ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ : ਹਰਮੀਤ ਪਠਾਣਮਾਜਰਾ ਵੱਲੋਂ ਅਕਾਲੀ ਦਲ ਤੋਂ ਅਸਤੀਫ਼ਾ
ਹਲਕਾ ਸਨੌਰ ਤੋਂ ਅਜ਼ਾਦ ਚੋਣ ਲੜਾਂਗਾ
ਕੰਵਰ ਬੇਦੀ
ਪਟਿਆਲਾ : ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਯੂਥ ਅਕਾਲੀ ਦਲ ਦੀ ਕੌਰ ਕਮੇਟੀ ਦੇ ਮੈਂਬਰ ਅਤੇ ਯੂਥ ਅਕਾਲੀ ਦਲ ਹਲਕਾ ਦਿਹਾਤੀ ਦੇ ਸਾਬਕਾ ਪ੍ਰਧਾਨ ਹਰਮੀਤ ਸਿੰਘ ਪਠਾਣਮਾਜਰਾ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ।
ਪਿੰਡ ਪਠਾਣਮਾਜਰਾ ਵਿਖੇ ਹਰਮੀਤ ਸਿੰਘ ਪਠਾਣਮਾਜਰਾ ਨਾਲ ਲੰਮੇ ਸਮੇਂ ਤੋਂ ਚਲਦੇ ਆ ਰਹੇ ਸਮਰਥਕਾਂ ਤੇਵਰਕਰਾਂ ਨੇ ਭਰਵਾਂ ਇਕੱਠ ਕੀਤਾ, ਜਿਸ ਵਿਚ ਹਲਕਾ ਸਨੌਰ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਰਾਏ ਸਹਿਮਤੀ ਦਿੱਤੀ, ਜਿਸ ਉਪਰੰਤ ਸਾਰਿਆਂ ਨੇ ਪਠਾਣਮਾਜਰਾ ਨਾਲ ਚੱਲਣ ਦਾ ਐਲਾਨ ਕਰ ਦਿੱਤਾ ਹਲਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਪਿਛਲੇ 10-15 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਲਈ ਆਪਣਾ ਆਪ ਵਾਰਨ ਵਾਲੇ ਜੁਝਾਰੂ ਤੇ ਨਿੱਧੜਕ ਆਗੂ ਹਰਮੀਤ ਸਿੰਘ ਪਠਾਣਮਾਜਰਾ ਦੀ ਬਾਂਹ ਨਹੀਂ ਫੜੀ ਗਈ, ਜਿਸ ਕਾਰਨ ਹਲਕਾ ਸਨੌਰ ਬੁਨਿਆਦੀ ਸਹੂਲਤਾਂ ਪੱਖੋਂ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ।
ਪੱਤਰਕਾਰ ਸੰਮੇਲਨ ਦੌਰਾਨ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਮੇਰਾ ਪਰਿਵਾਰ ਕਈ ਲੰਮੇ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ ਜੁੜ ਕੇ ਲੋਕ ਸੇਵਾ ਕਰਦਾ ਆ ਰਿਹਾ ਹੈ, ਜਿਸ ਦੀ ਸ਼੍ਰੋਮਣੀ ਅਕਾਲੀ ਦਲ ਨੇ ਕਦਰ ਨਹੀਂ ਪਾਈ। ਉਨ੍ਹਾਂ ਕਿਹਾ ਕਿ ਮੈਂ ਜੋ ਕੁਝ ਵੀ ਹਾਂ ਹਲਕਾ ਸਨੌਰ ਦੇ ਲੋਕਾਂ ਕਰਕੇ ਹਾਂ, ਜੋ ਹਮੇਸ਼ਾ ਮੇਰੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਤੁਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਪੁਰਜ਼ੋਰ ਮੰਗ ਸੀ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਨੂੰ ਉਮੀਦਵਾਰ ਬਣਾਵੇ ਤਾਂ ਜੋ ਹਲਕੇ ਦੇ ਲੋਕਾਂ ਦੀ ਲੰਮੇ ਸਮੇਂ ਤੱਕ ਸੇਵਾ ਕੀਤੀ ਜਾ ਸਕੇ।
ਪਠਾਣਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਕੰਮ ਕਰਦਿਆਂ ਉਨ੍ਹਾਂ ਨਿਰਸਵਾਰਥ ਸੇਵਾ ਕੀਤੀ ਅਤੇ ਜੋ ਫੈਸਲਾ ਅੱਜ ਲਿਆ ਗਿਆ ਉਹ ਵੀ ਹਲਕਾ ਸਨੌਰ ਦੇ ਲੋਕਾਂ ਦੀ ਸਹਿਮਤੀ ਤੇ ਸੇਵਾ ਕਰਨ ਲਈ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਨਾਲ ਸਮੇਂ ਨਾਲ ਰਾਜ ਕਰਦੀਆਂ ਆਈਆਂ ਸਰਕਾਰਾਂ ਨੇ ਵੱਡਾ ਧੋਖਾ ਕੀਤਾ ਅਤੇ ਪਿਛਲੇ 10 ਸਾਲਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਵੀ ਕੋਈ ਬਾਤ ਨਹੀਂ ਪੁੱਛੀ। ਉਨ੍ਹਾਂ ਕਿਹਾ ਕਿ ਹਲਕੇ ਵਿਚ ਕੋਈ ਬਹੁਪੱਖੀ ਵਿਕਾਸ ਨਹੀਂ ਹੋਇਆ, ਜਦਕਿ ਹੋਰਨਾਂ ਥਾਵਾਂ ‘ਤੇ ਵੱਡੀ ਪੱਧਰ ‘ਤੇ ਵਿਕਾਸ ਹੋਇਆ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦਾ ਵਿਕਾਸ ਨਾ ਹੋਣ ਦਾ ਮੁੱਖ ਕਾਰਨ ਵੀ ਬਾਹਰਲੇ ਉਮੀਦਵਾਰਾਂ ਨੂੰ ਉਤਾਰਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਸਨੌਰ ਦਾ ਇੰਚਾਰਜ ਬਦਲ ਦਿੱਤਾ, ਪ੍ਰੰਤੂ ਉਹ ਵੀ ਬਾਹਰੋਂ ਲਿਆ ਕੇ ਲੋਕਾਂ ‘ਤੇ ਥੋਪਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਉਮੀਦਵਾਰ ਹਲਕੇ ਦਾ ਰਹਿਣ ਵਾਲਾ ਹੋਵੇ ਜੋ ਕਿ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦਾ ਹੋਵੇ। ਉਨ੍ਹਾਂ ਕਿਹਾ ਕਿ ਇਲਾਕੇ ਸੜਕਾਂ ਦਾ ਮਸਲਾ, ਚੰਗੀਆਂ ਸਿਹਤ ਸਹੂਲਤਾਂ, ਮੁੰਡੇ ਕੁੜੀਆਂ ਲਈ ਕਾਲਜ ਖੋਲ੍ਹਣ ਦੀ ਮੰਗ, ਹੜ੍ਹਾਂ ਤੋਂ ਬਚਾਅ ਲਈ ਪੱਕਾ ਇੰਤਜ਼ਾਮ ਕਰਨਾ ਆਦਿ ਬਹੁਤ ਸਾਰੀਆਂ ਵੱਡੀਆਂ ਸਮੱਸਿਆਵਾਂ ਹਨ, ਜਿਨਾਂ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਧਿਆਨ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਪਿਛਲੀਆਂ 2012 ਦੀਆਂ ਚੋਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖ਼ੁਦ ਪ੍ਰਮਾਤਮਾ ਦੀ ਸਹੁੰ ਖਾ ਕੇ ਮੈਨੂੰ ਟਿਕਟ ਦਿੱਤੇ ਜਾਣ ਦੀ ਗੱਲ ਕੀਤੀ ਅਤੇ ਮੈਨੂੰ ਚੇਅਰਮੈਨ ਬਣਾਉਣ ਦਾ ਵਾਧਾ ਕੀਤਾ ਸੀ, ਜੋ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰ ਵਾਰ ਮੇਰੇ ਤੇ ਹਲਕਾ ਸਨੌਰ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ, ਜਿਸ ਕਾਰਨ ਅੱਜ ਮੈਂ ਅਸਤੀਫਾ ਦੇ ਕੇ ਅਜ਼ਾਦ ਤੌਰ ‘ਤੇ ਚੋਣ ਲੜਨ ਦਾ ਐਲਾਨ ਕੀਤਾ ਹੈ।
ਇਸ ਮੌਕੇ ਹਰਮੀਤ ਸਿੰਘ ਪਠਾਣਮਾਜਰਾ ਨੇ ਹਲਕੇ ਸਨੌਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਬਾਹਰਲੇ ਉਮੀਦਵਾਰਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਮੇਰੀ ਜਿੱਤ ਨੂੰ ਯਕੀਨੀ ਬਣਾਉਣ ਤਾਂ ਵਿਧਾਨ ਸਭਾ ‘ਚ ਪੁੱਜ ਕੇ ਲੋਕ ਮਸਲਿਆਂ ਦਾ ਹੱਲ ਕਰ ਸਕਾਂ।
ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਵਾਲਿਆਂ ‘ਚ ਰਾਜਵਿੰਦਰ ਸਿੰਘ ਢਿੱਲੋਂ, ਸਿਮਰਜੀਤ ਸਿੰਘ ਸੌਹਲ ਔਜਾ, ਬਲੀਹਾਰ ਸਿੰਘ ਚੀਮਾ ਬਹਾਦਰਗੜ੍ਹ, ਸਾਹਿਬ ਸਿੰਘ ਸੰਧੂ ਘੜਾਮ, ਪਲਵਿੰਦਰ ਸਿੰਘ ਘੜਾਮ, ਪੰਜਾਬ ਸਿੰਘ ਵਿਰਕ ਚੁੰਹਣ, ਜਥੇ. ਬਲਜੀਤ ਸਿੰਘ ਝੁੱਗੀਆਂ!, ਗੁਰਮੀਤ ਸਿੰਘ ਗਿੱਲ ਸਰਕਲ ਪ੍ਰਧਾਨ ਬਹਾਦਰਗੜ੍ਹ, ਸੂਬਾ ਸਿੰਘ ਸਰਪੰਚ ਸਮੱਸਪੁਰ, ਹਰਜੀਤ ਸਿੰਘ ਚਮਾਰਹੇੜੀ, ਹਰਜੀਤ ਸਿੰਘ ਬੈਹਿਲ, ਜਗਤਾਰ ਸਿੰਘ ਢਿਲੋਂ ਰਸੂਲਪੁਰ, ਪਲਵਿੰਦਰ ਸਿੰਘ ਸੈਫਦੀਪੁਰ, ਗੁਰਮੇਲ ਸਿੰਘ ਬਦੇਸ਼ਾ, ਜਸਬੀਰ ਸਿੰਘ ਮਿੱਠੂਮਾਜਰਾ, ਜਸਦੇਵ ਸਿੰਘ ਫੌਜੀ ਮਿੱਠੂਮਾਜਰਾ, ਪ੍ਰਿਤਪਾਲ ਸਿੰਘ ਸਾਬਕਾ ਐਮ ਸੀ, ਸੁਰਿੰਦਰ ਸਿੰਘ, ਜਥੇ. ਦਰਸ਼ਨ ਸਿੰਘ, ਬਲਵੰਤ ਸਿੰਘ ਪ੍ਰਧਾਨ ਝੁੱਗੀਆਂ, ਨਿਰਮਲ ਸਿੰਘ ਬੀਬੀਪੁਰ ਆਦਿ ਸ਼ਾਮਲ ਸਨ।

