ਐੱਸ ਆਈ ਆਰ ਪ੍ਰਦਰਸ਼ਨ: ਅਦਾਕਾਰ ਇਮਰਾਨ ਖਾਨ ਨੇ ਹਾਈ ਕੋਰਟ ਤੋਂ ਮੁਆਫ਼ੀ ਮੰਗੀ
ਅਮਰੀਕੀ ਨਾਗਰਿਕ ਇਮਰਾਨ ਖਾਨ ਨੇ ਭਵਿੱਖ ’ਚ ਕਿਸੇ ਵੀ ਪ੍ਰਦਰਸ਼ਨ ’ਚ ਸ਼ਾਮਲ ਨਾ ਹੋਣ ਦਾ ਦਿੱਤਾ ਹਲਫ਼ਨਾਮਾ; ਦੇਸ਼ ਛੱਡਣ ਦੇ ਨੋਟਿਸ ’ਤੇ 7 ਦਸੰਬਰ ਤੱਕ ਰੋਕ
ਮੁੰਬਈ 2 ਨਵੰਬਰ (ਮਧੂਸਾਰ ਬਿਊਰੋ) ਬੰਬੇ ਹਾਈ ਕੋਰਟ ਨੇ ਅਮਰੀਕੀ ਨਾਗਰਿਕ ਤੇ ਅਦਾਕਾਰ ਇਮਰਾਨ ਖਾਨ ਦੀ ਸੀ ਈ ਸੀ-ਐੱਸ ਆਈ ਆਰ ਮੁੱਦੇ ’ਤੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ’ਤੇ ਖਿਚਾਈ ਕਰਦਿਆਂ ਕਿਹਾ ਕਿ ਭਾਰਤ ਵਿਚ ਵਿਰੋਧ ਪ੍ਰਦਰਸ਼ਨ ਕਰਨ ਦਾ ਬੁਨਿਆਦੀ ਹੱਕ ਸਿਰਫ਼ ਭਾਰਤੀ ਨਾਗਰਿਕਾਂ ਨੂੰ ਹਾਸਲ ਹੈ। ਇਸ ਮਗਰੋਂ ਅਦਾਕਾਰ ਨੇ ਅਦਾਲਤ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ।
ਚੀਫ਼ ਜਸਟਿਸ ਮਹੇਸ਼ ਚੰਦਰ ਤਿ੍ਰਪਾਠੀ ਅਤੇ ਜਸਟਿਸ ਅਦਵੈਤ ਸੇਠਨਾ ਦੇ ਬੈਂਚ ਨੇ ਕਿਹਾ ਕਿ ਭਾਰਤ ਦੀ ਉਦਾਰਤਾ ਇਸ ਗੱਲ ਤੋਂ ਹੈ ਕਿ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓ ਸੀ ਆਈ) ਕਾਰਡ ਰੱਖਣ ਵਾਲੇ ਅਮਰੀਕੀ ਨਾਗਰਿਕ ਨੂੰ ਤੁਰੰਤ ਦੇਸ਼ ’ਚੋਂ ਕੱਢਣ ਦੀ ਬਜਾਏ ਪਹਿਲਾਂ ਨੋਟਿਸ ਜਾਰੀ ਕਰਕੇ ਭਾਰਤ ਛੱਡਣ ਲਈ ਕਿਹਾ ਜਾਂਦਾ ਹੈ। ਹਾਈ ਕੋਰਟ ਨੇ ਇਮਰਾਨ ਖਾਨ ਵੱਲੋਂ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ (ਐੱਫ ਆਰ ਆਰ ਓ) ਦੇ ਨੋਟਿਸ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਅਗਲੀ ਸੁਣਵਾਈ 7 ਦਸੰਬਰ ਨੂੰ ਤੈਅ ਕੀਤੀ ਹੈ। ਇਸ ਨੋਟਿਸ ਵਿੱਚ ਉਨ੍ਹਾਂ ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਲਈ ਕਿਹਾ ਗਿਆ ਸੀ। ਇਹ ਨੋਟਿਸ ਪਿਛਲੇ ਮਹੀਨੇ ਮੁੰਬਈ ਵਿੱਚ ਮੁੱਖ ਚੋਣ ਕਮਿਸ਼ਨਰ (ਸੀ ਈ ਸੀ) ਗਿਆਨੇਸ਼ ਕੁਮਾਰ ਵਿਰੁੱਧ ਐੱਸ ਆਈ ਆਰ ਮੁੱਦੇ ’ਤੇ ਕੀਤੇ ਗਏ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਕਾਰਨ ਜਾਰੀ ਕੀਤਾ ਗਿਆ ਸੀ।

