ਖ਼ਾਲਸਾ ਕਾਲਜ ਪਟਿਆਲਾ ਵੱਲੋਂ ਹੋਸਟਲ ਦੀਆਂ ਵਿਦਿਆਰਥਣਾਂ ਲਈ ਫਰੈਸ਼ਰਜ਼ ਪਾਰਟੀ
ਪਟਿਆਲਾ 22 ਸਤੰਬਰ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਮਾਤਾ ਗੁਜਰੀ ਗਰਲਜ਼ ਹੋਸਟਲ ਵੱਲੋਂ ਨਵੀਂਆਂ ਆਈਆਂ ਵਿਦਿਆਰਥਣਾਂ ਨੂੰ ਫਰੈਸ਼ਰਜ਼ ਪਾਰਟੀ ਦਿੱਤੀ ਗਈ।
ਇਸ ਮੌਕੇ ਮੈਡਮ ਸਵਰਨਜੀਤ ਕੌਰ ਉੱਭਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥਣਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵਿਦਿਆਰਥਣਾਂ ਨੂੰ ਮਨ ਲਗਾ ਕੇ ਪੜ੍ਹਨ, ਕਾਲਜ ਦੇ ਦਿਨਾਂ ਦੇ ਅਨੰਦ ਮਾਣਨ ਦੇ ਨਾਲ-ਨਾਲ ਆਪਣੀਆਂ ਕਦਰਾਂ-ਕੀਮਤਾਂ ਨੂੰ ਸੁਚੱਜਾ ਰੱਖਣ ਦਾ ਸੁਨੇਹਾ ਦਿੱਤਾ।
ਕਾਲਜ ਦੇ ਸਾਬਕਾ ਵਾਈਸ ਪ੍ਰਿੰਸੀਪਲ ਮੈਡਮ ਅੰਬਿਕਾ ਨੇ ਆਪਣੇ ਖ਼ਾਲਸਾ ਕਾਲਜ ਨਾਲ ਲੰਬੇ ਪੁਰਾਣੇ ਸਬੰਧਾਂ ਬਾਰੇ ਵਿਦਿਆਰਥਣਾਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਆਪਣੇ ਸ਼ੁਭ ਵਿਚਾਰਾਂ ਨਾਲ ਵਿਦਿਆਰਥਣਾਂ ਨੂੰ ਅੱਗੇ ਵੱਧਣ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਵੀ ਕੀਤਾ।
ਇਸ ਪਾਰਟੀ ਦੌਰਾਨ ਕਾਲਜ ਦੇ ਡਿਪਟੀ ਪ੍ਰਿੰਸੀਪਲ ਡਾ. ਜਸਲੀਨ ਕੌਰ, ਮੈਡਮ ਪਰਮਿੰਦਰ ਕੌਰ ਕ੍ਰਾਂਤੀ ਅਤੇ ਡਾ. ਪੁਸ਼ਪਿੰਦਰ ਕੌਰ ਨੇ ਵੀ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਜੱਜ ਦੀ ਭੂਮਿਕਾ ਨਿਭਾਈ। ਇਸ ਫਰੈਸ਼ਰ ਪਾਰਟੀ ਦਾ ਆਰੰਭ ਸ਼ਾਮੀ 4:00 ਵਜੇ ਸ਼ਬਦ ਗਾਇਨ ਨਾਲ ਹੋਇਆ। ਇਸ ਪਾਰਟੀ ਦੌਰਾਨ ਵਿਦਿਆਰਥਣਾਂ ਦੇ ਕਈ ਪ੍ਰਕਾਰ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਵਿਦਿਆਰਥਣ ਸੁਖਵੀਰ ਕੌਰ-ਮਿਸ ਫਰੈਸ਼ਰ, ਵਿਦਿਆਰਥਣ ਵਿਭਾ-ਮਿਸ ਚਾਰਮਿੰਗ ਅਤੇ ਵਿਦਿਆਰਥਣ ਸ਼ਿਵਾਨੀ-ਮਿਸ ਟੈਲੈਂਟਡ ਚੁਣੇ ਗਏ। ਜਿਨ੍ਹਾਂ ਨੂੰ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ। ਪਾਰਟੀ ਦੌਰਾਨ ਵਿਦਿਆਰਥਣਾਂ ਵੱਲੋਂ ਭੰਗੜਾ, ਗਿੱਧਾ, ਗੀਤ, ਕਵਿਤਾਵਾਂ ਅਤੇ ਹੋਰ ਕਈ ਪ੍ਰਕਾਰ ਦੀਆਂ ਆਇਟਮਾਂ ਪੇਸ਼ ਕੀਤੀਆਂ ਗਈਆਂ।
ਹੋਸਟਲ ਦੇ ਚੀਫ਼ ਵਾਰਡਨ ਸ਼੍ਰੀਮਤੀ ਜਸਪ੍ਰੀਤ ਕੌਰ, ਵਾਰਡਨ ਸ਼੍ਰੀਮਤੀ ਰੁਪਿੰਦਰ ਕੌਰ ਅਤੇ ਅਸਿਸਟੈਂਟ ਵਾਰਡਨ ਮਿਸ ਰੁਪਿੰਦਰ ਕੌਰ ਦੇ ਯਤਨਾਂ ਸਦਕਾ ਇਹ ਪਾਰਟੀ ਸਾਰਿਆਂ ਦੇ ਮਨਾਂ ‘ਤੇ ਯਾਦਗਾਰੀ ਪੈੜਾਂ ਛੱਡ ਗਈ।

