਕੋਈ ਕਿੰਤੂ ਪ੍ਰੰਤੂ ਨਹੀਂ, ਪ੍ਰੰਤੂ ਅਸੀਂ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਸਬੰਧੀ ਵਿਚ ਫੌਰੀ ਦਖਲ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਇਸ ਮਾਮਲੇ ‘ਤੇ ਫੌਰੀ ਧਿਆਨ ਨਾ ਦਿੱਤਾ ਗਿਆ ਤਾਂ ਹਾਲਾਤ ਖੂਨ ਖਰਾਬੇ ਵਾਲੇ ਬਣ ਸਕਦੇ ਹਨ ਅਜਿਹਾ ਨਾ ਹੋਵੇ ਕਿ ਦੇਰੀ ਦੀ ਸੂਰਤ ਵਿਚ ਅਮਨ ਸ਼ਾਂਤੀ ਨੂੰ ਲਾਬੂ ਲੱਗ ਜਾਵੇ।

