ਪਟਿਆਲਾ

23 ਮਾਰਚ ਨੂੰ ਸਾਮਰਾਜਵਾਦ ਵਿਰੋਧੀ ਦਿਵਸ ਵਜੋਂ ਮਨਾਉਣ ਦਾ ਐਲਾਨ, ਪਟਿਆਲਾ ਜ਼ਿਲ੍ਹੇ ‘ਚ ਹੋਣਗੇ ਵੱਡੇ ਪ੍ਰਦਰਸ਼ਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) 17 ਮਾਰਚ: ਸੰਯੁਕਤ ਕਿਸਾਨ ਮੋਰਚਾ, ਕੇਂਦਰੀ ਟਰੇਡ ਯੂਨੀਅਨਾਂ, ਮੁਲਾਜ਼ਮ ਫੈਡਰੇਸ਼ਨਾਂ,ਬਿਜਲੀ ਮੁਲਾਜ਼ਮ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਦੀ ਇੱਕ ਅਹਿਮ ਸਾਂਝੀ ਮੀਟਿੰਗ ਅੱਜ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਦਰਸ਼ਨ ਸਿੰਘ ਬੇਲੂਮਾਜਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਆਗੂਆਂ ਨੇ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਸ ਦਿਨ ਨੂੰ ‘ਸਾਮਰਾਜਵਾਦ ਵਿਰੋਧੀ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਕੀਤਾ। ਆਗੂਆਂ ਨੇ ਕਿਹਾ ਕਿ ਸ਼ਹੀਦਾਂ ਨੇ ਜਿਸ ਆਜ਼ਾਦ ਅਤੇ ਬਰਾਬਰੀ ਵਾਲੇ ਦੇਸ਼ ਦਾ ਸੁਪਨਾ ਦੇਖਿਆ ਸੀ, ਅੱਜ ਦੀਆਂ ਹਕੂਮਤਾਂ ਉਸ ਦੇ ਉਲਟ ਚੱਲ ਰਹੀਆਂ ਹਨ। ਕੇਂਦਰ ਸਰਕਾਰ ਸਾਮਰਾਜੀ ਮੁਲਕਾਂ ਦੇ ਦਬਾਅ ਹੇਠ ਦੇਸ਼ ਦੇ ਕਿਰਤੀ ਲੋਕਾਂ ਦੇ ਹਿੱਤ ਵੇਚ ਕੇ ਕਾਰਪੋਰੇਟ ਘਰਾਣਿਆਂ ਅਤੇ ਵਿਦੇਸ਼ੀ ਤਾਕਤਾਂ ਨੂੰ ਲਾਹਾ ਦੇਣ ਵਾਲੇ ਲੋਕ-ਵਿਰੋਧੀ ਕਾਨੂੰਨ ਬਣਾ ਰਹੀ ਹੈ।

ਤਹਿਸੀਲ ਪੱਧਰ ‘ਤੇ ਕੀਤੇ ਜਾਣ ਵਾਲੇ ਇਹਨਾਂ ਰੋਸ ਪ੍ਰਦਰਸ਼ਨਾਂ ਵਿੱਚ ਭਾਰਤ-ਅਮਰੀਕਾ ਮੁਫ਼ਤ ਵਪਾਰ ਸਮਝੌਤੇ ਦਾ ਵਿਰੋਧ,ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਨੂੰ ਰੱਦ ਕਰਵਾਉਣ, 1 ਅਪ੍ਰੈਲ ਤੋਂ ਲਾਗੂ ਕੀਤੇ ਜਾ ਰਹੇ ਚਾਰ ਲੇਬਰ ਕੋਡਾਂ ਅਤੇ ‘ਜੀ ਰਾਮ ਜੀ’ ਵਰਗੀਆਂ ਕਿਰਤ ਵਿਰੋਧੀ ਸਕੀਮਾਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਅਮਰੀਕਾ ਵੱਲੋਂ ਵਿਸ਼ਵ ਪੱਧਰ ‘ਤੇ ਆਪਣੀ ਚੌਧਰ ਕਾਇਮ ਰੱਖਣ ਲਈ ਜੰਗਾਂ ਰਾਹੀਂ ਕੀਤੇ ਜਾ ਰਹੇ ਨਿਰਦੋਸ਼ ਲੋਕਾਂ ਦੇ ਘਾਣ ਦੀ ਸਖ਼ਤ ਨਿਖੇਧੀ ਕੀਤੀ। ਇਸ ਦੇ ਰੋਸ ਵਜੋਂ 23 ਮਾਰਚ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਪੁਤਲੇ ਫੂਕੇ ਜਾਣਗੇ। ਇਹਨਾਂ ਐਕਸ਼ਨਾਂ ਦੀ ਸਫਲਤਾ ਲਈ 18 ਮਾਰਚ ਨੂੰ ਬਲਾਕ ਪੱਧਰੀ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਪਟਿਆਲਾ ਜ਼ਿਲ੍ਹੇ ਵਿੱਚ ਇਹ ਮੁੱਖ ਪ੍ਰਦਰਸ਼ਨ ਪਾਤੜਾਂ, ਸਮਾਣਾ, ਨਾਭਾ, ਰਾਜਪੁਰਾ, ਘਨੌਰ ਅਤੇ ਪਟਿਆਲਾ ਵਿਖੇ ਕੀਤੇ ਜਾਣਗੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਧਰਮਪਾਲ ਸੀਲ, ਰਮਿੰਦਰ ਸਿੰਘ ਪਟਿਆਲਾ, ਕੁਲਵੰਤ ਸਿੰਘ ਮੌਲਵੀਵਾਲਾ, ਬਲਰਾਜ ਜੋਸ਼ੀ,ਹਰਭਜਨ ਸਿੰਘ ਧੂਹੜ,ਅਵਤਾਰ ਸਿੰਘ ਕੋਰਜੀਵਾਲਾ,ਪਵਨ ਸ਼ੋਗਲ ਪੁਰ,ਹਰਬੰਸ ਸਿੰਘ ਦਦਹੈੜਾ, ਦਵਿੰਦਰ ਸਿੰਘ ਪੂਨੀਆ, ਉੱਤਮ ਬਾਗੜੀ, ਗੁਰਚਰਨ ਸਿੰਘ,ਸੁਖਦੇਵ ਰਾਮ ਸੁਖੀ,ਧਰਮਪਾਲ ਲੋਟ, ਦੀਪਕ ਕੁਮਾਰ,ਮੰਗਤ ਸਿੰਘ ਅਤੇ ਬਲਜਿੰਦਰ ਖੇੜੀ ਆਦਿ ਸ਼ਾਮਿਲ ਸਨ।

Leave a Reply

Your email address will not be published. Required fields are marked *