ਪੰਜਾਬ

ਵਿਕਾਸ ਦੇ ਮਾਮਲੇ ਵਿੱਚ ਐੱਨ. ਡੀ. ਏ. ਸਰਕਾਰ ਲਈ ਪੰਜਾਬ ਤਰਜੀਹੀ ਸੂਬਾ-ਨਿਤਿਨ ਗਡਕਰੀ

ਕਿਹਾ! ਯੂ. ਪੀ. ਏ. ਸਰਕਾਰ ਜੋ 50 ਸਾਲਾਂ ਵਿੱਚ ਨਹੀਂ ਕਰ ਸਕੀ ਉਹ ਐੱਨ. ਡੀ. ਏ. ਪੰਜ ਸਾਲਾਂ ਵਿੱਚ ਕਰਕੇ ਦਿਖਾਏਗੀ
ਗਡਕਰੀ ਵੱਲੋਂ ਜਲੰਧਰ-ਅਜਮੇਰ ਅਤੇ ਦਿੱਲੀ-ਅੰਮ੍ਰਿਤਸਰ ਐੱਕਸਪ੍ਰੈੱਸਵੇਅ ਬਣਾਉਣ ਦਾ ਐਲਾਨ
ਲੁਧਿਆਣਾ, 14 ਸਤੰਬਰ (000)-ਸੜਕ ਆਵਾਜਾਈ, ਰਾਜ ਮਾਰਗ ਅਤੇ ਸ਼ਹਿਰੀ ਹਵਾਬਾਜ਼ੀ ਮੰੰੰਤਰਾਲੇ ਦੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਵਿਕਾਸ ਦੇ ਮਾਮਲੇ ਵਿੱਚ ਕੇਂਦਰ ਦੀ ਐੱਨ. ਡੀ. ਏ. ਸਰਕਾਰ ਲਈ ਪੰਜਾਬ ਤਰਜੀਹੀ ਸੂਬਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਹਿਲਾਂ ਹੀ ਹਜ਼ਾਰਾਂ ਕਰੋੜ ਰੁਪਏ ਨਾਲ ਵਿਕਾਸ ਕਾਰਜ ਜਾਰੀ ਹਨ ਜਦਕਿ ਇਸ ਤੋਂ ਕਿਤੇ ਜਿਆਦਾ ਵਿਕਾਸ ਕਾਰਜ ਬਹੁਤ ਜਲਦ ਸ਼ੁਰੂ ਹੋਣ ਜਾ ਰਹੇ ਹਨ। ਜੋ ਕਾਂਗਰਸ ਦੀ ਅਗਵਾਈ ਵਾਲੀਆਂ ਕੇਂਦਰ ਸਰਕਾਰਾਂ ਪਿਛਲੇ 50 ਸਾਲਾਂ ਦੌਰਾਨ ਨਹੀਂ ਕਰ ਸਕੀਆਂ ਉਹ ਐੱਨ. ਡੀ. ਏ. ਦੀ ਸਰਕਾਰ ਆਪਣੇ 5 ਸਾਲਾਂ ਦੇ ਕਾਰਜਕਾਲ ਵਿੱਚ ਕਰਕੇ ਦਿਖਾਏਗੀ।

ਸ੍ਰੀ ਗਡਕਰੀ ਨੇ ਇਹ ਵਿਚਾਰ ਅੱਜ ਸ਼ਹਿਰ ਲੁਧਿਆਣਾ ਵਿਖੇ 3212 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਭਾਰੀ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸ਼ਹਿਰ ਲੁਧਿਆਣਾ ਵਿੱਚ ਬਣਨ ਵਾਲੀ ਐਲੀਵੇਟਿਡ ਸੜਕ, ਚਾਰ ਮਾਰਗੀ ਲਾਡੋਵਾਲ ਬਾਈਪਾਸ ਅਤੇ ਲੁਧਿਆਣਾ-ਖਰੜ ਸੜਕ ਨੂੰ ਚਾਰ ਮਾਰਗੀ ਕਰਨਾ ਸ਼ਾਮਿਲ ਹੈ। ਇਨ੍ਹਾਂ ਪ੍ਰੋਜੈਕਟਾਂ ਦੇ ਬਣਨ ਨਾਲ ਇਕੱਲੇ ਜ਼ਿਲ੍ਹਾ ਲੁਧਿਆਣਾ ਨੂੰ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਵਿਕਾਸ ਦੀ ਗਤੀ ਨੂੰ ਨਵੀਂ ਦਿਸ਼ਾ ਮਿਲੇਗੀ। ਇਸ ਮੌਕੇ ਸ੍ਰੀ ਗਡਕਰੀ ਨਾਲ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਵੀ ਹਾਜ਼ਰ ਸਨ।
ਇਸ ਮੌਕੇ ਭਾਰੀ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਕੇਂਦਰ ਦੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਸੜਕੀ ਨੈੱਟਵਰਕ ਸਮੇਤ ਦੇਸ਼ ਦੇ ਸਰਬਪੱਖੀ ਵਿਕਾਸ ਲਈ ਦ੍ਰਿੜ ਸੰਕਲਪ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਜਦੋਂ ਤੋਂ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸੱਤਾ ਸੰਭਾਲੀ ਹੈ, ਉਦੋਂ ਤੋਂ ਹੀ ਦੇਸ਼ ਦੇ ਵਿਕਾਸ ਨੂੰ ਅੱਗੇ ਰੱਖ ਕੇ ਹਫਤੇ ਦੇ ਸੱਤ ਦਿਨ 24 ਘੰਟੇ ਕੰਮ ਕੀਤਾ ਜਾ ਰਿਹਾ ਹੈ। ਇਸ ਸਮੇਂ ਦੌਰਾਨ ਸੂਬੇ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਕੰਮ ਸ਼ੁਰੂ ਕਰਵਾਏ ਗਏ ਹਨ ਅਤੇ ਅਗਲੇ ਸਮੇਂ ਦੌਰਾਨ ਇਸ ਤੋਂ ਵੀ ਕਿਤੇ ਜਿਆਦਾ ਵਿਕਾਸ ਕਾਰਜ ਸ਼ੁਰੂ ਕੀਤੇ ਜਾਣੇ ਹਨ। ਉਨ੍ਹਾਂ ਵੇਰਵੇ ਸਹਿਤ ਦੱਸਿਆ ਕਿ ਸੂਬੇ ਵਿੱਚ ਸੜਕ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ 30 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਹਨ, ਜਦਕਿ ਅਗਲੇ 3 ਸਾਲਾਂ ਵਿੱਚ ਸੜਕ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਕੁੱਲ 1.5 ਲੱਖ ਕਰੋੜ ਰੁਪਏ ਦੇ ਵਿਕਾਸ ਕਾਰਜ ਕੀਤੇ ਜਾਣੇ ਹਨ।
ਸ੍ਰੀ ਗਡਕਰੀ ਨੇ ਇਸ ਮੌਕੇ ਸੂਬੇ ਵਿੱਚ ਦੋ ਨਵੇਂ ਐਕਸਪ੍ਰੈੱਸਵੇਅ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ 6000 ਕਰੋੜ ਰੁਪਏ ਦੀ ਲਾਗਤ ਅਤੇ 508 ਕਿਲੋਮੀਟਰ ਲੰਮਾ ਜਲੰਧਰ-ਅਜਮੇਰ ਐੱਕਸਪ੍ਰੈੱਸਵੇਅ ਅਤੇ 60 ਹਜ਼ਾਰ ਕਰੋੜ ਰੁਪਏ ਦੀ ਲਾਗਤ ਅਤੇ 729 ਕਿਲੋ ਮੀਟਰ ਲੰਮਾ ਦਿੱਲੀ-ਸ੍ਰੀ ਅੰਮ੍ਰਿਤਸਰ ਸਾਹਿਬ ਐੱਕਸਪ੍ਰੈੱਸਵੇਅ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਜਲੰਧਰ-ਅਜਮੇਰ ਐੱਕਸਪ੍ਰੈੱਸਵੇਅ ਨਾਲ ਉਨ੍ਹਾਂ ਯਾਤਰੀਆਂ ਨੂੰ ਬਹੁਤ ਲਾਹਾ ਮਿਲੇਗੀ, ਜੋ ਕਿ ਮੁੰਬਈ ਨੂੰ ਜਾਣਾ ਚਾਹੁੰਦੇ ਹੋਣਗੇ। ਉਨ੍ਹਾਂ ਨੂੰ ਹੁਣ ਦਿੱਲੀ ਰਸਤਿਉਂ ਹੋ ਕੇ ਨਹੀਂ ਗੁਜ਼ਰਨਾ ਪਵੇਗਾ। ਇਸ ਤਰ੍ਹਾਂ ਉਨ੍ਹਾਂ ਦੇ ਪੈਸੇ ਅਤੇ ਸਮੇਂ ਦਾ ਬਹੁਤ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਹੋਰ ਕਿਹਾ ਕਿ ਦਿੱਲੀ-ਸ੍ਰੀ ਅੰਮ੍ਰਿਤਸਰ ਐੱਕਸਪ੍ਰੈੱਸਵੇਅ ਜੀਂਦ, ਬਰਨਾਲਾ ਅਤੇ ਮੋਗਾ ਰਾਹੀਂ ਦਿੱਲੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜੋੜੇਗਾ। ਇਨ੍ਹਾਂ ਦੋਵੇਂ ਪ੍ਰੋਜੈਕਟਾਂ ‘ਤੇ ਕੰਮ ਬਹੁਤ ਜਲਦ ਸ਼ੁਰੂ ਹੋ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਬਿਜਲੀ ਉਤਪਾਦਨ ਅਤੇ ਸੂਬੇ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਪੁਰਜ਼ੋਰ ਸ਼ਲਾਘਾ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗਠਜੋੜ ਸਰਕਾਰ ਸੂਬੇ ਦੇ ਵਿਕਾਸ ਦੇ ਨਾਲ-ਨਾਲ ਹਰੇਕ ਵਰਗ ਦੀ ਭਲਾਈ ਲਈ ਵੀ ਦ੍ਰਿੜ ਸੰਕਲਪ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਸ੍ਰ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਕਹਿ ਚੁੱਕੇ ਹਨ ਕਿ ਇਹ ਉਨ੍ਹਾਂ ਦੀ ਆਖ਼ਰੀ ਚੋਣ ਹੋਵੇਗੀ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ (ਕੈਪਟਨ) ਲਈ ਰਾਜਨੀਤੀ ਇੱਕ ਵਪਾਰ ਹੈ ਅਤੇ ਉਹ ‘ਸੇਵਾ’ ਵਿੱਚ ਵਿਸ਼ਵਾਸ਼ ਨਹੀਂ ਰੱਖਦੇ ਕਿਉਂਕਿ ਸੇਵਾ ਲਈ ਕੋਈ ਉਮਰ ਦੀ ਹੱਦ ਨਹੀਂ ਹੁੰਦੀ।
ਆਮ ਆਦਮੀ ਪਾਰਟੀ ਬਾਰੇ ਸ੍ਰ. ਬਾਦਲ ਨੇ ਕਿਹਾ ਕਿ ਇਸ ਪਾਰਟੀ ਦੇ ਨੇਤਾ ਪੰਜਾਬ ਅਤੇ ਪੰਜਾਬੀਅਤ ਦੇ ਵਿਰੋਧੀ ਹਨ। ਇਸ ਪਾਰਟੀ ਦੇ ਨੇਤਾ ਕਥਿਤ ਤੌਰ ‘ਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਸੂਬੇ ਦਾ ਮੁੱਖ ਮੰਤਰੀ ਬਣਨ ਦੇ ਲਾਲਚਵੱਸ ਪੰਜਾਬ ਦੇ ਵਾਰ-ਵਾਰ ਗੇੜ੍ਹੇ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਇਸ ਪਾਰਟੀ ਅਤੇ ਕੇਜਰੀਵਾਲ ਦੇ ਇਸ ਗੁਪਤ ਏਜੰਡੇ ਤੋਂ ਭਲੀ-ਭਾਂਤ ਜਾਣੂ ਹਨ ਅਤੇ ਇਸ ਮਨਸ਼ਾ ਨੂੰ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ।
