ਪੰਜਾਬਪਟਿਆਲਾ

ਸਰਕਾਰ ਪਟਿਆਲਾ-ਸਰਹਿੰਦ ਸੜਕ ਨੂੰ ਚੌੜਾ ਕਰਨ ਦੇ ਕਾਰਜ ਨੂੰ ਜਲਦ ਮੁਕੰਮਲ ਕਰੇ : ਪ੍ਰੋਂ ਬਡੂੰਗਰ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕੀਤਾ ਜਾ ਸਕਦਾ ਪਟਿਆਲਾ-ਸਰਹਿੰਦ ਸੜਕੀ ਮਾਰਗ

ਪਟਿਆਲਾ 10 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਰਕਾਰ ਵੱਲੋਂ ਪਟਿਆਲਾ-ਸਰਹਿੰਦ ਸੜਕ ਨੂੰ ਚੌੜਾ ਕਰਨ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਇਸ ਕੰਮ ਨੂੰ ਜਲਦ ਮੁਕੰਮਲ ਕਰਨ ਲਈ ਆਖਿਆ ਹੈ। ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪਟਿਆਲਾ-ਸਰਹਿੰਦ ਸੜਕ ਨੂੰ ਚੌੜਾ ਕਰਨ ਦਾ ਕੰਮ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਜੇਕਰ ਸਰਕਾਰ ਇਸ ਸੜਕ ਦੇ ਕੰਮ ਨੂੰ ਸ਼ਹੀਦੀ ਜੋੜ ਮੇਲ ਤੋਂ ਪਹਿਲਾਂ 30 ਨਵੰਬਰ ਤੱਕ ਮੁਕੰਮਲ ਕਰ ਲਵੇ ਤਾਂ ਅਚਾਨਕ ਵਾਪਰਦੇ ਸੜਕ ਹਾਦਸੇ ਅਤੇ ਹਾਦਸੇ ਦੌਰਾਨ ਅਜਾਈਂ ਜਾਂਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਪਿਛਲੇ ਸਮਿਆਂ ਵਿਚ ਅਨੇਕਾਂ ਹੀ ਸੜਕ ਹਾਦਸੇ ਇਸ ਤੰਗ ਸੜਕ ਕਾਰਨ ਵਾਪਰੇ ਹਨ । ਉਨ੍ਹਾਂ ਕਿਹਾ ਕਿ ਸਰਕਾਰ ਸੜਕ ਨੂੰ ਚੌੜਾ ਕਰਨ ਦੇ ਕੰਮ ਦੇ ਨਾਲ ਨਾਲ ਇਸ ਸੜਕ ਉਪਰ ਡਿਵਾਈਡਰ ਨੂੰ ਵੀ ਬਣਵਾ ਦੇਵੇ ਤਾਂ ਜੋ ਇਸ ਸੜਕ ਉਪਰੋਂ ਲੰਘਦੇ ਤੇਜ਼ ਗਤੀ ਵਾਲੇ ਵਾਹਨ ਅਤੇ ਮੁਸਾਫਰ ਆਪੋ ਆਪਣੀਆਂ ਮੰਜਿਲ਼ਾਂ ਤੇ ਸਮੇਂ ਸਿਰ ਪੁੱਜ ਜਾਣ।
ਪ੍ਰੋਂ ਬਡੂੰਗਰ ਨੇ ਸਰਕਾਰ ਦੇ ਧਿਆਨ ਵਿਚ ਇਹ ਵੀ ਲਿਆਂਦਾ ਹੈ ਕਿ ਜਿਥੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾ ਰਹੀ ਅਤੇ ਇਸ ਸਬੰਧ ਵਿਚ ਵੱਖ ਵੱਖ ਥਾਵਾਂ ਤੋਂ ਨਗਰ ਕੀਰਤਨ ਵੀ ਕੱਢੇ ਜਾ ਰਹੇ ਹਨ, ਜਿਸ ਤਹਿਤ ਸਰਕਾਰ ਵੀ 350 ਸਾਲਾਂ ਸ਼ਹੀਦੀ ਸਮਾਗਮਾਂ ਦੇ ਕਾਰਜਾਂ ਵਿਚ ਜੁਟੀ ਨਜ੍ਚਰ ਆ ਰਹੀ ਹੈ। ਸਾਬਕਾ ਪ੍ਰਧਾਨ ਪ੍ਰੋਂ ਬਡੂੰਗਰ ਨੇ ਕਿਹਾ ਕਿ ਇਸ ਨਾਲੋਂ ਵੀ ਚੰਗਾ ਹੋਵੇਗਾ ਕਿ ਸਰਕਾਰ ਪਟਿਆਲਾ-ਸਰਹਿੰਦ ਰੋਡ ਦਾ ਨਾਮ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਾਰਗ ਐਲਾਨ ਦੇਵੇ, ਜਿਸ ਨਾਲ ਸਰਕਾਰ ਵੱਲੋਂ ਕੀਤਾ ਜਾਣਾ ਵਾਲਾ ਇਹ ਵੀ ਕਾਰਜ ਸਦੀਵੀ ਯਾਦਗਾਰੀ ਕਾਰਜ ਹੋ ਨਿਬੜੇਗਾ। ਪ੍ਰੋਂ ਬਡੂੰਗਰ ਨੇ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਪਟਿਆਲਾ-ਸਰਹਿੰਦ ਮਾਰਗ ਦੇ ਸੜਕੀ ਕਾਰਜ ਨੂੰ ਜਲਦ ਮੁਕੰਮਲ ਕਰੇ ਅਤੇ ਇਸ ਮਾਰਗ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਹੇਠ ਸਮਰਪਿਤ ਕਰ ਦੇਵੇ।

Leave a Reply

Your email address will not be published. Required fields are marked *