ਬਜ਼ੁਰਗ ਔਰਤ ਨਾਲ ਕੁੱਟਮਾਰ ਕਰਕੇ ਰਸੂਖਦਾਰਾਂ ਵੱਲੋਂ ਖਸਰਾ ਨੰ: 164 ‘ਚ ਮਿੱਟੀ ਪਾ ਕੇ ਕਬਜ਼ੇ ਦੀ ਕੋਸ਼ਿਸ਼
ਸ਼ਾਮਲਾਟ ਪੰਚਾਇਤੀ ਜ਼ਮੀਨ ‘ਤੇ ਕਬਜ਼ਾ ਕਰਨ ਦਾ ਲਗਾਇਆ ਦੋਸ਼
ਪਟਿਆਲਾ : 7 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ‘ਰਾਜ ਨਹੀਂ ਸੇਵਾ’ ਤਹਿਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੋਕ ਸੇਵਾ ਤਹਿਤ ਕੰਮ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਨਾਲ ਔਰਤਾਂ ਨੂੰ ਥਾਣਿਆਂ ਵਿਚ ਇਨਸਾਫ਼ ਲੈਣ ਲਈ ਧੱਕੇ ਨਾ ਖਾਣੇ ਪੈਣ, ਪ੍ਰੰਤੂ ਪਿੰਡ ਲੰਜਾ ਦੀ ਰਹਿਣ ਵਾਲੀ ਬਜ਼ੁਰਗ ਔਰਤ ਅਮਰਜੀਤ ਕੌਰ ਆਪਣੀ ਹਿੱਸੇ ਆਉਂਦੀ ਸ਼ਾਮਲਾਟ ਪੰਚਾਇਤੀ ਜ਼ਮੀਨ ਨੂੰ ਬਚਾਉਣ ਲਈ ਸਬੰਧਤ ਮਹਿਕਮੇ ਅਤੇ ਪੁਲਿਸ ਅਫਸਰਾਂ ਤੋਂ ਇਨਸਾਫ ਲੈਣ ਲਈ ਧੱਕੇ ਖਾ ਰਹੀ ਹੈ, ਜਿਸ ਵੱਲੋਂ ਦਰਜਨ ਦੇ ਕਰੀਬ ਕੀਤੀਆਂ ਸ਼ਿਕਾਇਤਾਂ ਦਿੱਤੇ ਜਾਣ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ।
ਅਮਰਜੀਤ ਕੌਰ ਨੇ ਦੱਸਿਆ ਕਿ ਅਸੀਂ ਪੰਜ-ਸੱਤ ਸਾਲਾਂ ਤੋਂ ਸ਼ਾਮਲਾਟ ਪੰਚਾਇਤੀ ਜੋ ਸਾਡੀ ਹਿੱਸੇ ਆਉਂਦੀ ਹੈ, ਨੂੰ ਵਾਹ ਰਹੇ ਹਾਂ, ਪ੍ਰੰਤੂ ਪਿੰਡ ਦੇ ਕੁਝ ਰਸੂਖਦਾਰ ਲੋਕ ਮੇਰੇ ਹਿੱਸੇ ਆਉਂਦੀ ਜ਼ਮੀਨ ਨੂੰ ਆਪਣੀ ਜ਼ਮੀਨ ਵਿਚ ਰਲਾਉਣਾ ਚਾਹੁੰਦੇ ਹਨ।
ਅਮਰਜੀਤ ਕੌਰ ਨੇ ਦੱਸਿਆ ਕਿ ਇਸ ਵਾਰ ਰਸੂਖਦਾਰ ਨੇ ਉਦੋਂ ਹੱਦ ਟਪਾ ਦਿੱਤੀ, ਜਦੋਂ ਮੈਂ ਜ਼ਮੀਨ ਵਿਚ ਕੰਮ ਕਾਜ ਕਰ ਰਹੇ ਸੀ, ਤਾਂ ਪੰਜ-ਸੱਤ ਦੇ ਕਰੀਬ ਵਿਅਕਤੀ ਆ ਕੇ ਮੇਰੇ ਹਿੱਸੇ ਆਉਂਦੀ ਖਸਰਾ ਨੰ: 164 ਵਾਲੀ ਜ਼ਮੀਨ ‘ਚ ਮਿੱਟੀ ਪਾਉਣ ਲੱਗ ਪਏ, ਜਦੋਂ ਮੈਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਮੇਰੀ ਖਿੱਚ ਧੂਹ ਕੀਤੀ ਅਤੇ ਮੇਰੀ ਨਾਲ ਬਦਸਲੂਕੀ ਕੀਤੀ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਕਾਫੀ ਰੌਲਾ ਰੱਪਿਆ ਪਾਇਆ ਗਿਆ, ਪ੍ਰੰਤੂ ਏਨਾ ਲੋਕਾਂ ਨੇ ਕਬਜ਼ਾ ਕਰਨ ਦੀ ਨੀਤੀ ਨਾਲ ਜ਼ਮੀਨ ਵਿਚ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ।
ਉਸ ਨੇ ਦੱਸਿਆ ਕਿ ਪਿੰਡ ਦੇ ਰਸੂਖਦਾਰ ਵਿਅਕਤੀਆਂ ਕੋਲ ਸ਼ਾਮਲਾਟ ਜ਼ਮੀਨ ਦਾ ਕਬਜ਼ਾ ਘੱਟੋ ਘੱਟ 3 ਏਕੜ ਜ਼ਮੀਨ ਦੇ ਕਰੀਬ ਹੈ, ਜਿਸ ਵਿਚ ਦੋ ਮੋਟਰਾਂ ਲੱਗੀਆਂ ਹਨ, ਜਿਨਾਂ ਦਾ ਖਸਰਾ ਨੰ: 163/1, 163, 162, 164,165,195, 185,175 ਵਾਕਾ ਮੌਜਾ ਲੰਜਾ, ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਚ ਉਕਤ ਵਿਅਕਤੀ ਕਬਜ਼ਾ ਕਰਕੇ ਵਾਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੀ ਰੋਜੀ ਰੋਟੀ ਦਾ ਸਾਧਨ ਮੇਰੀ ਜ਼ਮੀਨ ਹੈ।
ਉਸ ਨੇ ਦੱਸਿਆ ਕਿ ਮੈਂ 164 ਤੇ 163 ਦੀ ਸ਼ਾਮਲਾਟ ਜ਼ਮੀਨ ਵਿਚ ਖੇਤੀ ਕਰ ਰਹੀ ਹੈ ਅਤੇ ਇਹ ਵਿਅਕਤੀ ਖਸਰਾ ਨੰ: 164 ਵਿਚ ਮਿੱਟੀ ਪਾ ਕੇ ਆਪਣੀ ਜ਼ਮੀਨ ਵਿਚ ਰਲਾਉਣਾ ਚਾਹੁੰਦੇ ਹਨ। ਉਸ ਨੇ ਕਿਹਾ ਕਿ ਪੰਚਾਇਤੀ ਵਿਭਾਗ ਅਤੇ ਸਬੰਧਤ ਡੀਡੀਪੀਓ ਇਸ ਮਾਮਲੇ ਵਿਚ ਦਖਲ ਦੇਣ। ਉਨ੍ਹਾਂ ਕਿਹਾ ਕਿ ਸਬੰਧਤ ਪੁਲਿਸ ਵਿਭਾਗ ਨੂੰ ਚਾਹੀਦਾ ਕਿ ਮੇਰੀ ਸ਼ਿਕਾਇਤ ‘ਤੇ ਦੋਸ਼ੀ ਵਿਅਕਤੀਆਂ ਖਿਲਾਫ਼ ਫੌਰੀ ਕਾਰਵਾਈ ਕਰੇ। ਉਸ ਨੇ ਜ਼ਿਲ੍ਹਾ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਗੁਹਾਰ ਲਗਾਈ ਹੈ ਕਿ ਮੇਰੀ ਅਤੇ ਮੇਰੇ ਪਰਿਵਾਰ ਦੀ ਜਾਨ ਮਾਲ ਦੀ ਹਿਫਾਜਤ ਕਰਵਾਈ ਜਾਵੇ।

