ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਪ੍ਰਧਾਨ ਮੰਤਰੀ ਨੇ ਜੀਂਦ ਤੋਂ 14,721 ਕਰੋੜ ਰੁਪਏ ਦੀ ਲਾਗਤ ਵਾਲੇ 9 ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ

ਦਿੱਲੀ-ਜੰਮੂ-ਕਟੜਾ ਐਕਸਪ੍ਰੈਸਵੇਅ ਦਾ ਹਰਿਆਣਾ ਖੰਡ ਰਾਸ਼ਟਰ ਨੂੰ ਸਮਰਪਿਤ, ਅੰਬਾਲਾ-ਕਾਲਾ ਅੰਬ ਨੈਸ਼ਨਲ ਹਾਈ-ਵੇ ਅਤੇ ਕੁਰੂਕਸ਼ੇਤਰ ਐਲੀਵੇਟਿਡ ਰੇਲਵੇ ਟ੍ਰੈਕ ਦਾ ਵੀ ਕੀਤਾ ਉਦਘਾਟਨ

ਸਿੱਖ ਅਜਾਇਬ ਘਰ ਦਾ ਰੱਖਿਆ ਨੀਂਹ ਪੱਥਰ, ਸਿੱਖ ਇਤਿਹਾਸ, ਗੁਰੂਆਂ ਦੀਆਂ ਸਿੱਖਿਆਵਾਂ, ਬਹਾਦਰੀ ਅਤੇ ਕੁਰਬਾਨੀ ਦਾ ਆਧੁਨਿਕ ਤਕਨੀਕ ਰਾਹੀਂ ਹੋਵੇਗਾ ਪ੍ਰਦਰਸ਼ਨ

