ਸਰਹੱਦੀ ਜ਼ਿਲ੍ਹਿਆਂ ਵਿੱਚ ਛੇ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਦੀ ਤਾਇਨਾਤੀ
ਵਧੀਕ ਮੁੱਖ ਸਕੱਤਰ ਗ੍ਰਹਿ ਅਤੇ ਡਾਇਰੈਕਟਰ ਜਨਰਲ (ਅਮਨ ਤੇ ਕਾਨੂੰਨ) ਅੰਮ੍ਰਿਤਸਰ ਪਹੁੰਚੇ
ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋਂ ਸਮੁੱਚੀ ਸਥਿਤੀ ‘ਤੇ ਨੇੜਿਓਂ ਨਜ਼ਰ
ਮੁੱਖ ਸਕੱਤਰ ਵੱਲੋਂ ਸੂਬਾ ਪੱਧਰੀ ਡਿਜ਼ਾਸਟਰ ਰਿਸਪਾਂਸ ਕਮੇਟੀ ਦੀ ਹੰਗਾਮੀ ਮੀਟਿੰਗ
ਚੰਡੀਗੜ੍ਹ, 29 ਸਤੰਬਰ: 29 ਸਤੰਬਰ (ਮਧੂਸਾਰ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ ‘ਤੇ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਮੌਜੂਦਾ ਹਾਲਤਾਂ ਵਿੱਚੋਂ ਪੈਦਾ ਹੋਣ ਵਾਲੀ ਕਿਸੇ ਵੀ ਸੰਭਾਵਨਾ ਦਾ ਸਾਹਮਣਾ ਕਰਨ ਲਈ ਸਮੁੱਚੇ ਸੂਬਾ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਸਰਗਰਮ ਕਰ ਦਿੱਤਾ ਗਿਆ ਹੈ।
ਸ. ਬਾਦਲ ਨੇ ਇਹ ਪ੍ਰਗਟਾਵਾ ਅੱਜ ਸ਼ਾਮ ਪੰਜਾਬ ਭਵਨ ਵਿਖੇ ਸਥਿਤੀ ਦਾ ਜਾਇਜ਼ਾ ਲੈਣ ਲਈ ਸੱਦੀ ਮੰਤਰੀ ਮੰਡਲ ਦੀ ਇੱਕ ਵਿਸ਼ੇਸ਼ ਮੀਟਿੰਗ ਤੋਂ ਤੁਰੰਤ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿਚ ਅੰਤਰਰਾਸ਼ਟਰੀ ਸਰਹੱਦ ਨਾਲ ਲਗਦੀ 10 ਕਿਲੋਮੀਟਰ ਦੇ ਦਾਇਰੇ ਵਿੱਚੋਂ ਆਮ ਲੋਕਾਂ ਨੂੰ ਬਾਹਰ ਕੱਢਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਭਾਰਤੀ ਫੌਜ ਵੱਲੋਂ ਕੀਤੇ ਗਏ ਸਰਜੀਕਲ ਓਪਰੇਸ਼ਨ ਤੋਂ ਬਾਅਦ ਅੰਤਰਰਾਸ਼ਟਰੀ ਸਰਹੱਦ ਉੱਤੇ ਵਿਰੋਧ ਵਿਚ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ਕਰਕੇ ਪੰਜਾਬ ਵਿਚ ਸਰਹੱਦ ਦੇ ਉੱਤੇ ਵਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਭੇਜਣ ਲਈ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ।
