ਪਾਕਿਸਤਾਨ ਨੂੰ ਅਤਿਵਾਦੀ ਦੇਸ਼ ਐਲਾਨਿਆ ਜਾਵੇ : ਬਨੌਤਰਾ
ਅਤਿਵਾਦੀਆਂ ਦੇ ਹੱਕ ‘ਚ ਬੋਲਣ ਵਾਲੇ ਨਵਾਜ਼ ਸ਼ਰੀਫ਼ ਕੋਲੋਂ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ
ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਾਗਰ)
ਮਜ਼ਦੂਰ ਯੂਨੀਅਨ ਪੰਜਾਬ ਨੇ ਅੱਜ ਇੱਥੇ ਮੀਟਿੰਗ ਕਰਕੇ ਜਿੱਥੇ ਉੜੀ ਖੇਤਰ ‘ਚ ਹੋਏ ਦਹਿਸ਼ਤੀ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ ਉੱਥੇ ਇਸਦੇ ਲਈ ਪੂਰੀ ਤਰ੍ਹਾਂ ਨਾਲ ਗੁਆਂਢੀ ਮੁਲਕ ਨੂੰ ਦੋਸ਼ੀ ਠਹਿਰਾਉਂਦਿਆਂ ਪਾਕਿਸਤਾਨ ਨੂੰ ਅਤਿਵਾਦੀ ਦੇਸ਼ ਐਲਾਨੇ ਜਾਣ ਦੀ ਮੰਗ ਉਠਾਈ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਲਾਲ ਬਨੌਤਰਾ ਨੇ ਮੀਟਿੰਗ ਦੌਰਾਨ ਕਿਹਾ ਕਿ ਪਾਕਿਸਤਾਨ ਅਤਿਵਾਦ ਦੀ ਨਰਸਰੀ ਬਣਦਾ ਜਾ ਰਿਹਾ ਹੈ ਅਤੇ ਉਸ ਵੱਲੋਂ ਆਏ ਦਿਨ ਭਾਰਤ ਦੀ ਸ਼ਾਂਤੀ ਭੰਗ ਕਰਨ ਲਈ ਆਪਣੇ ਦੁਆਰਾ ਸਿੱਖਿਅਤ ਕੀਤੇ ਦਹਿਸ਼ਤਗਰਦ ਇੱਧਰ ਭੇਜ ਕੇ ਦਹਿਸ਼ਤ ਫੈਲਾਈ ਜਾ ਰਹੀ ਹੈ। ਜਿਸਨੂੰ ਭਾਰਤ ਵਾਸੀ ਹੁਣ ਬਹੁਤੀ ਦੇਰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਤੋਂ ਇਸ ਸਬੰਧੀ ਕਿਸੇ ਕਾਰਵਾਈ ਦੀ ਉਮੀਦ ਨਹੀਂ ਕਰਨੀ ਚਾਹੀਦੀ ਕਿਉਂਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਤਾਂ ਪਹਿਲਾਂ ਹੀ ਅਤਿਵਾਦੀਆਂ ਸਾਹਮਣੇ ਗੋਡੇ ਟੇਕ ਦਿੱਤੇ ਹੋਏ ਹਨ। ਉਨ੍ਹਾਂ ਕਿਹਾ ਕਿ ਜਿਸ ਦੇਸ਼ ਦਾ ਮੁਖੀ ਹੀ ਅਤਿਵਾਦੀਆਂ ਦੇ ਹੱਕ ਵਿੱਚ ਬੋਲਦਾ ਹੋਵੇ, ਉਸ ਕੋਲੋਂ ਇਨਸਾਫ਼ ਦੀ ਕੀ ਆਸ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦੀਨਾਨਗਰ ਤੇ ਪਠਾਨਕੋਟ ਤੋਂ ਬਾਅਦ ਉੜੀ ਵਿੱਚ ਕੀਤੇ ਗਏ ਫ਼ਿਦਾਇਨ ਹਮਲਿਆਂ ‘ਚ ਮਾਰੇ ਗਏ ਅਤਿਵਾਦੀਆਂ ਕੋਲੋਂ ਮਿਲੇ ਸਬੂਤਾਂ ਨੇ ਪਾਕਿਸਤਾਨ ਦਾ ਚਿਹਰਾ ਪੂਰੀ ਤਰ੍ਹਾਂ ਨਾਲ ਨੰਗਾ ਕਰ ਦਿੱਤਾ ਹੈ ਪਰ ਇਸਦੇ ਬਾਵਜੂਦ ਉਹ ਖ਼ੁਦ ਨੂੰ ਪਾਕ ਸਾਫ਼ ਦੱਸ ਕੇ ਦੁਨੀਆਂ ਸਾਹਮਣੇ ਸ਼ਰੀਫ਼ ਬਣਨ ਦਾ ਢੌਂਗ ਰਚ ਰਿਹਾ ਹੈ।
ਸੂਬਾਈ ਆਗੂ ਨੇ ਕਿਹਾ ਕਿ ਪਾਕਿਸਤਾਨ ‘ਚ ਅਨੇਕਾਂ ਅਤਿਵਾਦੀ ਸਿਖਲਾਈ ਕੈਂਪ ਚੱਲ ਰਹੇ ਹਨ। ਜਿਸ ‘ਤੇ ਤੁਰੰਤ ਹਮਲਾ ਕਰਕੇ ਭਾਰਤ ਨੂੰ ਪਿਛਲੇ ਦਿਨਾਂ ਵਿੱਚ ਹੋਏ ਤਿੰਨਾਂ ਅਤਿਵਾਦੀ ਹਮਲਿਆਂ ਦਾ ਬਦਲਾ ਲੈਣਾ ਚਾਹੀਦਾ ਹੈ। ਇਸ ਮੌਕੇ ਮੀਟਿੰਗ ਵਿੱਚ ਨਰੇਸ਼ ਸ਼ਰਮਾ, ਕਰਨੈਲ ਚੰਦ, ਮੰਗਲਜੀਤ, ਆਸ਼ਾ ਰਾਣੀ, ਦਰਸ਼ਨਾ ਦੇਵੀ, ਰਚਨਾ ਦੇਵੀ, ਸ਼ਿਵਾਨੀ ਦੇਵੀ, ਮੋਹਨ ਲਾਲ, ਬਲਵੰਤ ਸਿੰਘ, ਪਵਨ ਕੁਮਾਰ, ਸ਼ਾਮ ਲਾਲ, ਰਾਜ ਕੁਮਾਰ, ਮਦਨ ਲਾਲ, ਯਸ਼ਪਾਲ ਅਤੇ ਜੀਵਨ ਲਾਲ ਮੁੱਖ ਰੂਪ ‘ਚ ਹਾਜ਼ਰ ਸਨ।

