ਪੰਜਾਬ

ਝੋਨੇ ਦੀ ਖਰੀਦ ਪਹਿਲੀ ਅਕਤੂਬਰ ਤੋਂ ਜੋਰ ਸ਼ੋਰ ਨਾਲ ਸ਼ੁਰੂ ਕੀਤੀ ਜਾਵੇਗੀ : ਸੁਖਬੀਰ ਸਿੰਘ ਬਾਦਲ

ਪਹਿਲੇ ਦਿਨ ਤੋਂ ਹੀ ਝੋਨੇ ਦੀ ਖਰੀਦ ਦੇ ਨਾਲ-ਨਾਲ ਚੁਕਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ
ਖਰੀਦ ਅਤੇ ਚੁਕਾਈ ਸਬੰਧੀ ਰੋਜਾਨਾ ਰਿਪੋਰਟ ਪੇਸ਼ ਕਰਨ ਲਈ ਕਿਹਾ
ਚੰਡੀਗੜ੍ਹ, 13 ਸਤੰਬਰ (ਮਧੂਸਾਰ ਬਿਊਰੋ)
ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕਿਸਾਨੀ ਖੇਤਰ ਨੂੰ ਸੱਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ ਅਤੇ ਸਰਕਾਰ ਇਸ ਖੇਤਰ ਨਾਲ ਜੁੜੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਮਾਪਦੰਡ ਅਪਣਾਉਨ ਲਈ ਤਿਆਰ ਹੈ।

