UP ਚ ਓਵੈਸੀ-ਚੰਦਰਸ਼ੇਖਰ ਦਾ ਗੱਠਜੋੜ, ਸਾਰੀਆਂ 403 ਵਿਧਾਨ ਸਭਾ ਸੀਟਾਂ ’ਤੇ ਲੜਾਂਗੇ ਚੋਣ
ਲਖਨਊ 13 ਨਵੰਬਰ (ਮਧੂਸਾਰ ਬਿਊਰੋ) ਉੱਤਰ ਪ੍ਰਦੇਸ਼ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਅਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ਨੇ ਵੀਰਵਾਰ ਨੂੰ ਗੱਠਜੋੜ ਦਾ ਐਲਾਨ ਕਰਦੇ ਹੋਏ ‘ਸਮਾਜਿਕ ਪਰਿਵਰਤਨ ਮੋਰਚਾ’ ਬਣਾਇਆ ਹੈ। ਦੋਵੇਂ ਪਾਰਟੀਆਂ ਸੂਬੇ ਦੀਆਂ ਸਾਰੀਆਂ 403 ਵਿਧਾਨ ਸਭਾ ਸੀਟਾਂ ’ਤੇ ਮਿਲ ਕੇ ਚੋਣਾਂ ਲੜਨਗੀਆਂ। ਮੋਰਚੇ ਨੇ ਆਜ਼ਾਦ ਸਮਾਜ ਪਾਰਟੀ ਦੇ ਪ੍ਰਧਾਨ ਅਤੇ ਨਗੀਨਾ ਤੋਂ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ।
ਏ.ਆਈ.ਐੱਮ.ਆਈ.ਐੱਮ. ਮੁਖੀ ਅਸਦੁਦੀਨ ਓਵੈਸੀ ਅਤੇ ਚੰਦਰਸ਼ੇਖਰ ਆਜ਼ਾਦ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਗੱਠਜੋੜ ਦਾ ਐਲਾਨ ਕੀਤਾ। ਓਵੈਸੀ ਨੇ ਕਿਹਾ ਕਿ ਚੰਦਰਸ਼ੇਖਰ ਆਜ਼ਾਦ ਮੋਰਚੇ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇਹ ਗੱਠਜੋੜ ਭਾਜਪਾ ਨੂੰ ਤੀਜੀ ਵਾਰ ਸੱਤਾ ਵਿਚ ਆਉਣ ਤੋਂ ਰੋਕਣ ਲਈ ਮਜ਼ਬੂਤ ਬਦਲ ਬਣੇਗਾ। ਇਸ ਦੇ ਨਾਲ ਹੀ ਸਪਾ ਮੁਖੀ ਅਖਿਲੇਸ਼ ਯਾਦਵ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਕਦੇ ਮੁੱਖ ਮੰਤਰੀ ਨਹੀਂ ਬਣ ਸਕਣਗੇ। ਚੰਦਰਸ਼ੇਖਰ ਆਜ਼ਾਦ ਨੇ ਕਿਹਾ ਕਿ ਇਹ ਕੋਈ ਤੀਜਾ ਮੋਰਚਾ ਨਹੀਂ, ਸਗੋਂ ਸਮਾਜਿਕ ਪਰਿਵਰਤਨ ਦਾ ਪਹਿਲਾ ਮੋਰਚਾ ਹੈ। ਇਸ ਦਾ ਮਕਸਦ ਕਮਜ਼ੋਰ, ਵਾਂਝੇ, ਸ਼ੋਸ਼ਿਤ ਅਤੇ ਪੀੜਤ ਵਰਗਾਂ ਨੂੰ ਇਕਜੁੱਟ ਕਰ ਕੇ 2027 ਵਿਚ ਸੱਤਾ ਪਰਿਵਰਤਨ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਰੋਕਣ ਲਈ ਜੇਕਰ ਸਪਾ ਅਤੇ ਕਾਂਗਰਸ ਵੀ ਇਸ ਗੱਠਜੋੜ ਵਿਚ ਸ਼ਾਮਲ ਹੋਣਾ ਚਾਹੁਣਗੀਆਂ ਤਾਂ ਉਨ੍ਹਾਂ ਦਾ ਸਵਾਗਤ ਹੈ। ਆਜ਼ਾਦ ਨੇ ਸਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਆਜ਼ਾਦ ਸਮਾਜ ਪਾਰਟੀ ਨੂੰ ਭਾਜਪਾ ਦੀ ‘ਬੀ-ਟੀਮ’ ਦੱਸਣ ਵਾਲੀਆਂ ਪਾਰਟੀਆਂ ਨੂੰ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।