ਇਸੇ ਦੌਰਾਨ ਹੀ ਵਧੀਕ ਮੁੱਖ ਸਕੱਤਰ ਗ੍ਰਹਿ ਅਤੇ ਡਾਇਰੈਕਟਰ ਜਨਰਲ ਅਮਨ ਤੇ ਕਾਨੂੰਨ ਨੂੰ ਸਰਹੱਦੀ ਇਲਾਕਿਆਂ ਵਿਚੋਂ ਲੋਕਾਂ ਨੂੰ ਬਾਹਰ ਕੱਢਣ ਦੇ ਕੰਮ ‘ਤੇ ਨਿਗਰਾਨੀ ਰੱਖਣ ਲਈ ਅੰਮ੍ਰਿਤਸਰ ਵਿਖੇ ਡੇਰਾ ਲਾਉਣ ਲਈ ਆਖਿਆ ਗਿਆ ਹੈ। ਪੰਜਾਬ ਸਰਕਾਰ ਨੇ ਪਹਿਲਾਂ ਹੀ ਲੋਕਾਂ ਨੂੰ ਪਿੱਛੇ ਹਟਾਉਣ ਦੇ ਕਾਰਜ ਉੱਤੇ ਨਿਗਰਾਨੀ ਰੱਖਣ ਅਤੇ ਤਾਲਮੇਲ ਕਰਨ ਲਈ ਹਰੇਕ ਸਰਹੱਦੀ ਜ਼ਿਲ੍ਹੇ ਵਿਚ ਇੱਕ ਆਈ.ਏ.ਐਸ ਪੱਧਰ ਦੇ ਅਧਿਕਾਰੀ ਨੂੰ ਤਾਇਨਾਤ ਕੀਤਾ ਹੈ। ਨਿਰਦੇਸ਼ਾਂ ਦੇ ਮੁਤਾਬਿਕ ਸ੍ਰੀ ਆਰ. ਵੈਂਕਟਾਰਤਨਮ ਨੂੰ ਫਿਰੋਜ਼ਪੁਰ ਵਿਖੇ, ਸ੍ਰੀ ਏ. ਵੇਨੂੰਪ੍ਰਸ਼ਾਦ ਨੂੰ ਫਾਜ਼ਿਲਕਾ ਵਿਖੇ, ਸ੍ਰੀ ਐਸ.ਆਰ. ਲੱਧੜ ਨੂੰ ਪਠਾਨਕੋਟ ਵਿਖੇ, ਸ੍ਰੀ ਵਿਵੇਕ ਪ੍ਰਤਾਪ ਸਿੰਘ ਨੂੰ ਗੁਰਦਾਸਪੁਰ ਵਿਖੇ, ਸ੍ਰੀ ਕੇ.ਐਸ. ਪਨੂੰ ਨੂੰ ਅੰਮ੍ਰਿਤਸਰ ਵਿਖੇ ਅਤੇ ਸ੍ਰੀ ਐਚ.ਐਸ. ਨੰਦਾ ਨੂੰ ਤਰਨ ਤਾਰਨ ਵਿਖੇ ਤਾਇਨਾਤ ਕੀਤਾ ਹੈ।
ਸ. ਬਾਦਲ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਨਿੱਜੀ ਤੌਰ ‘ਤੇ ਇਨ੍ਹਾਂ ਇਲਾਕਿਆਂ ਦੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਮੌਜੂਦਾ ਸਥਿਤੀ ਬਾਰੇ ਟੈਲੀਫੋਨ ‘ਤੇ ਗੱਲਬਾਤ ਕੀਤੀ ਅਤੇ ਆਮ ਲੋਕਾਂ ਨੂੰ ਸਾਰੀ ਜ਼ਰੂਰੀ ਸਹਾਇਤਾ ਮੁਹੱਈਆ ਕਰਵਾਉਣ ਲਈ ਆਖਿਆ ਹੈ ਤਾਂ ਜੋ ਇਨ੍ਹਾਂ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਸ. ਬਾਦਲ ਨੇ ਇਹ ਵੀ ਦੱਸਿਆ ਕਿ ਇਸ ਦੇ ਨਾਲ ਫਾਜ਼ਿਲਕਾ ਦੇ 60, ਫਿਰੋਜ਼ਪੁਰ ਦੇ 300, ਤਰਨ ਤਾਰਨ ਦੇ 135, ਅੰਮ੍ਰਿਤਸਰ ਦੇ 137, ਗੁਰਦਾਸਪੁਰ ਦੇ 190 ਅਤੇ ਪਠਾਨਕੋਟ ਦੇ 65 ਪਿੰਡ ਪ੍ਰਭਾਵਿਤ ਹੋਏ ਹਨ। ਜ਼ਿਆਦਾ ਤਰ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਕੋਲ ਜਾ ਰਹੇ ਹਨ। ਇਸ ਤੋਂ ਇਲਾਵਾ ਇਥੋਂ ਉਠਾਏ ਜਾ ਰਹੇ ਲੋਕਾਂ ਲਈ ਸਕੂਲਾਂ, ਕਮਿਊਨਿਟੀ ਸੈਂਟਰਾਂ, ਮੈਰਿਜ ਪੈਲਸਾਂ ਅਤੇ ਹੋਰਨਾਂ ਥਾਵਾਂ ਉੱਤੇ ਕੈਂਪ ਸਥਾਪਤ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਜਿਨ੍ਹਾਂ ਕੋਲ ਗ੍ਰਹਿ ਮੰਤਰੀ ਦਾ ਵੀ ਚਾਰਜ ਹੈ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਸਵੇਰੇ ਮੁੱਖ ਸਕੱਤਰ ਅਤੇ ਪੁਲਿਸ ਦੇ ਡਾਇਰੈਕਟਰ ਜਨਰਲ ਨਾਲ ਵਿਸਤ੍ਰਤ ਮੀਟਿੰਗ ਕੀਤੀ ਅਤੇ ਸਥਿਤੀ ਤੋਂ ਨਿਪਟਣ ਲਈ ਜ਼ਰੂਰੀ ਕਦਮ ਚੁੱਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ।
ਇਸ ਤੋਂ ਬਾਅਦ ਮੁੱਖ ਸਕੱਤਰ ਨੇ ਅੱਜ ਦੁਪਿਹਰ ਸੂਬਾ ਪੱਧਰੀ ਡਿਜ਼ਾਸਟਰ ਰਿਸਪਾਂਸ ਕਮੇਟੀ ਦੀ ਹੰਗਾਮੀ ਮੀਟਿੰਗ ਕੀਤੀ ਜਿਸ ਵਿਚ ਵਧੀਕ ਮੁੱਖ ਸਕੱਤਰ ਗ੍ਰਹਿ, ਵਧੀਕ ਮੁੱਖ ਸਕੱਤਰ ਖੇਤੀਬਾੜੀ, ਵਧੀਕ ਮੁੱਖ ਸਕੱਤਰ ਸਕੂਲ ਸਿੱਖਿਆ, ਡੀ.ਜੀ.ਪੀ, ਪ੍ਰਮੁੱਖ ਸਕੱਤਰ ਸਿਹਤ, ਸਕੱਤਰ ਪੀ.ਡਬਲਯੂ.ਡੀ, ਸਕੱਤਰ ਸਿੰਚਾਈ, ਸਕੱਤਰ ਜਨ ਸਿਹਤ, ਡੀ.ਜੀ.ਪੀ (ਕਾਨੂੰਨ ਤੇ ਵਿਵਸਥਾ), ਆਈ.ਜੀ. ਇੰਟੈਲੀਜੈਂਸ ਅਤੇ ਹੋਰ ਸ਼ਾਮਲ ਹੋਏ। ਇਸ ਕਮੇਟੀ ਨੇ ਇਨ੍ਹਾਂ ਛੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਮੁਖੀਆਂ ਤੋਂ ਇਲਾਵਾ ਆਈ.ਜੀ.ਪੀ. ਸਰਹੱਦੀ ਰੇਂਜ ਨਾਲ ਵੀਡੀਓ ਕਾਨਫਰੰਸ ਕੀਤੀ। ਲੋਕਾਂ ਨੂੰ ਬਿਨਾਂ ਕਿਸੇ ਅਸੁਵਿਧਾ ਦੇ ਸਰਹੱਦੀ ਪੱਟੀ ਵਿੱਚੋਂ ਬਾਹਰ ਕੱਢਣ ਦੇ ਲਈ ਸਹੂਲਤ ਮੁਹੱਈਆ ਕਰਵਾਉਣ ਵਾਸਤੇ ਹਰੇਕ ਡਿਪਟੀ ਕਮਿਸ਼ਨਰ ਨੂੰ ਇਕ-ਇਕ ਕਰੋੜ ਰੁਪਏ ਦੇ ਦਿੱਤੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਇਸ ਪੱਟੀ ਵਿਚੋਂ ਉਠਾਏ ਲੋਕਾਂ ਲਈ ਵਿਸ਼ੇਸ਼ ਕੈਂਪਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਉਨ੍ਹਾਂ ਲਈ ਸਿਹਤ ਸੇਵਾਵਾਂ ਦੀ ਸਹੂਲਤ, ਪੀਣ ਵਾਲੇ ਪਾਣੀ, ਪਖਾਨੇ, ਲੰਗਰ ਅਤੇ ਉਨ੍ਹਾਂ ਵੱਲੋਂ ਖਾਲੀ ਕੀਤੇ ਗਏ ਘਰਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