ਪੰਚਕੂਲਾ, 16 ਜੁਲਾਈ (ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਵਾਸੀਆਂ ਨੂੰ ਵੱਡੀ ਸੌਗਾਤ ਦਿੰਦਿਆਂ ਜੀਂਦ ਵਿੱਚ ਦੇਸ਼ ਦੀ ਪਹਿਲੀ ਹਾਈਡ੍ਰੋਜਨ ਫਿਉਲ ਅਧਾਰਤ ਯਾਤਰੀ ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਸਮੇਤ 14,721 ਕਰੋੜ ਰੁਪਏ ਦੀ ਲਾਗਤ ਵਾਲੇ 9 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਦੇਸ਼ ਦੀ ਪਹਿਲੀ ਹਾਈਡ੍ਰੋਜਨ ਫਿਉਲ ਅਧਾਰਤ ਟ੍ਰੇਨ ਦੀ ਸ਼ੁਰੂਆਤ ਦੀ ਇਸ ਇਤਿਹਾਸਕ ਪਹਿਲ ਨਾਲ ਹਰਿਆਣਾ ਹਰਿਤ ਆਵਾਜਾਈ ਕ੍ਰਾਂਤੀ ਦਾ ਮੋਹਰੀ ਬਣ ਗਿਆ ਹੈ।
ਸੜਕ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰਿਆਣਾ ਦੌਰੇ ਦੌਰਾਨ ਲਗਭਗ 9681 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਦਿੱਲੀ-ਜੰਮੂ-ਕਟੜਾ ਐਕਸਪ੍ਰੈਸਵੇਅ ਦਾ ਹਰਿਆਣਾ ਖੰਡ ਰਾਸ਼ਟਰ ਨੂੰ ਸਮਰਪਿਤ ਕੀਤਾ। ਰਾਸ਼ਟਰੀ ਰਾਜਧਾਨੀ ਨੂੰ ਜੰਮੂ-ਕਸ਼ਮੀਰ ਨਾਲ ਜੋੜਨ ਵਾਲਾ ਇਹ ਐਕਸਪ੍ਰੈਸਵੇਅ ਤੇਜ਼, ਸੁਰੱਖਿਅਤ ਅਤੇ ਨਿਰਵਿਘਨ ਸੜਕੀ ਸੰਪਰਕ ਪ੍ਰਦਾਨ ਕਰਨ ਵਾਲੀ ਦੇਸ਼ ਦੀ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਇਸ ਦੇ ਸ਼ੁਰੂ ਹੋਣ ਨਾਲ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੀ ਕਨੈਕਟੀਵਿਟੀ ਬਿਹਤਰ ਹੋਵੇਗੀ, ਸਫ਼ਰ ਦੇ ਸਮੇਂ ਵਿੱਚ ਕਮੀ ਆਵੇਗੀ ਅਤੇ ਵਪਾਰ, ਉਦਯੋਗ, ਸੈਰ-ਸਪਾਟਾ ਅਤੇ ਮਾਲ ਆਵਾਜਾਈ ਨੂੰ ਨਵੀਂ ਗਤੀ ਮਿਲੇਗੀ।
ਨਾਲ ਹੀ, ਪ੍ਰਧਾਨ ਮੰਤਰੀ ਨੇ ਲਗਭਗ 1184 ਕਰੋੜ ਰੁਪਏ ਦੀ ਲਾਗਤ ਨਾਲ ਬਣੇ 33.81 ਕਿਲੋਮੀਟਰ ਲੰਬੇ ਅੰਬਾਲਾ-ਕਾਲਾ ਅੰਬ ਨੈਸ਼ਨਲ ਹਾਈ-ਵੇ ਦਾ ਵੀ ਉਦਘਾਟਨ ਕੀਤਾ। ਇਸ ਰਾਸ਼ਟਰੀ ਰਾਜਮਾਰਗ ਦੇ ਚਾਲੂ ਹੋਣ ਨਾਲ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰੀ ਭਾਰਤ ਦੇ ਹੋਰ ਖੇਤਰਾਂ ਵਿਚਕਾਰ ਸੜਕੀ ਸੰਪਰਕ ਹੋਰ ਵੀ ਸੁਖਾਲਾ ਹੋਵੇਗਾ। ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਦੁਆਰਾ ਲਗਭਗ 1606 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ 40.60 ਕਿਲੋਮੀਟਰ ਲੰਬੇ ਜੀਂਦ-ਗੋਹਾਣਾ ਨੈਸ਼ਨਲ ਹਾਈ-ਵੇ ਦਾ ਉਦਘਾਟਨ ਕੀਤਾ ਗਿਆ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 135 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ 24.27 ਕਿਲੋਮੀਟਰ ਲੰਬਾਈ ਦੇ ਹਾਂਸੀ-ਬਰਵਾਲਾ ਨੈਸ਼ਨਲ ਹਾਈ-ਵੇ ਦਾ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਸੜਕੀ ਪ੍ਰੋਜੈਕਟਾਂ ਨਾਲ ਖੇਤਰੀ ਅਤੇ ਅੰਤਰ-ਜ਼ਿਲ੍ਹਾ ਸੰਪਰਕ ਹੋਰ ਮਜ਼ਬੂਤ ਹੋਵੇਗਾ, ਜਿਸ ਨਾਲ ਯਾਤਰੀਆਂ ਨੂੰ ਸੁਰੱਖਿਅਤ, ਸੁਖਾਲਾ ਅਤੇ ਤੇਜ਼ ਆਵਾਜਾਈ ਦੀ ਸਹੂਲਤ ਮਿਲੇਗੀ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੁਰੂਕਸ਼ੇਤਰ ਵਿੱਚ 372 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਐਲੀਵੇਟਿਡ ਰੇਲਵੇ ਟ੍ਰੈਕ ਦਾ ਵੀ ਉਦਘਾਟਨ ਕੀਤਾ। ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਸ਼ਹਿਰ ਵਿੱਚ ਲੰਬੇ ਸਮੇਂ ਤੋਂ ਰੇਲਵੇ ਫਾਟਕਾਂ ’ਤੇ ਲੱਗਣ ਵਾਲੇ ਜਾਮ ਤੋਂ ਰਾਹਤ ਮਿਲੇਗੀ, ਸੜਕੀ ਆਵਾਜਾਈ ਵਧੇਰੇ ਸੁਖਾਲੀ ਹੋਵੇਗੀ ਅਤੇ ਰੇਲ ਅਤੇ ਸੜਕ ਦੋਵਾਂ ਦੀ ਸੰਚਾਲਨ ਸਮਰੱਥਾ ਵਿੱਚ ਵਾਧਾ ਹੋਵੇਗਾ। ਇਹ ਪ੍ਰੋਜੈਕਟ ਆਧੁਨਿਕ ਸ਼ਹਿਰੀ ਆਵਾਜਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਭਿਵਾਨੀ ਅਤੇ ਕੋਰੀਆਵਾਸ ਦੇ ਨਵੇਂ ਸਰਕਾਰੀ ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ
ਸਿਹਤ ਖੇਤਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਲਗਭਗ 594 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਪੰਡਿਤ ਨੇਕੀ ਰਾਮ ਸ਼ਰਮਾ ਸਰਕਾਰੀ ਮੈਡੀਕਲ ਕਾਲਜ, ਭਿਵਾਨੀ ਅਤੇ ਲਗਭਗ 844 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਮਹਾਰਿਸ਼ੀ ਚਯਵਨ ਮੈਡੀਕਲ ਕਾਲਜ ਅਤੇ ਰਾਓ ਤੁਲਾਰਾਮ ਹਸਪਤਾਲ, ਕੋਰੀਆਵਾਸ (ਨਾਰਨੌਲ) ਦਾ ਉਦਘਾਟਨ ਕੀਤਾ।
ਹਰਿਆਣਾ ਦੀ ਅਮੀਰ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਸੰਭਾਲਣ ਅਤੇ ਭਵਿੱਖ ਦੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੁਰੂਕਸ਼ੇਤਰ ਵਿੱਚ ਸਿੱਖ ਅਜਾਇਬ ਘਰ ਦਾ ਨੀਂਹ ਪੱਥਰ ਵੀ ਰੱਖਿਆ। ਲਗਭਗ 164 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਇਹ ਅਜਾਇਬ ਘਰ ਸਿੱਖ ਇਤਿਹਾਸ, ਗੁਰੂਆਂ ਦੀਆਂ ਸਿੱਖਿਆਵਾਂ, ਬਹਾਦਰੀ, ਕੁਰਬਾਨੀ ਅਤੇ ਭਾਰਤੀ ਸੱਭਿਆਚਾਰ ਵਿੱਚ ਸਿੱਖ ਭਾਈਚਾਰੇ ਦੇ ਅਮੁੱਲ ਯੋਗਦਾਨ ਨੂੰ ਆਧੁਨਿਕ ਤਕਨੀਕ ਰਾਹੀਂ ਪ੍ਰਦਰਸ਼ਿਤ ਕਰੇਗਾ। ਇਸ ਨਾਲ ਕੁਰੂਕਸ਼ੇਤਰ ਦੀ ਧਾਰਮਿਕ ਅਤੇ ਸੱਭਿਆਚਾਰਕ ਪਛਾਣ ਹੋਰ ਮਜ਼ਬੂਤ ਹੋਵੇਗੀ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਇਹ ਇੱਕ ਮਹੱਤਵਪੂਰਨ ਖਿੱਚ ਦਾ ਕੇਂਦਰ ਬਣੇਗਾ।

Leave a Reply

Your email address will not be published. Required fields are marked *