ਫੀਲਡ ਕਾਮਿਆਂ ਵੱਲੋਂ ਬੀ.ਐਮ.ਐਲ. ਕੰਪਲੈਕਸ ਵਿੱਚ ਰੋਸ ਧਰਨੇ ਤੇ ਮੁਜਾਹਰਾ
22 ਮਈ ਤੋਂ ਲਗਾਤਾਰ ਸੰਘਰਸ਼ ਦਾ ਐਲਾਨ
ਪਟਿਆਲਾ 5 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੀ.ਡਬਲਿਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਵੱਲੋਂ ਭਾਖੜਾ ਮੇਨ ਲਾਇਨ ਕੰਪਲੈਕਸ ਵਿੱਚ ਐਸ.ਡੀ.ਓ. ਦੇਵੀਗੜ੍ਹ (ਆਈ.ਵੀ.) ਦੇ ਦਫਤਰ ਸਾਹਮਣੇ ਮੇਟਾਂ ਦੀ ਆਪਸੀ ਬਦਲੀ ਲਾਗੂ ਨਾ ਕਰਨ ਤੇ ਹੋਰ ਮੰਗਾਂ ਨੂੰ ਲਾਗੂ ਨਾ ਕਰਨ ਕਰਕੇ ਇਕੱਤਰ ਹੋ ਕੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।
ਧਰਨੇ ਵਿੱਚ ਵੱਖ-ਵੱਖ ਬਰਾਂਚਾਂ ਤੋਂ ਅੰਤਾਂ ਦੀ ਗਰਮੀ ਵਿੱਚ ਆਪਣੇ ਬੈਨਰਾਂ ਅਤੇ ਮਾਟੋ ਸਮੇਤ ਨਾਅਰੇ ਮਾਰਦੇ ਮੁਲਾਜਮ ਧਰਨਿਆਂ ਵਿੱਚ ਪਹੁੰਚੇ। ਅੱਜ ਦੇ ਧਰਨੇ ਦੀ ਅਗਵਾਈ ਜਸਬੀਰ ਸਿੰਘ ਖੋਖਰ, ਗੁਰਦਰਸ਼ਨ ਬੱਲਾਂ, ਲਖਵਿੰਦਰ ਖਾਨਪੁਰ ਤੇ ਅਜੈਬ ਸਿੰਘ ਖਨੋਰੀ ਨੇ ਕੀਤੀ। ਬਾਅਦ ਵਿੱਚ ਜਲੂਸ ਦੀ ਸ਼ਕਲ ਵਿੱਚ ਨਾਅਰੇ ਮਾਰਦੇ ਹੋਏ ਭਾਖੜਾ ਮੇਨ ਲਾਇਨ ਮੰਡਲ ਦਫਤਰ ਵਿਖੇ ਪਹੁੰਚੇ।
ਧਰਨੇ ਨੂੰ ਸੰਬੋਧਨ ਕਰਦਿਆ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ, ਜਿਲ੍ਹਾ ਜਨਰਲ ਸਕੱਤਰ ਛੱਜੂ ਰਾਮ, ਹਰਵੀਰ ਸਿੰਘ ਪਟਿਆਲਾ, ਗੁਰਮੀਤ ਖਾਨਪੁਰ, ਕ੍ਰਿਸ਼ਨ ਕਲਵਾਣੂ ਨੇ ਕਿਹਾ ਕਿ ਅੱਜ ਦੂਜੀ ਵਾਰ ਐਕਸੀਅਨ ਭਾਖੜਾ ਮੇਨ ਲਾਇਨ ਦਫਤਰ ਸਾਹਮਣੇ ਧਰਨਾ ਲਗਾਇਆ। ਇਸ ਐਕਸ਼ਨ ਅਧੀਨ ਬੀ.ਐਮ.ਐਲ. ਨਹਿਰ 160 ਕਿਲੋਮੀਟਰ ਅਤੇ ਨਰਵਾਣਾ ਬਰਾਂਚ 50 ਕਿਲੋਮੀਟਰ ਦੋਵੇਂ ਇੰਟਰਸਟੇਟ ਨਹਿਰਾਂ 210 ਕਿਲੋਮੀਟਰ ਲਗਭਗ ਦਾ ਏਰੀਆ ਇਸ ਅਧਿਕਾਰੀ ਅਧੀਨ ਹੈ। ਇਸ ਅਧਿਕਾਰੀ ਦੀ ਦਫਤਰ ਵਿੱਚ ਹਾਜਰੀ ਨਾਮਾਤਰ ਹੈ। ਜਿਸ ਕਰਕੇ ਇਹ ਨੋਵੇਂ ਨਹਿਰਾਂ ਰੱਬ ਆਸਰੇ ਹੀ ਚੱਲਦੀਆਂ ਹਨ। ਉੱਥੇ ਹੀ ਮੁਲਾਜਮਾਂ ਦੀਆਂ ਮੁੱਖ ਮੰਗਾਂ ਮੁਲਾਜਮਾਂ ਦੇ ਅਦਾਇਗੀਆਂ ਦੇ ਬਿੱਲ ਸਮੇਂ ਸਿਰ ਖਜਾਨਾ ਦਫਤਰ ਨਾ ਭੇਜਣਾ, ਨਿੱਤ ਵਰਤੋ ਦਾ ਸਮਾਨ ਰੈਗੂਲਰ ਹੈਡਾਂ ਤੇ ਲਾਈਆਂ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣਾ, ਵਰਦੀਆਂ, ਨਹਿਰਾਂ ਅਤੇ ਰਜਬਾਹਿਆਂ ਦੀਆਂ ਗੇਜ ਪੱਤੀਆਂ ਨਾ ਹੋਣਾ, ਮੁਲਾਜਮਾਂ ਦਾ 16 ਨੰਬਰ ਫਾਰਮ ਅਤੇ 2016-17 ਦੀਆਂ ਜੀ.ਪੀ.ਫੰਡ ਦੀਆਂ ਸਟੇਟਮੈਂਟਾਂ, ਕੁਆਟਰਾਂ ਦੀ ਰਿਪੇਅਰ, ਦਰਜਾ ਚਾਰ ਦਾ ਕਣਕ ਕਰਜਾ ਆਦਿ ਮੰਗਾਂ ਸਮੇਂ ਸਿਰ ਲਾਗੂ ਨਾ ਹੋਣ ਕਾਰਨ ਮੁਲਾਜਮ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਦਰਸ਼ਨ ਰੋਂਗਲਾ ਪਾਤੜਾ, ਨਾਥ ਬੁਜਰਕ ਸਮਾਣਾ, ਅਮਰਨਾਥ ਸੀਲ, ਹਰੀ ਰਾਮ ਨਿੱਕਾ, ਪ੍ਰਕਾਸ਼ ਗੰਡਾਖੇੜੀ, ਜਗਤਾਰ ਸਿੰਘ, ਰਜਿੰਦਰ ਪਾਲ ਖਮਾਣੋ, ਮੇਹਰ ਸਿੰਘ ਰਾਜਪੁਰਾ, ਸਤਨਾਮ ਸੋਂਢਾ, ਮੱਘਰ ਖਨੋਰੀ, ਰਣਧੀਰ ਪਟਿਆਲਾ ਤੋਂ ਇਲਾਵਾ ਜੰਗਲਾਤ ਵਰਕਰ ਯੂਨੀਅਨ ਦੇ ਜਸਵਿੰਦਰ ਸੋਜਾ, ਪਸ਼ੂ ਪਾਲਣ ਦੇ ਭਜਨ ਸਿੰਘ, ਆਦਿ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਜੇਕਰ ਐਸ.ਡੀ.ਓ. ਦੇਵੀਗੜ੍ਹ (ਆਈ.ਬੀ.) ਪਟਿਆਲਾ ਨੇ ਅਤੇ ਐਕਸੀਅਨ ਬੀ.ਐਮ.ਐਲ. ਪਟਿਆਲਾ ਨੇ 21-5-2017 ਤੱਕ ਮੀਟਿੰਗ ਦਾ ਸਮਾਂ ਦੇ ਕੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਜੱਥੇਬੰਦੀ 22-5-2017 ਤੋਂ ਦੋਨੋ ਦਫਤਰਾਂ ਮੁਹਰੇ ਲਗਾਤਾਰ ਸੰਘਰਸ਼ ਕਰੇਗੀ। ਇਸ ਦੇ ਸਮੇਂ-ਸਮੇਂ ਅਨੁਸਾਰ ਬਦਲਵੇ ਰੂਪ ਹੋਣਗੇ। ਉਪਰੋਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਖੜਾ ਮੇਨ ਲਾਇਨ ਮੰਡਲ ਪਟਿਆਲਾ ਵਿੱਚ ਕਾਰਜਕਾਰੀ ਇੰਜੀਨੀਅਰ ਦੀ ਹਾਜ਼ਰੀ ਹਰ ਰੋਜ ਯਕੀਨੀ ਬਣਾਈ ਜਾਵੇ ਤਾਂ ਜੋ ਨਹਿਰਾਂ ਦੀ ਸੁਰੱਖਿਆ ਯਕੀਨੀ ਬਣ ਸਕੇ ਅਤੇ ਮੁਲਾਜਮਾਂ ਦੀਆਂ ਮੰਗਾਂ ਦਾ ਸਮੇਂ ਸਿਰ ਨਿਪਟਾਰਾ ਹੋ ਸਕੇ।

