ਕਿਸਾਨਾਂ ਤੇ ਨੌਜਵਾਨਾਂ ਦੀਆਂ ਖ਼ੁਦਕੁਸ਼ੀਆਂ ਲਈ ਹਾਕਮਾਂ ਦੀਆਂ ਮਾੜੀਆਂ ਨੀਤੀਆਂ ਜ਼ਿੰਮੇਵਾਰ
ਵੱਖ-ਵੱਖ ਆਗੂਆਂ ਨੇ ਭੇਟ ਕੀਤੀਆਂ ਸ਼ਰਧਾਂਜਲੀਆਂ
ਗੁਰਦਾਸਪੁਰ, 16 ਸਤੰਬਰ (ਸਰਬਜੀਤ ਸਾਗਰ)
ਸੀਪੀਆਈ ਅਤੇ ਸਰਬ ਭਾਰਤ ਨੌਜਵਾਨ ਸਭਾ ਵੱਲੋ ਟਰੇਡ ਯੂਨੀਅਨ ਦੇ ਸੀਨੀਅਰ ਆਗੂ ਅਤੇ ਪ੍ਰਸਿੱਧ ਕਾਲਮ ਨਵੀਸ ਸ. ਦਰਬਾਰਾ ਸਿੰਘ ਕਾਹਲੋਂ ਦੇ ਪਿਤਾ ਕਾਮਰੇਡ ਸੰਗਤ ਸਿੰਘ ਕਾਹਲੋਂ ਦੀ 14ਵੀਂ ਬਰਸੀ ਪਿੰਡ ਅਵਾਂਖਾ ਵਿੱਚ ਮਨਾਈ ਗਈ।
ਜਿਸ ਵਿੱਚ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸਰੀ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਗੁਲਜ਼ਾਰ ਸਿੰਘ ਬਸੰਤਕੋਟ, ਜ਼ਿਲ੍ਹਾ ਸਹਾਇਕ ਸਕੱਤਰ ਬਲਬੀਰ ਸਿੰਘ ਕੱਤੋਵਾਲ, ਇਸਤਰੀ ਸਭਾ ਪੰਜਾਬ ਦੀ ਪ੍ਰਧਾਨ ਬੀਬੀ ਕੁਸ਼ਲ ਭੌਰਾ, ਸੂਬਾਈ ਆਗੂ ਡਾ. ਗੁਰਚਰਨ ਗਾਂਧੀ ਅਤੇ ਕਾਮਰੇਡ ਸੁਭਾਸ਼ ਕੈਰੇ ਸਮੇਤ ਕਈ ਹੋਰ ਵੱਡੇ ਆਗੂਆਂ ਵੱਲੋਂ ਕਾਮਰੇਡ ਸੰਗਤ ਸਿੰਘ ਕਾਹਲੋਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਬੁਲਾਰਿਆਂ ਨੇ ਕਿਹਾ ਕਿ ਕਾਮਰੇਡ ਸੰਗਤ ਸਿੰਘ ਕਾਹਲੋਂ ਹੱਕ, ਸੱਚ ਦੇ ਰਸਤੇ ‘ਤੇ ਚੱਲਣ ਵਾਲੇ ਨੇਕ ਦਿਲ ਇਨਸਾਨ ਸਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਕਮਿਊਨਿਸਟ ਪਾਰਟੀ ਅਤੇ ਲੋਕ ਸੇਵਾ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀ ਮਹਾਨ ਸ਼ਖ਼ਸੀਅਤ ਦੀ ਸੋਚ ਨੂੰ ਅਪਨਾ ਕੇ ਚੰਗੇ ਰਾਹ ਤੁਰਨਾ ਹੀ ਇਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਕਾਮਰੇਡ ਗੁਲਜ਼ਾਰ ਸਿੰਘ ਬਸੰਤਕੋਟ ਅਤੇ ਬੀਬੀ ਕੁਸ਼ਲ ਭੌਰਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਦੇ ਭਲੇ ਲਈ ਉਹ ਕਮਿਊਨਿਸਟ ਵਿਚਾਰਧਾਰਾ ਅਪਨਾਉਣ ਕਿਉਂਕਿ ਕਮਿਊਨਿਸਟਾਂ ਨੇ ਹਮੇਸ਼ਾਂ ਲੋਕਾਂ ਦੇ ਭਲੇ ਦੀ ਗੱਲ ਕੀਤੀ ਹੈ ਅਤੇ ਕਦੇ ਵੀ ਵੋਟਾਂ ਦੀ ਰਾਜਨੀਤੀ ਨਹੀਂ ਕੀਤੀ। ਜਦਕਿ ਕਾਂਗਰਸ ਤੇ ਅਕਾਲੀ-ਭਾਜਪਾ ਦੀ ਸੋਚ ਇਸ ਤੋਂ ਬਿਲਕੁੱਲ ਵੱਖਰੀ ਹੈ ਅਤੇ ਇਹ ਲੋਕ ਹਰ ਮੁੱਦੇ ‘ਤੇ ਰਾਜਨੀਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਹਰ 8 ਮਿੰਟ ਬਾਅਦ ਇੱਕ ਨੌਜਵਾਨ ਦੀ ਚਿਖਾ ਬਲਦੀ ਹੈ। ਜਿਸਦੇ ਲਈ ਹਾਕਮ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਜ਼ਿੰਮੇਵਾਰ ਹਨ। ਜੋ ਚੋਣਾਂ ਦੇ ਦਿਨਾਂ ‘ਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਸਮੇਤ ਅਨੇਕਾਂ ਵਾਅਦੇ ਤਾਂ ਕਰ ਦਿੰਦੇ ਹਨ ਪਰ ਬਾਅਦ ਵਿੱਚ ਕੋਈ ਇਨ੍ਹਾਂ ਦੀ ਬਾਤ ਨਹੀਂ ਪੁੱਛਦਾ। ਕਾਮਰੇਡ ਬਸੰਤਕੋਟ ਨੇ ਗੱਠਜੋੜ ਸਰਕਾਰ ‘ਤੇ ਪੰਜਾਬ ਦੀ ਜਨਤਾ ਨੂੰ ਲੁੱਟਣ ਦਾ ਦੋਸ਼ ਲਗਾਉਂਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੁਆਲ ਕੀਤਾ ਕਿ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਜਿਨ੍ਹਾਂ ਅਕਾਲੀ ਲੀਡਰਾਂ ਦੀ ਆਰਥਿਕ ਹਾਲਤ ਪਹਿਲਾਂ ਆਮ ਜਿਹੀ ਹੁੰਦੀ ਸੀ ਹੁਣ ਉਹ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਦੇ ਮਾਲਕ ਕਿਵੇਂ ਬਣ ਗਏ।
ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਕਾਹਲੋਂ ਨੇ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਦੀਨਾਨਗਰ ਪੁਲੀਸ ਦੀ ਕਾਰਗੁਜ਼ਾਰੀ ‘ਤੇ ਉਂਗਲੀ ਉਠਾਈ ਅਤੇ ਨਾਕਿਆਂ ਦੇ ਨਾਂ ‘ਤੇ ਲੋਕਾਂ ਨੂੰ ਲੁੱਟਣ ਦੇ ਇਲਜ਼ਾਮ ਲਗਾਏ। ਸ਼ਰਧਾਂਜਲੀ ਸਮਾਗਮ ਨੂੰ ਸਵਾਮੀ ਸਦਾਨੰਦ, ਕਾਮਰੇਡ ਬਲਵਿੰਦਰ ਸਿੰਘ ਉਦੀਪੁਰ, ਵਿਜੇ ਸ਼ਾਸਤਰੀ, ਹਰਚਰਨ ਸਿੰਘ ਔਜਲਾ ਅਤੇ ਜਨਾਬ ਪੰਛੀ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਕਿਸਾਨ ਸਭਾ ਦੇ ਪ੍ਰਧਾਨ ਗੁਰਦੀਪ ਸਿੰਘ ਕਲੀਜਪੁਰ, ਸੀਪੀਆਈ ਦੇ ਜ਼ਿਲ੍ਹਾ ਕੌਂਸਲ ਮੈਂਬਰ ਕੁਲਦੀਪ ਸਿੰਘ ਘੁੱਲਾ, ਸ਼ਿਵ ਦੱਤ, ਫ਼ਤਿਹ ਚੰਦ, ਰਮੇਸ਼ ਭੋਗਲ, ਸਾਹਿਤ ਸਭਾ ਗੁਰਦਾਸਪੁਰ ਦੇ ਜਨਰਲ ਸਕੱਤਰ ਜੀਐਸ ਪਾਹੜਾ, ਦਰਸ਼ਨ ਆਹਲੂਵਾਲ, ਗੁਰਚਰਨ ਸਿੰਘ ਵਾਲੀਆ, ਅਸ਼ੋਕ ਕੁਮਾਰ ਕੈਰੇ, ਮਾਸਟਰ ਪ੍ਰਸ਼ੋਤਮ ਲਾਲ, ਸੁਖਦੇਵ ਰਾਜ ਸੁੱਖਾ, ਕਮਲ ਕ੍ਰਾਂਤੀ ਅੰਮ੍ਰਿਤਸਰ, ਮਾਸਟਰ ਵੀਰ ਸਿੰਘ, ਸਰਪੰਚ ਸ਼ਾਮ ਲਾਲ, ਜਗਦੀਸ਼ ਰਾਜ ਸ਼ਾਦੀਪੁਰ, ਬੀਬੀ ਅਵਤਾਰ ਕੌਰ, ਸਿਕੰਦਰ ਸਿੰਘ ਕਾਹਲੋਂ ਅਤੇ ਤਿਰਲੋਕ ਸਿੰਘ ਰਊਵਾਲ ਤੋਂ ਇਲਾਵਾ ਸਥਾਨਕ ਆਗੂ ਤੇ ਵਰਕਰ ਵੱਡੀ ਗਿਣਤੀ ‘ਚ ਹਾਜ਼ਰ ਸਨ।