ਇਥੇ ਝੋਨੇ ਦੀ ਖਰੀਦ ਸਬੰਧੀ ਹੋਈ ਮੀਟਿੰਗ ਦੌਰਾਨ ਇਹ ਖੁਲਾਸਾ ਕਰਦਿਆਂ ਉਪ ਮੁੱਖ ਮੰਤਰੀ ਨੇ ਹਾਜਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਾਜ ਭਰ ਅੰਦਰ ਹਰ ਹਾਲ ਵਿੱਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਖਰੀਦ ਆਰੰਭ ਹੋ ਜਾਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਇਸ ਪਹਿਲੇ ਹੀ ਦਿਨ ਤੋਂ ਚੁਕਾਈ ਵੀ ਆਰੰਭ ਕਰਨ ਉੱਤੇ ਵਿਸ਼ੇਸ਼ ਤਵੱਜੋ ਦਿੱਤੀ ਜਾਵੇ। ਸ. ਸੁਖਬੀਰ ਸਿੰਘ ਬਾਦਲ ਨੇ ਸਾਫ ਕੀਤਾ ਕਿ ਉਹ ਸਾਰੀ ਖਰੀਦ ਪ੍ਰਕ੍ਰਿਆ ਦੀ ਖੁਦ ਨਿਗਰਾਨੀ ਕਰਨਗੇ ਅਤੇ ਖਰੀਦ ਤੇ ਚੁਕਾਈ ਸਬੰਧੀ ਰੋਜਾਨਾ ਰਿਪੋਰਟ ਉਨ੍ਹਾਂ ਦੇ ਦਫਤਰ ਭੇਜੀ ਜਾਵੇ।
ਇਸ ਸਬੰਧੀ ਹੋਰ ਵਿਸਥਾਰ ਵਿੱਚ ਨਿਰਦੇਸ਼ ਜਾਰੀ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਭਰ ਦੀਆਂ ਸਾਰੀਆਂ ਮੰਡੀਆਂ ਦੀ ਸੂਚੀ ਅਖਬਾਰਾਂ ਰਾਹੀਂ ਜਾਰੀ ਕੀਤੀ ਜਾਵੇ ਅਤੇ ਇਸ ਵਿੱਚ ਸਬੰਧਤ ਮੰਡੀਆਂ ਵਿੱਚ ਖਰੀਦ ਪ੍ਰਕ੍ਰਿਆ ਸ਼ੁਰੂ ਹੋਣ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਹਰੇਕ ਮੰਡੀ ਤੋਂ ਝੋਨੇ ਦੀ ਖਰੀਦ ਦਾ ਕੰਮ ਘੱਟੋ-ਘੱਟ 3 ਸ਼ੈਲਰਾਂ ਨੂੰ ਦਿੱਤਾ ਜਾਵੇ ਅਤੇ ਇਸ ਸਬੰਧੀ ਸਾਰੀਆਂ ਤਿਆਰੀਆਂ 20 ਸਤੰਬਰ ਤੱਕ ਮੁਕੰਮਲ ਕਰ ਲਈਆਂ ਜਾਣ। ਉਨ੍ਹਾਂ ਕਿਹਾ ਕਿ ਖਰੀਦ ਪ੍ਰਕ੍ਰਿਆ ਲਈ ਫਿਰੋਜ਼ਪੁਰ ਅਤੇ ਫਾਜਿਲਕਾ ਨੂੰ ਇਕੱਠਿਆਂ ਨਿਜਿੱਠਿਆ ਜਾਵੇ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੀ ਖਰੀਦ ਪ੍ਰਕ੍ਰਿਆ ਨੂੰ ਕਾਮਯਾਬ ਬਨਾਉਣ ਲਈ ਹਰੇਕ ਜਿਲ੍ਹੇ ਦਾ ਡਿਪਟੀ ਕਮਿਸ਼ਨਰ ਹੀ ਆਪਣੇ ਜਿਲ੍ਹੇ ਦਾ ਨੋਡਲ ਅਫਸਰ ਹੋਵੇਗਾ। ਸ. ਬਾਦਲ ਨੇ ਕਿਹਾ ਕਿ ਝੋਨੇ ਦੀ ਖਰੀਦ ਪ੍ਰਕ੍ਰਿਆ ਨੂੰ ਯਕੀਨੀ ਬਨਾਉਣ ਲਈ ਲੋੜੀਂਦਾ ਸਟਾਫ ਖਰੀਦ ਤੋਂ ਕੁਝ ਦਿਨ ਪਹਿਲਾਂ ਹੀ ਸਬੰਧਤ ਮੰਡੀਆਂ ਵਿੱਚ ਪਹੁੰਚ ਕਰੇ ਤਾਂ ਜੋ ਖਰੀਦ ਪ੍ਰਕ੍ਰਿਆ ਨਾਲ ਸਬੰਧਤ ਸਾਰੇ ਪੱਖਾਂ ਨੂੰ ਸਮੇਂ ਸਿਰ ਜਾਂਚਿਆ ਜਾ ਸਕੇ।
ਮੀਟਿੰਗ ਵਿੱਚ ਹਾਜਿਰ ਅਧਿਕਾਰੀਆਂ ਨੇ ਉਪ ਮੁੱਖ ਮੰਤਰੀ ਨੂੰ ਯਕੀਨ ਦਿਵਾਇਆ ਕਿ ਟਰਾਂਸਪੋਰਟ, ਮਜ਼ਦੂਰ ਅਤੇ ਬੋਰੀਆਂ ਸਮੇਤ ਝੋਨੇ ਦੀ ਖਰੀਦ ਨਾਲ ਸਬੰਧਤ ਹਰੇਕ ਪੱਖ ਦਾ ਧਿਆਨ ਰੱਖਿਆ ਜਾਵੇਗਾ ਤਾਂ ਜੋ ਖਰੀਦ ਪ੍ਰਕ੍ਰਿਆ ਨੂੰ ਬਿਨਾ ਕਿਸੇ ਰੁਕਾਵਟ ਯਕੀਨੀ ਬਣਾਇਆ ਜਾ ਸਕੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਪੀ.ਐਸ.ਔਜਲਾ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਤਿਵਾੜੀ ਅਤੇ ਸ. ਮਨਵੇਸ਼ ਸਿੰਘ ਸਿੱਧੂ, ਸਕੱਤਰ ਸਿੰਚਾਈ ਸ. ਕਾਹਨ ਸਿੰਘ ਪੰਨੂ, ਸਕੱਤਰ ਮੰਡੀ ਬੋਰਡ ਤੇਜਿੰਦਰਪਾਲ ਸਿੰਘ ਸਿੱਧੂ, ਡਾਇਰੈਕਟਰ ਫੂਡ ਤੇ ਸਿਵਲ ਸਪਲਾਈ ਸ. ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਐਫ.ਸੀ.ਆਈ ਦੇ ਜਨਰਲ ਮੈਨੇਜਰ ਸ੍ਰੀ ਕੁਮਾਰ ਰਾਹੁਲ ਹਾਜਿਰ ਸਨ।

Leave a Reply

Your email address will not be published. Required fields are marked *