ਪੰਜਾਬੀ ਯੂਨੀਵਰਸਿਟੀ ਦੇ ਆਈ.ਏ.ਐੱਸ.ਟ੍ਰੇਨਿੰਗ ਸੈਂਟਰ ਵਿਖੇ ਦੋ-ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਹੋਈ ਸੰਪੰਨ
ਪਟਿਆਲਾ, 16 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਆਈ.ਏ.ਐੱਸ.ਐਂਡ ਅਲਾਈਡ ਸਰਵਿਸਿ਼ਜ਼ ਟ੍ਰੇਨਿੰਗ ਸੈਂਟਰ ਵਲੋਂ ‘ਮੈਂਟਲ ਏਬਿਲਿਟੀ, ਰੀਜ਼ਨਿੰਗ ਸਕਿੱਲਜ਼ ਅਤੇ ਪਰਸਨਲ ਇਫੈਕਟਿਵਨੈਸ’ ਵਿਸ਼ੇ ਅਧੀਨ ਚੱਲ ਰਹੀ ਦੋ-ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਸੰਪੰਨ ਹੋ ਗਈ। ਵਰਕਸ਼ਾਪ ਦੇ ਦੂਜੇ ਦਿਨ ਸੈਂਟਰ ਦੇ ਡਾਇਰੈਕਟਰ ਪ੍ਰੋ. ਅਜੀਤਾ ਨੇ ਪੁੱਜੇ ਮਹਿਮਾਨਾਂ, ਮਾਹਿਰਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਵਿੱਖ ਵਿਚ ਸੈਂਟਰ ਵਲੋਂ ਅਜਿਹੀਆਂ ਹੋਰ ਯੋਜਨਾਵਾਂ ਉਲੀਕੀਆਂ ਜਾਣਗੀਆਂ ਜਿਨ੍ਹਾਂ ਨਾਲ ਵਿਦਿਆਰਥੀ ਪ੍ਰਭਾਵਸ਼ਾਲੀ ਢੰਗ ਨਾਲ ਉੱਚ ਕੋਟੀ ਦੀਆਂ ਪ੍ਰੀਖਿਆਵਾਂ ਦੀ ਟ੍ਰੇਨਿੰਗ ਹਾਸਲ ਕਰ ਕੇ ਆਪਣੀ ਮੰਜ਼ਲ ਦੀ ਪ੍ਰਾਪਤੀ ਕਰ ਸਕਣ। ਵਿਦਾਇਗੀ ਸੈਸ਼ਨ ਤੋਂ ਪਹਿਲਾਂ ਤਿੰਨ ਵੱਖ-ਵੱਖ ਸੈਸ਼ਨ ਆਯੋਜਿਤ ਕੀਤੇ ਗਏ। ਮੁਖ ਵਕਤਾ ਡਾ. ਪਰਮਜੀਤ ਕੌਰ ਨੇ ਕਿਹਾ ਕਿ ਤਰਕ ਅਤੇ ਵਿਵੇਕਸ਼ੀਲਤਾ ਨੂੰ ਇਕਾਗਰਤਾ ਅਤੇ ਸਹਿਜਤਾ ਨਾਲ ਸਮਝਦੇ ਹੋਏ ਮੁਸ਼ਕਲ ਤੋਂ ਮੁਸ਼ਕਲ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਇਸ ਸੈਸ਼ਨ ਵਿਚ ਫਿਜ਼ਿਕਸ ਵਿਭਾਗ ਦੇ ਡਾ. ਕਰਮਜੀਤ ਸਿੰਘ, ਡਾ. ਅਨੂਪ ਠਾਕੁਰ, ਬਾਇਓਟੈਕਨਾਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਬਲਵਿੰਦਰ ਸਿੰਘ ਸੂਚ ਅਤੇ ਇਤਿਹਾਸ ਵਿਭਾਗ ਦੇ ਪ੍ਰੋਫੈਸਰ ਡਾ. ਮੁਹੰਮਦ ਇਦਰੀਸ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਵਰਕਸ਼ਾਪ ਦੇ ਵਿਦਾਇਗੀ ਸਮਾਰੋਹ ਵਿਚ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਵਿਧੂ ਮੋਹਨ ਨੇ ਮਨੋਵਿਗਿਆਨਕ ਢੰਗ ਨਾਲ ਸ਼ਖਸੀਅਤ ਵਿਚ ਨਿਖਾਰ ਲਿਆਉਣ ਸੰਬੰਧੀ ਢੁਕਵੀਆਂ ਮਿਸਾਲਾਂ ਸਹਿਤ ਚਾਨਣਾ ਪਾਇਆ। ਯੂਨੀਵਰਸਿਟੀ ਕਾਲਜ ਘਨੌਰ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੇ ਵੀ ਵਿਦਿਆਰਥੀਆਂ ਨਾਲ ਸਫਲਤਾ ਦੇ ਨੁਕਤੇ ਸਾਂਝੇ ਕੀਤੇ। ਮੰਚ ਸੰਚਾਲਨ ਡਾ. ਦਰਸ਼ਨ ਸਿੰਘ ਆਸ਼ਟ ਨੇ ਨਿਭਾਇਆ। ਅੰਤ ਵਿਚ ਡਾਇਰੈਕਟਰ ਪ੍ਰੋਫੈਸਰ ਅਜੀਤਾ ਨੇ ਇਸ ਦੋ-ਰੋਜ਼ਾ ਸਫਲ ਵਰਕਸ਼ਾਪ ਦੀ ਸਮੁੱਚੀ ਕਾਰਗੁਜਾਰੀ ਸਬੰਧੀ ਤਿਆਰ ਕੀਤੀ ਖੂਬਸੂਰਤ ਡਾਕੁਮੈਂਟਰੀ ਪ੍ਰਦਰਸ਼ਿਤ ਕੀਤੀ ਅਤੇ ਮਹਿਮਾਨਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸੈਂਟਰ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਇਸ ਦੌਰਾਨ ਮਹਿਮਾਨਾਂ ਦਾ ਖੂਬਸੁਰਤ ਫੁਲਕਾਰੀਆਂ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਵੀ ਕੀਤਾ ਗਿਆ। ਇਸ ਵਰਕਸ਼ਾਪ ਵਿਚ ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ, ਡਾਇਰੈਕਟਰ, ਯੁਵਕ ਭਲਾਈ ਵਿਭਾਗ ਡਾ. ਭੀਮ ਇੰਦਰ ਸਿੰਘ, ਜੀਵ ਵਿਗਿਆਨ ਵਿਭਾਗ ਦੇ ਮੁਖੀ ਡਾ. ਉਂਕਾਰ ਸਿੰਘ ਬੜੈਚ, ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ, ਡਾ. ਪਵਨ ਕ੍ਰਿਸ਼ਨ, ਡਾ. ਹਰੀਸ਼ ਕੁਮਾਰ, ਡਾ. ਦਵਿੰਦਰ ਸਿੰਘ, ਅਮਿਤ ਗੁਲਾਟੀ, ਡਾ. ਸੁਖਚੈਨ ਸਿੰਘ, ਡਾ. ਵਿਕਰਮ ਕ੍ਰਿਸ਼ਨ ਕੌਸ਼ਲ, ਡਾ. ਖਲੀਲ ਖਾਨ, ਦੇਵਕੀ ਦੇਵੀ ਆਦਿ ਤੋਂ ਇਲਾਵਾ ਯੂਨੀਵਰਸਿਟੀ ਅਤੇ ਕਾਲਜਾਂ ਦੇ ਵਿਦਿਆਰਥੀ ਸ਼ਾਮਲ ਸਨ। ਤਸਵੀਰ ਵੇਰਵੇ: ਸੈਂਟਰ ਦੇ ਡਾਇਰੈਕਟਰ ਪੋ੍ਰਫੈਸਰ ਅਜੀਤਾ, ਡਾ. ਪਰਮਜੀਤ ਕੌਰ, ਡਾ. ਬਲਵਿੰਦਰ ਸਿੰਘ ਸੂਚ ਅਤੇ ਡਾ. ਮੁਹੰਮਦ ਇਦਰੀਸ ਦਾ ਸਨਮਾਨ ਕਰਦੇ ਹੋਏ ਨਾਲ ਖੜ੍ਹੇ ਹਨ ਡਾ. ਦਰਸ਼ਨ ਸਿੰਘ ਆਸ਼ਟ

