ਪੰਜਾਬ

ਮੰਤਰੀ ਮੰਡਲ ਵੱਲੋਂ ਸਰਜੀਕਲ ਓਪਰੇਸ਼ਨ ਵਾਸਤੇ ਪ੍ਰਧਾਨ ਮੰਤਰੀ ਅਤੇ ਫੌਜ ਦੀ ਸਰਾਹਨਾ

ਚੰਡੀਗੜ੍ਹ, 29 ਸਤੰਬਰ (ਮਧੂਸਾਰ ਬਿਊਰੋ)
ਪੰਜਾਬ ਮੰਤਰੀ ਮੰਡਲ ਨੇ ਪਿਛਲੀ ਰਾਤ ਭਾਰਤੀ ਫੌਜ ਵੱਲੋਂ ਕਸ਼ਮੀਰ ਵਿਚ ਅਸਲ ਕਬਜੇ ਵਾਲੀ ਰੇਖਾ ਤੋਂ ਪਾਰ ਅੱਤਵਾਦੀਆਂ ਅਤੇ ਉਨ੍ਹਾਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਵਾਲਿਆਂ ਵਿਰੁੱਧ ਢੁੱਕਵੀਂ, ਪ੍ਰਭਾਵੀ ਅਤੇ ਸਮੇਂ ਸਿਰ ਕੀਤੇ ਸਰਜੀਕਲ ਓਪਰੇਸ਼ਨ ਦੀ ਸਰਾਹਨਾ ਕੀਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅੱਜ ਸ਼ਾਮ ਪੰਜਾਬ ਭਵਨ ਵਿਖੇ ਮੰਤਰੀ ਮੰਡਲ ਦੀ ਸੱਦੀ ਗਈ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਸਾਡੇ ਨਾਗਰਿਕਾਂ ਵਿਰੁੱਧ ਕਾਰਵਾਈ ਲਈ ਵਰਤੇ ਜਾਂਦੇ ਟਕਾਣਿਆਂ ਅਤੇ ਕੈਂਪਾਂ ਨੂੰ ਤਹਿਸ-ਨਹਿਸ ਕਰਨ ਲਈ ਸਰਜੀਕਲ ਓਪਰੇਸ਼ਨ ਕਰਨ ਵਾਸਤੇ ਦਿੱਤੇ ਹੁਕਮ ਲਈ ਮਾਣਯੋਗ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕੀਤੀ ਗਈ। ਇਹ ਕਾਰਵਾਈ ਭਾਰਤੀ ਫੌਜ ਦੇ ਬਹਾਦਰ ਫੌਜੀਆਂ ਨੇ ਬਹੁਤ ਹੀ ਕੁਸ਼ਲਤਾ ਅਤੇ ਪੇਸ਼ੇਵਰ ਢੰਗ ਨਾਲ ਕੀਤੀ। ਪੰਜਾਬ ਜਿਸ ਨੂੰ ਭਾਰਤ ਦੀ ਖੜਗ ਭੁਜਾ ਵਜੋਂ ਜਾਣਿਆ ਜਾਂਦਾ ਹੈ ਨੇ ਇਨ੍ਹਾਂ ਤੱਤਾਂ ਦੀਆਂ ਅਣਮਨੁੱਖੀ ਅਤੇ ਘਿਨਾਉਣੀਆਂ ਕਾਰਵਾਈਆਂ ਕਾਰਨ ਵੱਡਾ ਨੁਕਸਾਨ ਝੱਲਿਆ ਹੈ। ਇਨ੍ਹਾਂ ਤੱਤਾਂ ਦਾ ਮੁੱਖ ਨਿਸ਼ਾਨਾ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਢਾਹ ਲਾਉਣਾ ਹੈ ਜਿਸ ਦੀ ਗਵਾਹੀ ਦੀਨਾਨਗਰ ਅਤੇ ਪਠਾਨਕੋਟ ਵਿਚ ਹੋਏ ਹਮਲੇ ਭਰਦੇ ਹਨ।ਭਾਰਤ ਅਤੇ ਪੰਜਾਬ ਦੀਆਂ ਸਰਕਾਰਾਂ ਕਸ਼ਮੀਰ ਵਿਚ ਅਸਲ ਕਬਜੇ ਵਾਲੀ ਰੇਖਾ ਅਤੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਉੱਤੇ ਪੈਂਦੇ ਬਾਕੀ ਇਲਾਕਿਆਂ ਵਿਚ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਪਾਕਿਸਤਾਨ ਨਾਲ ਲਗਦੀ ਸਰਹੱਦ ਉੱਤੇ ਵਸੇ ਲੋਕਾਂ ਦੀ ਜਾਨ ਅਤੇ ਮਾਲ ਨੂੰ ਪੈਦਾ ਹੋਈਆਂ ਚੁਣੌਤੀਆਂ ਤੋਂ ਪੂਰੀ ਤਰ੍ਹਾਂ ਜਾਣੂ ਹਨ। ਇਸ ਕਰਕੇ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ 10 ਕਿਲੋਮੀਟਰ ਦੀ ਪੱਟੀ ਵਿਚੋਂ ਆਮ ਲੋਕਾਂ ਨੂੰ ਉਠਾ ਕੇ ਕਿਸੇ ਸੁਰੱਖਿਅਤ ਥਾਂ ‘ਤੇ ਲਿਜਾਣ ਦੀ ਸਲਾਹ ਦਿੱਤੀ ਹੈ। ਇਸੇ ਕਰਕੇ ਅਸੀਂ ਇਨ੍ਹਾਂ ਸਰਹੱਦੀ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਦੀ ਜਾਨ-ਮਾਲ ਦੀ ਲੋੜੀਂਦੀ ਸੁਰੱਖਿਆ ਵਾਸਤੇ ਹਰ ਲੋੜੀਂਦਾ ਕਦਮ ਚੁੱਕਣਾ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ। ਸੂਬੇ ਦੀ ਸਮੁੱਚੀ ਸਰਕਾਰੀ ਮਸ਼ੀਨਰੀ ਨੂੰ ਲੋਕਾਂ ਦੀ ਸੇਵਾ ਲਈ ਦਿਨ-ਰਾਤ ਸਰਗਰਮ ਕਰ ਦਿੱਤਾ ਹੈ ਤਾਂ ਜੋ ਬਹਾਦਰ ਅਤੇ ਦੇਸ਼ ਭਗਤ ਪੰਜਾਬੀਆਂ ਨੂੰ ਘੱਟ ਤੋਂ ਘੱਟ ਅਸੁਵਿਧਾ ਅਤੇ ਔਖਿਆਈ ਹੋਵੇ। ਪੰਜਾਬ ਸਰਕਾਰ ਦੇ ਸਾਰੇ ਮੁਲਾਜ਼ਮਾਂ ਤੋਂ ਇਲਾਵਾ ਸਾਰੇ ਮੰਤਰੀ, ਵਿਧਾਇਕ ਅਤੇ ਸਰਕਾਰੀ ਅਹੁਦਿਆਂ ਉੱਤੇ ਕੰਮ ਕਰ ਰਹੀਆਂ ਹੋਰ ਹਸਤੀਆਂ ਹਰ ਸਮੇਂ ਭਾਰਤ ਸਰਕਾਰ ਦੀ ਸਲਾਹ ਦੇ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਅਤੇ ਮਸ਼ਵਰੇ ਲਈ ਉਪਲਭਦ ਰਹਿਣਗੀਆਂ।
ਮੰਤਰੀ ਮੰਡਲ ਨੇ ਪੰਜਾਬ ਦੇ ਲੋਕਾਂ ਨੂੰ ਇੱਕਮੁਠ ਰਹਿਣ ਅਤੇ ਦੁਸ਼ਮਣਾਂ ਤੋਂ ਚੌਕਸ ਰਹਿਣ ਤੋਂ ਇਲਾਵਾ ਲੋਕਾਂ ਨੂੰ ਨਿਸ਼ਕਾਮ ਸੇਵਾ ਅਤੇ ਦੇਸ਼ ਭਗਤੀ ਵਾਲੀਆਂ ਰਵਾਇਤਾਂ ‘ਤੇ ਅਡੋਲ ਰਹਿਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *