ਪੰਜਾਬ ਸਟੇਟ ਐਰੋਨੋਟੀਕਲ ਇੰਜੀਨੀਅਰਿੰਗ ਕਾਲਜ ਵਿਖੇ ਤਿੰਨ ਰੋਜ਼ਾ ਯੂ.ਐੱਚ.ਵੀ. ਵਰਕਸ਼ਾਪ ਸੰਪੰਨ, ਮਾਹਿਰਾਂ ਦਾ ਕੀਤਾ ਵਿਸ਼ੇਸ਼ ਸਨਮਾਨ
ਅਜਿਹੇ ਪ੍ਰੋਗਰਾਮ ਅਧਿਆਪਕਾਂ ਦੇ ਨਾਲ- ਨਾਲ ਵਿਦਿਆਰਥੀਆਂ ਦੀ ਜਿੰਦਗੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ- ਡਾਇਰੈਕਟਰ ਡਾ. ਬਲਰਾਜ
ਪਟਿਆਲਾ, 3 ਅਕਤੂਬਰ: (ਮਧੂਸਾਰ ਬਿਊਰੋ) ਆਲ ਇੰਡੀਆ ਕੌਂਸਲ ਫ਼ਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.), ਨਵੀਂ ਦਿੱਲੀ ਦੇ ਸਹਿਯੋਗ ਨਾਲ ਪੰਜਾਬ ਸਟੇਟ ਐਰੋਨੋਟੀਕਲ ਇੰਜੀਨੀਅਰਿੰਗ ਕਾਲਜ, ਪਟਿਆਲਾ ਵਿਖੇ ਆਯੋਜਿਤ ਤਿੰਨ ਰੋਜ਼ਾ ‘ਯੂਨੀਵਰਸਲ ਹਿਊਮਨ ਵੈਲਿਊਜ਼’ ਫੈਕਲਟੀ ਡਿਵੈਲਪਮੈਂਟ ਵਰਕਸ਼ਾਪ ਸਫ਼ਲਤਾਪੂਰਵਕ ਸੰਪੰਨ ਹੋ ਗਈ। ਡਾਇਰੈਕਟਰ ਡਾ. ਬਲਰਾਜ ਸਿੰਘ ਦੀ ਰਹਿਨੁਮਾਈ ਹੇਠ ਹੋਈ ਇਸ ਵਰਕਸ਼ਾਪ ਵਿੱਚ ਪੰਜਾਬ, ਚੰਡੀਗੜ੍ਹ ਅਤੇ ਮੱਧ ਪ੍ਰਦੇਸ਼ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਤੋਂ 70 ਤੋਂ ਵੱਧ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਮੁੱਖ ਬੁਲਾਰੇ ਡਾ. ਪ੍ਰਿਆ ਦਰਸ਼ਨੀ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੀ ਨੀਂਹ ਹੁੰਦੇ ਹਨ, ਇਸ ਲਈ ਤਕਨੀਕੀ ਸਿੱਖਿਆ ਦੇ ਨਾਲ ਵਿਦਿਆਰਥੀਆਂ ਅੰਦਰ ਨੈਤਿਕ ਕਦਰਾਂ-ਕੀਮਤਾਂ, ਜ਼ਿੰਮੇਵਾਰੀ ਅਤੇ ਆਪਸੀ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਲਾਜ਼ਮੀ ਹੈ।
ਸਮਾਪਤੀ ਸਮਾਰੋਹ ਦੌਰਾਨ ਡਾਇਰੈਕਟਰ ਡਾ. ਬਲਰਾਜ ਸਿੰਘ, ਪ੍ਰਿੰਸੀਪਲ ਡਾ. ਅੰਜੂ ਸ਼ਰਮਾ ਅਤੇ ਕੋਆਰਡੀਨੇਟਰ ਡਾ. ਹਿਮਾਂਸ਼ੂ ਮਿਸ਼ਰਾ ਵੱਲੋਂ ਮੁੱਖ ਬੁਲਾਰੇ ਡਾ. ਪ੍ਰਿਆ ਦਰਸ਼ਨੀ ਅਤੇ ਆਬਜ਼ਰਵਰ ਡਾ. ਯਸ਼ਵੀਰ ਭਾਰਦਵਾਜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਦੇ ਨਾਲ-ਨਾਲ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਯੂ.ਐੱਚ.ਵੀ. ਕੋਆਰਡੀਨੇਟਰ ਡਾ. ਵੇਦ ਪ੍ਰਕਾਸ਼ ਸਮੇਤ ਸਮੂਹ ਸਟਾਫ਼ ਅਤੇ ਭਾਗੀਦਾਰ ਫੈਕਲਟੀ ਮੈਂਬਰ ਹਾਜ਼ਰ ਸਨ।

