ਅਕਾਲੀ ਗੁੰਡਾਗਰਦੀ ਦਾ ਸ਼ਿਕਾਰ ਹੋਈ ਇੱਕ ‘ਨੰਨ੍ਹੀ ਛਾਂ’, ਹੁਣ ਕਿੱਥੇ ਹੈ ਹਰਸਿਮਰਤ ਕੌਰ ਬਾਦਲ? : ਪ੍ਰੋ. ਬਲਜਿੰਦਰ ਕੌਰ
ਬਾਘਾਪੁਰਾਣਾ ਵਿੱਚ ਅਕਾਲੀ ਪਿਓ-ਪੁੱਤ ਦੀ ਮਾਰਕੁੱਟ ਦਾ ਸ਼ਿਕਾਰ ਗਰਭਵਤੀ ਨਰਸ ਦੇ ਘਰ ਪਹੁੰਚੀ ‘ਆਪ’ ਮਹਿਲਾ ਵਿੰਗ ਦੀ ਟੀਮ
ਚੰਡੀਗੜ , 23 ਸਤੰਬਰ (ਮਧੂਸਾਰ ਬਿਊਰੋ)
ਬਾਘਾਪੁਰਾਣਾ ਦੇ ਇੱਕ ਪ੍ਰਾਈਵੇਟ ਨਰਸਿੰਗ ਕਲੀਨਿਕ ਵਿੱਚ ਆਲਮਵਾਲਾ ਪਿੰਡ ਦੇ ਅਕਾਲੀ ‘ਸਰਪੰਚ’ ਪਰਮਜੀਤ ਸਿੰਘ ਅਤੇ ਉਸਦੇ ਪੁੱਤਰ ਗੁਰਜੀਤ ਸਿੰਘ ਵਲੋਂ ਗਰਭਵਤੀ ਨਰਸ ਰਮਨਜੀਤ ਕੌਰ ਦੇ ਨਾਲ ਕੀਤੀ ਗਈ ਬਦਸਲੂਕੀ ਅਤੇ ਮਾਰਕੁਟ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਦੀ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਡੁੱਬੀ ਬਾਦਲ ਸਰਕਾਰ ਨੇ ਥਾਂ-ਥਾਂ ‘ਤੇ ਗੁੰਡੇ ਪਾਲੇ ਹੋਏ ਹਨ। ਬਾਘਾਪੁਰਾਣਾ ਦੀ ਇਹ ਘਟਨਾ ਸਮੁੱਚੇ ਮਹਿਲਾ ਵਰਗ ਦੀ ਤੌਹੀਨ ਹੈ, ਜੋ ਬਰਦਾਸ਼ਤ ਤੋਂ ਬਾਹਰ ਹੈ।
ਸੁੱਕਰਵਾਰ ਨੂੰ ਪ੍ਰੋ. ਬਲਜਿੰਦਰ ਕੌਰ ਦੀ ਅਗਵਾਈ ਵਿੱਚ ‘ਆਪ’ ਟੀਮ ਬਾਘਾਪੁਰਾਣਾ ਦੇ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਿੱਚ ਪੀੜਿਤ ਨਰਸ ਰਮਨਜੀਤ ਕੌਰ ਦੇ ਘਰ ਪਹੁੰਚੀ ਅਤੇ ਰਮਨਦੀਪ ਕੌਰ ਦਾ ਹਾਲ- ਚਾਲ ਪੁੱਛਿਆ। ਉਨ੍ਹਾਂ ਦੇ ਨਾਲ ਪਾਰਟੀ ਦੇ ਬੁਲਾਰੇ ਯਾਮਿਣੀ ਗੌਮਰ, ਮਹਿਲਾ ਨੇਤਾ ਸੁਨੀਤਾ ਢੰਡ, ਊਸ਼ਾ ਰਾਣੀ ਅਤੇ ਅਮਨਦੀਪ ਕੌਰ ਅਰੋੜਾ ਵੀ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ ਲੀਗਲ ਸੈਲ ਨਾਲ ਸਬੰਧਤ ਰਮੇਸ਼ ਗਰੋਵਰ, ਬਲਜਿੰਦਰ ਸਿੰਘ ਖਾਲਸਾ, ਅਮਨ ਗਰੋਵਰ, ਅਮਿਤ ਪੁਰੀ, ਕਮਲ ਮੋਗਾ ਅਤੇ ਗੁਰਪ੍ਰੀਤ ਮਨਚੰਦਾ ਵੀ ਨਾਲ ਸਨ । ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਆੜੇ ਹੱਥੀ ਲੈਂਦੇ ਹੋਏ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸੂਬੇ ਵਿੱਚ ‘ਨੰਨ੍ਹੀ ਛਾਂ’ ਦੇ ਨਾਮ ‘ਤੇ ਔਰਤਾਂ ਦੀ ਰੱਖਿਆ ਕਰਨ ਦਾ ਢੌਂਗ ਕਰਣ ਵਾਲੀ ਹਰਸਿਮਰਤ ਕੌਰ ਬਾਦਲ ਹੁਣ ਕਿੱਥੇ ਹੈ? ਜਦੋਂ ਬਾਦਲ ਸਰਕਾਰ ਦੀ ਸ਼ਹਿ ਉੱਤੇ ਅਕਾਲੀ ਦਲ ਦੇ ਗੁੰਡੇ ਡਿਊਟੀ ਉੱਤੇ ਤੈਨਾਤ ਇੱਕ ਪੜ੍ਹੀ-ਲਿਖੀ ਲੜਕੀ ਦੇ ਨਾਲ ਮਾਰਕੁੱਟ ਕਰਦੇ ਹੋਏ ਧੱਕੇ, ਗਾਲੀ- ਗਲੌਚ ਅਤੇ ਧਮਕੀਆਂ ਦੇ ਰਹੇ ਹਨ। ਪ੍ਰੋ. ਬਲਜਿੰਦਰ ਕੌਰ ਕਿਹਾ ਕਿ ‘ਅਕਾਲੀ ਗੁੰਡਿਆਂ’ ਨੇ ਇਸ ਗੱਲ ਦੀ ਵੀ ਸ਼ਰਮ ਨਹੀਂ ਕੀਤੀ ਕਿ ਨਰਸ ਗਰਭਵਤੀ ਹੈ । ਪ੍ਰੋ. ਬਲਜਿੰਦਰ ਕੌਰ ਨੇ ਪੁੱਛਿਆ ਕਿ ਹਰਸਿਮਰਤ ਕੌਰ ਬਾਦਲ ਨੇ ਹਾਲੇ ਤੱਕ ਇਸ ਘਟਨਾ ਉੱਤੇ ਚੁਪੀ ਕਿਉਂ ਨਹੀਂ ਤੋੜੀ? ਪ੍ਰੋ. ਬਲਜਿੰਦਰ ਕੌਰ ਅਤੇ ਯਾਮਿਣੀ ਗੌਮਰ ਨੇ ਕਿਹਾ ਕਿ ਆਪਣੇ ਆਪ ਨੂੰ ‘ਸਰਪੰਚ’ ਕਹਿਣ ਵਾਲਾ ਪਰਮਜੀਤ ਸਿੰਘ ਖੁਦ ਸਰਪੰਚ ਨਹੀਂ ਸਗੋਂ ਉਸਦੀ ਪਤਨੀ ਪਿੰਡ ਆਲਮਵਾਲਾ ਦੀ ਸਰਪੰਚ ਹੈ। ਪ੍ਰੋ. ਬਲਜਿੰਦਰ ਕੌਰ ਦੇ ਅਨੁਸਾਰ ਪੀੜਿਤ ਰਮਨਦੀਪ ਕੌਰ ਨੇ ਦੱਸਿਆ ਕਿ ਅਕਾਲੀ ਨੇਤਾ ਅਤੇ ਉਸਦਾ ਪੁੱਤਰ ਲੇਡੀਜ ਨਰਸਿੰਗ ਰੂਮ ਵਿੱਚ ਆ ਕੇ ਤੁਰੰਤ ਬਿੱਲ ਬਣਾਉਣ ਲਈ ਬੋਲਣ ਲਗਾ ਜਦੋਂ ਉਸਨੇ ਕਿਹਾ ਕਿ ਇਹ ਲੇਡੀਜ ਰੂਮ (ਮਹਿਲਾ ਰੂਮ) ਹੈ ਤਾਂ ਪਿਓ-ਪੁੱਤ ਆਪੇ ਤੋਂ ਬਾਹਰ ਹੋ ਗਏ ਅਤੇ ਦੋਵੇਂ ਗੁੰਡਾਗਰਦੀ ‘ਤੇ ਉੱਤਰ ਆਏ। ਰਮਨਦੀਪ ਕੌਰ ਨੇ ਦੱਸਿਆ ਕਿ ਅਕਾਲੀ ਪਿਓ-ਪੁੱਤ ਦੀ ਸਾਰੀ ਕਰਤੂਤ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਹੈ। ਪ੍ਰੋ. ਬਲਜਿੰਦਰ ਕੌਰ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਪੁਲਿਸ ਪੂਰੀ ਤਰ੍ਹਾਂ ਅਕਾਲੀ ਤੰਤਰ ਦੇ ਦਬਾਅ ਵਿੱਚ ਕੰਮ ਕਰ ਰਹੀ ਹੈ। ‘ਆਪ’ ਮਹਿਲਾ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਕਾਲੀ ਦਲ ਨੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਭਰ ਦੀਆਂ ਔਰਤਾਂ ਬਾਦਲ ਸਰਕਾਰ ਵਿਰੁੱਧ ਮੁਜਹਾਰੇ ਕਰਨਗੀਆਂ।

