ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਖੁਰਾਕ ਜਾਗਰੂਕਤਾ ਸਮਾਗਮ
ਫਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਫੂਡ ਪ੍ਰੋਸੈਸਿੰਗ ਟੈਕਨਾਲੋਜੀ ਵਿਭਾਗ ਵੱਲੋਂ ਅੰਤਰਰਾਸ਼ਟਰੀ ਖੁਰਾਕ ਨੁਕਸਾਨ ਅਤੇ ਬਰਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ‘ਤੇ ਵਿਭਾਗ ਇੰਚਾਰਜ ਡਾ. ਰੂਪਿੰਦਰ ਪਾਲ ਸਿੰਘ ਨੇ ਵਿਸਥਾਰਪੂਰਵਕ ਲੈਕਚਰ ਦਿੰਦਿਆਂ ਖੁਰਾਕ ਦੇ ਨੁਕਸਾਨ ਅਤੇ ਬਰਬਾਦੀ ਦੇ ਵਧਦੇ ਸਮੱਸਿਆਪੂਰਨ ਰੁਝਾਨ ਅਤੇ ਇਸਦੇ ਭੋਜਨ ਸੁਰੱਖਿਆ, ਵਾਤਾਵਰਣ ਅਤੇ ਅਰਥਵਿਵਸਥਾ ਉੱਤੇ ਨਕਾਰਾਤਮਕ ਪ੍ਰਭਾਵ ਬਾਰੇ ਵਿਸ਼ਲੇਸ਼ਣ ਕੀਤਾ। ਉਨ੍ਹਾਂ ਨੇ ਖੁਰਾਕ ਦੇ ਉਤਪਾਦਨ, ਵੰਡ ਅਤੇ ਖਪਤ ਵਿਚ ਟਿਕਾਊ ਪਦਤੀਆਂ ਅਪਣਾਉਣ ‘ਤੇ ਜ਼ੋਰ ਦਿੱਤਾ।
ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਖਾਣ-ਪੀਣ ਦੀਆਂ ਆਦਤਾਂ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਕਦੇ ਵੀ ਖਾਣਾ ਬਰਬਾਦ ਨਾ ਕਰਨ ਲਈ ਕਿਹਾ। ਸਮਾਗਮ ਦੀ ਕੋਆਰਡੀਨੇਸ਼ਨ ਬੀਬਾ ਕੋਮਲਪ੍ਰੀਤ ਕੌਰ, ਇੰਚਾਰਜ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਨੇ ਕੀਤੀ। ਵਿਭਾਗ ਦੇ ਅਧਿਆਪਕਾਂ ਅਤੇ ਬੀ.ਟੈਕ ਫੂਡ ਪ੍ਰੋਸੈਸਿੰਗ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਵੀ ਸਮਾਗਮ ਵਿਚ ਸਰਗਰਮ ਹਿੱਸਾ ਲਿਆ। ਵਿਦਿਆਰਥਣਾਂ ਕਸ਼ਿਸ਼ ਬੱਸੀ, ਜਸਪ੍ਰੀਤ ਕੌਰ ਅਤੇ ਜਸ਼ਨਪ੍ਰੀਤ ਕੌਰ ਨੇ ਇਸ ਦਿਵਸ ਦੀ ਮਹੱਤਤਾ ਬਾਰੇ ਸੰਖੇਪ ਜਾਣਕਾਰੀ ਪੇਸ਼ ਕੀਤੀ। ਵਿਦਿਆਰਥੀਆਂ ਵੱਲੋਂ ਇਸ ਮੌਕੇ ਪੋਸਟਰ ਵੀ ਬਣਾਏ ਗਏ। ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਵਿਭਾਗ ਦੇ ਯਤਨਾਂ ਦੀ ਸਰਾਹਨਾ ਕੀਤੀ। ਵਾਈਸ-ਚਾਂਸਲਰ ਡਾ. ਪਰਿਤ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਮਹੱਤਵਪੂਰਣ ਮੁੱਦੇ ਤੇ ਸੰਵੇਦਨਸ਼ੀਲ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