ਅੱਜ ਜਿਨ੍ਹਾਂ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ ਉਨ੍ਹਾਂ ਵਿੱਚ ਸ਼ਹਿਰ ਦੀ ਆਏ ਦਿਨ ਵਧ ਰਹੀ ਆਵਾਜਾਈ (ਟਰੈਫਿਕ) ਸਮੱਸਿਆ ਦਾ ਪੱਕੇ ਤੌਰ ‘ਤੇ ਹੱਲ ਕਰਨ ਲਈ ਮਨਜ਼ੂਰ ਐਲੀਵੇਟਿਡ ਸੜਕ ਸ਼ਾਮਿਲ ਹੈ। ਇਹ ਸੜਕ ਸਥਾਨਕ ਸਮਰਾਲਾ ਚੌਕ ਤੋਂ ਲੈ ਕੇ ਨਗਰ ਨਿਗਮ ਦੀ ਹੱਦ ਤੱਕ ਕਰੀਬ 13 ਕਿਲੋਮੀਟਰ ਲੰਮੀ ਹੋਵੇਗੀ। ਇਸ ਪ੍ਰੋਜੈਕਟ ‘ਤੇ 852.67 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ ਰਾਸ਼ਟਰੀ ਰਾਜਮਾਰਗ-95 ਨੂੰ ਰਾਸ਼ਟਰੀ ਰਾਜਮਾਰਗ-01 ਨਾਲ ਜੋੜਨ ਵਾਲੇ ਚਾਰ ਮਾਰਗੀ ਲਾਡੋਵਾਲ ਬਾਈਪਾਸ ਦਾ ਵੀ ਨੀਂਹ ਪੱਥਰ ਰੱਖਿਆ ਗਿਆ ਹੈ। ਲਾਡੋਵਾਲ ਸੀਡ ਫਾਰਮ ਤੋਂ ਸ਼ੁਰੂ ਹੋਣ ਵਾਲੇ ਇਸ ਕਰੀਬ 17 ਕਿਲੋਮੀਟਰ ਲੰਮੇ ਪ੍ਰੋਜੈਕਟ ‘ਤੇ 392 ਕਰੋੜ ਰੁਪਏ ਦੀ ਲਾਗਤ ਆਵੇਗੀ।
ਇਨ੍ਹਾਂ ਦੋਵਾਂ ਪ੍ਰੋਜੈਕਟਾਂ ਤੋਂ ਇਲਾਵਾ ਜਿਹੜੇ ਇੱਕ ਹੋਰ ਅਹਿਮ ਪ੍ਰੋਜੈਕਟ ਦਾ ਵੀ ਸ੍ਰੀ ਗਡਕਰੀ ਵੱਲੋਂ ਨੀਂਹ ਪੱਥਰ ਰੱਖਿਆ ਗਿਆ, ਉਹ ਹੈ ਸਮਰਾਲਾ ਚੌਕ, ਲੁਧਿਆਣਾ ਤੋਂ ਲੈ ਕੇ ਖਰੜ ਤੱਕ ਸੜਕ ਨੂੰ ਚਾਰ ਮਾਰਗੀ ਕਰਨਾ। ਇਸ ਪ੍ਰੋਜੈਕਟ ਦੇ ਬਣਨ ਨਾਲ ਇਕੱਲੇ ਜ਼ਿਲ੍ਹਾ ਲੁਧਿਆਣਾ ਨੂੰ ਹੀ ਨਹੀਂ ਸਗੋਂ ਪੂਰੇ ਪੰਜਾਬ ਨੂੰ ਇਸ ਦਾ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਸੂਬੇ ਦੀ ਸਾਹ ਰਗ ਵਜੋਂ ਜਾਣੀ ਜਾਂਦੀ ਇਸ 76 ਕਿਲੋਮੀਟਰ ਲੰਬਾਈ ਵਾਲੀ ਸੜਕ ‘ਤੇ 1967.32 ਕਰੋੜ ਰੁਪਏ ਖਰਚੇ ਜਾਣੇ ਹਨ। ਇਸ ਮੌਕੇ ਸ੍ਰੀ ਗਡਕਰੀ ਨੇ ਲੁਧਿਆਣਾ-ਹੰਬੜਾਂ ਸੜਕ ਨੂੰ ਰਾਸ਼ਟਰੀ ਮਾਰਗ ਦਾ ਦਰਜਾ ਦੇਣ ਦਾ ਵੀ ਐਲਾਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ, ਵਿਧਾਇਕ ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ, ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ, ਵਿਧਾਇਕ ਸ੍ਰ. ਰਣਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਸਲਾਹਕਾਰ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ, ਭਾਜਪਾ ਦੇ ਸਾਬਕਾ ਸੂਬਾ ਪ੍ਰ੍ਰਧਾਨ ਸ੍ਰੀ ਕਮਲ ਸ਼ਰਮਾ, ਭਾਜਪਾ ਦੇ ਸੀਨੀਅਰ ਆਗੂ ਸ੍ਰ. ਹਰਜੀਤ ਸਿੰਘ ਗਰੇਵਾਲ ਅਤੇ ਸ੍ਰੀ ਅਨਿਲ ਸਰੀਨ, ਸਾਬਕਾ ਮੰਤਰੀ ਸ੍ਰ. ਹੀਰਾ ਸਿੰਘ ਗਾਬੜੀਆ ਅਤੇ ਸ੍ਰੀ ਸਤਪਾਲ ਗੋਸਾਂਈ, ਸਾਬਕਾ ਸੰਸਦ ਮੈਂਬਰ ਸ੍ਰ. ਅਮਰੀਕ ਸਿੰਘ ਆਲੀਵਾਲ, ਪੰਜਾਬ ਯੋਜਨਾ ਬੋਰਡ ਦੇ ਉੱਪ ਚੇਅਰਮੈਨ ਪ੍ਰੋ. ਰਾਜਿੰਦਰ ਭੰਡਾਰੀ, ਮੇਅਰ ਸ੍ਰ. ਹਰਚਰਨ ਸਿੰਘ ਗੋਹਲਵੜੀਆ, ਨਗਰ ਸੁਧਾਰ ਟਰੱਸਟ ਚੇਅਰਮੈਨ ਸ੍ਰੀ ਸੁਭਾਸ਼ ਵਰਮਾ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਪੁਲਿਸ ਕਮਿਸ਼ਨਰ ਸ੍ਰੀ ਜਤਿੰਦਰ ਸਿੰਘ ਔਲਖ, ਨਗਰ ਨਿਗਮ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ, ਯੂਥ ਅਕਾਲੀ ਆਗੂ ਸ੍ਰ. ਹਰਪ੍ਰੀਤ ਸਿੰਘ ਸ਼ਿਵਾਲਿਕ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਵਿੰਦਰ ਅਰੋੜਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ੍ਰ. ਹਰਭਜਨ ਸਿੰਘ ਡੰਗ, ਕੌਂਸਲਰ ਸ੍ਰ. ਤਨਵੀਰ ਸਿੰਘ ਧਾਲੀਵਾਲ, ਸ੍ਰ. ਨਰਿੰਦਰ ਸਿੰਘ ਮੱਲ੍ਹੀ, ਸ੍ਰ. ਤਰਸੇਮ ਸਿੰਘ ਭਿੰਡਰ, ਸ੍ਰ, ਗੁਰਪ੍ਰੀਤ ਸਿੰਘ ਬੱਬਲ, ਸੀਨੀਅਰ ਭਾਜਪਾ ਆਗੂ ਸ੍ਰੀ ਪ੍ਰਵੀਨ ਬਾਂਸਲ, ਕੌਂਸਲਰ ਸ਼੍ਰੀਮਤੀ ਪਰਮਜੀਤ ਕੌਰ ਸ਼ਿਵਾਲਿਕ, ਸ੍ਰ. ਅਵਤਾਰ ਸਿੰਘ ਮੱਲ੍ਹਾ, ਸ੍ਰ. ਨਿਰਮਲ ਸਿੰਘ ਐੱਸ. ਐੱਸ., ਸ੍ਰੀ ਐੱਮ. ਐੱਮ. ਵਿਆਸ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *