ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਵਿਭਾਗ ਵੱਲੋਂ ਇੰਜੀਨੀਅਰਜ਼ ਦਿਵਸ ਮਨਾਇਆ

ਪਟਿਆਲਾ, 16 ਸਤੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਵਿਭਾਗ ਵੱਲੋਂ ਇੰਜੀਨੀਅਰਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਸਵੇਰ ਦੇ ਸੈਸ਼ਨ ਵਿੱਚ ਮੁੱਖ ਮਹਿਮਾਨ ਵੱਜੋਂ ਪੁਜੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਵਿਭਾਗ ਨੂੰ ਵਧਾਈ ਦਿੱਤੀ ਤੇ ਸਮੁੱਚੀ ਟੀਮ ਦੀ ਸਰਾਹਨਾ ਕੀਤੀ।

ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਇੰਜੀਨੀਅਰਾਂ ਨੂੰ ਸਮਾਜ ਦੀ ਤਰੱਕੀ ਲਈ ਯਤਨਸ਼ੀਲ ਰਹਿਣ ਦਾ ਸੁਨੇਹਾ ਦਿੱਤਾ। ਮੁੱਖ ਬੁਲਾਰੇ ਇੰਜੀ: ਆਈ.ਪੀ.ਐਸ. ਗਿੱਲ ਨੇ ਸਰੋਤਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਨੌਕਰੀਆਂ ਪਿੱਛੇ ਭੱਜਣ ਦੀ ਬਜਾਇ ਖੁਦ ਨੌਕਰੀਆਂ ਪੈਦਾ ਕਰਨ ਦਾ ਸੁਨੇਹਾ ਦਿੱਤਾ। ਵਿਸ਼ੇਸ ਮਹਿਮਾਨ ਵੱਜੋਂ ਡਾ. ਕੰਵਲਜੀਤ ਸਿੰਘ ਡਾਇਰੈਕਟਰ ਕੰਪਿਊਟਰ ਸੈਂਟਰ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਰਿਆ ਨੂੰ ਜਿੰਦਗੀ ਦੇ ਵੱਖ-ਵੱਖ ਪਹਿਲੂਆਂ ਵੱਲ ਧਿਆਨ ਦੇਣ ਲਈ ਪ੍ਰੇਰਿਆ। ਉਹਨਾਂ ਨੇ ਕਿਹਾ ਕਿ ਇੰਜੀਨੀਅਰ ਨੂੰ ਇੱਕ ਚੰਗਾ ਇਨਸਾਨ ਬਨਣਾ ਤੇ ਸਮਾਜ ਲਈ ਉਸਾਰੂ ਯੋਗਦਾਨ ਦੇਣਾ ਬਹੁਤ ਜਰੂਰੀ ਹੈ। ਇਸ ਪ੍ਰੋਗਰਾਮ ਵਿੱਚ ਡਾਇਰੈਕਟਰ ੀਥਅਛ ਡਾ. ਮਨਜੀਤ ਸਿੰਘ ਪਾਤੜ ਜੀ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਵਾਈਸ ਚਾਂਸਲਰ ਸਾਹਿਬ ਨੇ ਅਲੱਗ ਅਲੱਗ ਮੁਕਾਬਲਿਆ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ। ਵਿਭਾਗ ਦੇ ਮੁਖੀ ਡਾ. ਗੁਰਮੀਤ ਕੌਰ ਨੇ ਵਿਦਿਆਰਥੀਆਂ ਨੂੰ ਆਏ ਹੋਏ ਸਨਮਾਨਿਤ ਮਹਿਮਾਨਾਂ ਦੀਆਂ ਜ਼ਿੰਦਗੀਆਂ ਤੋਂ ਸੇਧ ਲੈ ਕੇ ਜੀਵਨ ਸੰਵਾਰਨ ਲਈ ਕਿਹਾ। ਉਹਨਾਂ ਨੇ ਇੰਜੀ. ਦੀਪਤੀ ਅਤੇ ਇੰਜੀ: ਅਮਨਦੀਪ ਕੌਰ ਧਾਲੀਵਾਲ ਅਤੇ ਟੈਕਨੀਕਲ ਕਲੱਬ ਦੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਹਨਾਂ ਨੇ ਪ੍ਰੋ: ਖਾਂਬਾ ਦਾ ਵਿਸੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਪ੍ਰੋ: ਇੰਚਾਰਜ ਐਕਸਟ੍ਰਾਕੁਰੀਕੁਲਰਜ਼ (ਈ.ਸੀ.ਏ.), ਯੂਕੋ ਦੇ ਤੌਰ ਉਤੇ ਉਹਨਾਂ ਦਾ ਹਮੇਸ਼ਾ ਹੋਸਲਾ ਵਧਾਇਆ। ਡਾ. ਗੁਰਮੀਤ ਕੌਰ ਨੇ ਵਿਦਿਆਰਥੀਆਂ ਨੂੰ ਗਲਤੀਆਂ ਤੋਂ ਡਰ ਕੇ ਜ਼ਿੰਮੇਵਾਰੀ ਲੈਣ ਤੋਂ ਨਾ ਕਤਰਾਉਣ ਲਈ ਪ੍ਰੇਰਿਆ।
ਸ਼ਾਮ ਦੇ ਸੈਸ਼ਨ ਵਿੱਚ ਡਾ. ਗੁਰਨਾਮ ਸਿੰਘ, ਡੀਨ, ਅਕਾਦਮਿਕ ਮਾਮਲੇ ਨੇ ਮੁੱਖ ਪ੍ਰੋਗਰਾਮ ਨੂੰ ਸਰਾਹਿਆ ਅਤੇ ਪੁਰਾਣੇ ਵਿਦਿਆਰਥੀਆਂ ਦੀ ਐਲੂਮਨੀ ਮੀਟ ਕਰਵਾਉਣ ਦਾ ਸੱਦਾ ਦਿੱਤਾ। ਸ਼ਾਮ ਦੇ ਸੈਸ਼ਨ ਵਿੱਚ ਡਾ. ਰੋਹਿਤ ਵਾਈ. ਸ਼ਰਮਾਂ (ਆਈ.ਆਈ.ਟੀ., ਰੋਪੜ) ਨੇ ਵਿਸ਼ੇਸ਼ ਲੈਕਚਰ ਦਿੱਤਾ। ਇਸ ਵਿਚ ਉਹਨਾਂ ਨੇ “ਡਿਜ਼ਾਇਨ ਆਫ ਐਨਰਜੀ ਅਵੇਰ ਇੰਟਰਕੂਨੇਕਟ ਯੂਸਿੰਗ ਏਅਰ ਗੈਪ ਟੈਕਨੋਲੋਜੀ“ ਵਿਸ਼ੇ ਬਾਰੇ ਸਾਰਿਆਂ ਨੂੰ ਜਾਣੂੰ ਕਰਵਾਇਆ। ਉਹਨਾਂ ਦਾ ਲੈਕਚਰ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਦੇ ਖੇਤਰ ਵਿੱਚ ਹੋ ਰਹੀ ਨਵੀਨਤਮ ਖੋਜ ਬਾਰੇ ਸੀ ਜਿਸ ਨਾਲ ਊਰਜਾ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਲੈਕਚਰ ਨੂੰ ਸਾਰਿਆਂ ਨੇ ਬਹੁਤ ਧਿਆਨ ਨਾਲ ਸੁਣਿਆ। ਇਸ ਸੈਸ਼ਨ ਦੇ ਅਖੀਰ ਵਿੱਚ ਇੰਜੀ. ਏਕਮਵੀਰ ਸਿੰਘ ਦੀ ਅਗਵਾਈ ਵਿੱਚ ਵਿਭਾਗ ਦੇ ਵਿਦਿਆਰਥੀਆਂ ਨੇ ਸਟੇਜ ਪਲੇ ਸ਼ੂਟ ਦਿਖਾਇਆ। ਇਹ ਨੁੱਕੜ ਨਾਟਕ ਇੱਕ ਦਿਨ, ਪਹਿਲਾਂ ਲਾਈਵ ਵੀ ਕੀਤਾ ਗਿਆ ਸੀ। ਪਰ ਇਸ ਦੀ ਵੀਡੀਓ ਸ਼ਾਮ ਦੇ ਸੈਸ਼ਨ ਵਿੱਚ ਦੁਬਾਰਾ ਦਿਖਾਈ ਗਈ। ਇਸ ਨਾਟਕ ਰਾਹੀਂ ਵਿਦਿਆਰਥੀਆਂ ਨੇ ਲਿੰਗ ਭੇਦ ਨੂੰ ਖਤਮ ਕਰਨ ਦਾ ਸੁਨੇਹਾ ਦਿੱਤਾ। ਇਸ ਦੀ ਭਰਪੂਰ ਸਰਾਹਨਾ ਹੋਈ ਤੇ ਸਾਰਿਆਂ ਨੇ ਇਸ ਦਾ ਬਹੁਤ ਆਨੰਦ ਮਾਣਿਆ।
ਇਸ ਪ੍ਰੋਗਰਾਮ ਤਹਿਤ ਵਿਭਾਗ ਵੱਲੋਂ ਤਿੰਨ ਦਿਨਾਂ ਤੋਂ ਅਲੱਗ ਅਲੱਗ ਮੁਕਾਬਲੇ ਕਰਵਾਏ ਗਏ। ਇਹਨਾਂ ਵਿੱਚ ਇੰਜੀ: ਕੁਇਜ਼ ਵਿੱਚ ਹਰਸ਼ਿਤ ਅਰੋੜਾ ਤੇ ਗੀਤਾਂਸ਼ ਸਿਆਲ ਨੂੰ ਪਹਿਲਾ ਅਤੇ ਮਨਦੀਪ ਕੌਰ ਤੇ ਦਿਵਯਾ ਨੂੰ ਦੂਜਾ ਸਥਾਨ ਹਾਸਲ ਹੋਇਆ। ਗੇਮ ਵਿੱਚ ਮਨਪ੍ਰੀਤ ਅਤੇ ਦੀਕਸ਼ਾ ਨੂੰ ਪਹਿਲਾ ਅਤੇ ਬਲਜੋਤ ਕੌਰ ਤੇ ਵਿਨੀਤ ਕੰਵਰ ਨੂੰ ਦੂਜਾ ਸਥਾਨ ਹਾਸਲ ਹੋਇਆ। ਪ੍ਰੋਜੈਕਟ ਡਿਸਪਲੇ ਵਿੱਚ ਕਰਸਿਮਰਨ, ਪਲਕ, ਮੇਹੁਲ ਤੇ ਜਸ਼ਨਦੀਪ ਦੀ ਟੀਮ ਨੂੰ ਪਹਿਲਾ ਸਥਾਨ ਮਿਲਿਆ। ਪੱਲਵੀ ਤੇ ਮਨੋਜ ਨੂੰ ਦੂਜਾ ਅਤੇ ਦੋ ਟੀਮਾਂ ਤੀਜੇ ਸਥਾਨ ਉੱਤੇ ਰਹੀਆਂ। ਸੁਖਦੀਪ, ਜਸਪਾਲ, ਜਸ਼ਨਪ੍ਰੀਤ ਅਤੇ ਪੁਨੀਤ ਸ਼ਰਮਾਂ, ਇਸ਼ਟਦੀਪ, ਵਿਨੀਤ, ਬਲਜੌਤ ਕੌਰ ਦੀਆਂ ਟੀਮਾਂ ਨੂੰ ਤੀਜਾ ਸਥਾਨ ਮਿਲਿਆ। ਪ੍ਰੌਜੈਕਟ ਦੀ ਜੱਜਮੈਂਟ ਦਾ ਕੰਮ ਡਾ. ਮਨਜੀਤ ਸਿੰਘ ਬੰਮਰਾ, ਇੰਜੀ: ਕੁਲਵਿੰਦਰ ਸਿੰਘ ਤੇ ਡਾ. ਰਣਜੀਤ ਕੌਰ ਵੱਲੋਂ ਕੀਤਾ ਗਿਆ।
ਇਸ ਪ੍ਰੋਗਰਾਮ ਵਿਚ ਸਾਰੇ ਇੰਜੀ: ਵਿੰਗ ਦੇ ਸਟਾਫ ਤੋਂ ਇਲਾਵਾ ਡਾ. ਜੇ.ਐਸ. ਖਾਂਬਾ (ਮੁਖੀ, ਐਮ.ਈ.), ਡਾ. ਅਮਰਦੀਪ ਸਿੰਘ (ਮੁਖੀ, ਐਮ.ਈ.), ਡਾ. ਮਨਿੰਦਰ ਸਿੰਘ (ਇੰਚਾਰਜ, ਸਿਵਲ ਇੰਜੀ) ਡਾ. ਪ੍ਰਬਲੀਨ ਸਿੰੰਘ (ਪ੍ਰਬੰਧਕੀ ਅਫਸਰ, ਯੂਕੋ), ਡਾ. ਧਾਮ (ਪਲੈਸਮੈਂਟ ਇੰਚਾਰਜ), ਡਾ. ਸਾਹਿਬ ਸਰਤਾਜ (ਵਰਕਸ਼ਾਪ), ਡਾ. ਗੁਰਜੀਤ ਸਿੰਘ ਭੱਠਲ, ਡਾ. ਗੁਰਪ੍ਰੀਤ ਸਿੰਘ (ਸਿਵਲ ਇੰਜੀ), ਡਾ. ਗੁਰਪ੍ਰੀਤ ਸਿੰਘ (ਐਮ.ਈ. ਐਨ.ਐਸ.ਐਸ ਵਿੰਗ) ਨੇ ਭਰਵੀਂ ਹਾਜ਼ਰੀ ਲੁਆਈ। ਅੰਤ ਵਿੱਚ ਇੰਜੀ: ਦੀਪਤੀ ਬਾਂਸਲ ਨੇ ਸਾਰਿਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *