ਪਟਿਆਲਾ

ਪਿੰਡ ਟੋਹੜਾ ਵਿਖੇ ਜਥੇ. ਟੋਹੜਾ ਦਾ ਜਨਮ ਦਿਨ ਮਨਾਇਆ

ਧਰਮ ਗ੍ਰੰਥਾਂ ਦੀ ਬੇਅਬਦੀ ਬੇਨਕਾਬ ਕਿਉਂ ਨਹੀ ਹੋਈ- ਹਰਮੇਲ ਟੋਹੜਾ
ਭਾਦਸੋਂ, (ਕੰਵਰ ਬੇਦੀ/ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਵਿਚ ਸਾਮਿਲ ਹੋਣ ਤੋ ਬਾਅਦ ਅੱਜ ਟੋਹੜਾ ਪਰਿਵਾਰ ਨੇ ਪਿੰਡ ਟੋਹੜਾ ਵਿਖੇ ਪੰਥ ਰਤਨ ਸੀ. ਜਥੇਦਾਰ ਗੁਰਚਰਨ ਸਿੰਘ ਟੋਹੜਾ ਦਾ ਜਨਮ ਦਿਨ ਮਨਾਇਆ ਗਿਆ । ਜਿੱਥੇ ਪਿੰਡ ਟੋਹੜਾ ਦੇ ਗੁਰੂਦਵਾਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ ਅਤੇ ਰਾਗੀ ਸਿੰਘਾਂ ਨੇ ਸੰਗਤਾਂ ਨੂੰ ਕੀਰਤਨ ਸੁਣਾਇਆ ।

ਦਿਲਚਸਪ ਗੱਲ ਇਹ ਰਹੀ ਕਿ ਇਸ ਸਮਾਗਮ ਵਿਚ ਜਥੇ.ਟੋਹੜਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਮ ਆਦਮੀ ਪਾਰਟੀ , ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਕਈ ਆਗੂ ਪਹੁੰਚੇ ਹੋਏ ਸਨ ਜੋ ਜਥੇ. ਟੋਹੜਾ ਦੇ ਸਾਥੀ ਰਹਿ ਚੁੱਕੇ ਸਨ । ਅਰਦਾਸ ਉਪਰੰਤ ਸੰਗਤ ਨੂੰ ਸੰਬੋਧਨ ਕਰਦਿਆਂ ਜਥੇ. ਟੋਹੜਾ ਦੇ ਜਵਾਈ ਸਾਬਕਾ ਮੰਤਰੀ ਸ. ਹਰਮੇਲ ਸਿੰਘ ਟੋਹੜਾ ਨੇ ਸੰਗਤ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਸਮਾਗਮ ਦਾ ਮਕਸਦ ਜਥੇ. ਟੋਹੜਾ ਦੀ ਸੋਚ ਤੋਂ ਸੇਧ ਲੈਣਾ ਹੈ । ਉਨ੍ਹਾਂ ਆਖਿਆ ਕਿ ਜਥੇ. ਟੋਹੜਾ ਨੇ ਸਾਰੀ ਜ਼ਿੰਦਗੀ ਸਿਧਾਂਤਾਂ ਦੀ ਰਾਜਨੀਤੀ ਕੀਤੀ ਜਿਸ ਕਰਕੇ ਉਨ੍ਹਾਂ ਨੂੰ ਕਦੀ ਵੀ ਚੋਣਾ ਜਿੱਤਣ ਲਈ ਪੈਸੇ ਦੀ ਜ਼ਰੂਰਤ ਨਹੀ ਪਈ । ਪਰ ਅੱਜ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ‘ਤੇ ਧਨਾਢਾਂ ਦਾ ਕਬਜ਼ਾ ਹੋ ਚੁੱਕਾ ਹੈ ਅਤੇ ਪਾਰਟੀ ਵਿਚੋਂ ਪੰਥਕ ਸਿਧਾਂਤ ਖ਼ਤਮ ਹੋ ਗਏ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰਨਾਂ ਧਰਮ ਗ੍ਰੰਥਾਂ ਦੀ ਬੇਅਬਦੀ ਦਾ ਜ਼ਿਕਰ ਕਰਦਿਆਂ ਸ. ਟੋਹੜਾ ਨੇ ਸਵਾਲ ਉਠਾਏ ਕਿ ਅੱਜ ਤੱਕ ਇਸ ਯੋਜਨਾਬੱਧ ਸਾਜ਼ਿਸ਼ ਨੂੰ ਬੇਨਕਾਬ ਕਿਉਂ ਨਹੀ ਕੀਤਾ ਜਾ ਰਿਹਾ ? ਉਨ੍ਹਾਂ ਦੋਸ਼ ਲਾਇਆ ਕਿ ਅੱਜ ਹੁਕਮਰਾਨ ਧਿਰਾਂ ‘ਚ ਸੱਤਾ ਦੀ ਲਾਲਸਾ ਏਨੀ ਜ਼ਿਆਦਾ ਵਧ ਗਈ ਹੈ ਕਿ ਧਾਰਮਿਕ ਗ੍ਰੰਥਾਂ ਦੀ ਬੇਅਬਦੀ ਨੂੰ ਰੋਕਣ ਦੀ ਬਜਾਏ ਇਸ ਨੂੰ ਸਿਆਸੀ ਮੁਫਾਦਾਂ ਲਈ ਵਰਤਿਆ ਜਾ ਰਿਹਾ ਹੈ । ਬਾਅਦ ਵਿਚ ਸ. ਟੋਹੜਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਮੁਖੀ ਸ੍ਰੀ ਅਰਵਿੰਦ ਕੇਜਰੀਵਾਲ ਵੀ ਜਥੇਦਾਰ ਟੋਹੜਾ ਤੋ ਬਹੁਤ ਪ੍ਰਭਾਵਿਤ ਹਨ ਅਤੇ ਉਹ ਵੀ ਅੱਜ ਦੇ ਸਮਾਗਮ ਵਿਚ ਸਾਮਿਲ ਹੋਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਇਹ ਸੰਭਵ ਨਹੀ ਹੋ ਸਕਿਆ । ਇਸਤੋ ਪਹਿਲਾ ਜਥੇ.ਟੋਹੜਾ ਦੇ ਸਾਥੀ ਰਹੇ ਕਾਂਗਰਸੀ ਆਗੂ ਰਜਿੰਦਰ ਸਿੰਘ ਟੋਹੜਾ ਨੇ ਬੜੇ ਭਾਵੁਕ ਲਹਿਜ਼ੇ ਵਿਚ ਜਥੇ. ਟੋਹੜਾ ਦੀ ਸ਼ਖ਼ਸੀਅਤ ਅਤੇ ਜੀਵਨ ਦੇ ਕੁੱਝ ਪਹਿਲੂਆਂ ਬਾਰੇ ਦੱਸਿਆ । ਇਸ ਮੌਕੇ ਆਪ ਆਗੂ ਸ. ਕਰਨਵੀਰ ਸਿੰਘ ਟਿਵਾਣਾ, ਹਰਿੰਦਰਪਾਲ ਸਿੰਘ ਟੋਹੜਾ, ਬੀਬੀ ਕੁਲਦੀਪ ਕੋਰ ਟੋਹੜਾ, ਸ੍ਰੀ ਦੇਵ ਮਾਨ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀ ਸੰਗਤ ਅਤੇ ਆਗੂ ਹਾਜ਼ਰ ਸਨ ।

Leave a Reply

Your email address will not be published. Required fields are marked *