ਨਜਾਇਜ਼ ਕਬਜ਼ੇ ਕਾਰਨ ਸੁੰਗੜਦੀ ਜਾ ਰਹੀ ਖੇੜਾ ਜੱਟਾਂ ਮੰਦਰ ਨੂੰ ਜਾਣ ਵਾਲੀ ਸੜਕ!
ਪੰਚਾਇਤ ਵਿਭਾਗ ਵੱਲੋਂ ਨਿਸ਼ਾਨਦੇਹੀ ਨਾ ਕੀਤੇ ਜਾਣ ਦਾ ਮਾਮਲਾ
ਖੇਤ ਮਾਲਕ ਨਿਸ਼ਾਨਦੇਹੀ ਨਹੀਂ ਹੋਣ ਦਿੰਦੇ : ਕਾਨੂੰਗੋ
ਸੜਕ ਦੀ ਨਿਸ਼ਾਨਦੇਹੀ ਨਾ ਹੋਣਾ ਖੇੜਾ ਜੱਟਾਂ ਦੇ ਵਿਕਾਸ ‘ਚ ਅੜਿੱਕਾ ਬਣਿਆ : ਬਾਬਾ ਨਰੇਸ਼ ਚੰਦ
ਸੜਕ ਦੇ ਆਲੇ ਦੁਆਲੇ ਖੰਭੇ ਲਗਾ ਕੇ ਐਸਟੀਮੇਟ ਮੁਤਾਬਕ ਕੰਮ ਸ਼ੁਰੂ ਕਰ ਦੇਵਾਂਗੇ : ਸਰਪੰਚ ਲਾਲੀ
ਪਟਿਆਲਾ : ਕੰਵਰ ਬੇਦੀ
ਸਰਕਾਰ ‘ਚ ਹਾਕਮ ਧਿਰ ਨਾਲ ਸਬੰਧਤ ਰੱਖਣ ਵਾਲੇ ਰਸੂਖਦਾਰ ਵਿਅਕਤੀਆਂ ਦੇ ਹੌਂਸਲੇ ਏਨੇ ਬੁਲੰਦ ਹੋ ਗਏ ਹਨ ਸਿੱਧੇ-ਅਸਿੱਧੇ ਨਾਲ ਕਿਸੇ ਨਾਲ ਕਿਸੇ ਜਗ੍ਹਾ ‘ਤੇ ਨਜਾਇਜ਼ ਕਬਜ਼ੇ ਕਰਨ ਵਿਚ ਲੱਗੇ ਹੋਏ ਹਨ, ਜਿਨਾਂ ਨੂੰ ਉਚ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਉਕਾ ਪਰਵਾਹ ਤੱਕ ਨਹੀਂ ਰਹੀ।
ਇਹ ਮਿਸਾਲ ਖੇੜਾਂ ਜੱਟਾਂ ਪਿੰਡ ਦੇ ਮੰਦਰ ਨੂੰ ਜਾਣ ਵਾਲੀ ਇਕ ਸੜਕ ਤੋਂ ਮਿਲਦੀ ਹੈ ਕਿਉਂਕਿ ਸੜਕ ਦੇ ਆਲੇ ਦੁਆਲੇ ਖੇਤ ਮਾਲਕ ਸ਼ਿਵ ਮੰਦਰ ਨੂੰ ਜਾਣ ਵਾਲੀ ਸੜਕ ਨੂੰ ਆਪਣੇ ਖੇਤਾਂ ਵਿਚ ਰਲਾਉਣਾ ਚਾਹੁੰਦੇ ਹਨ। ਪੰਚਾਇਤ ਵਿਭਾਗ ਦੀ ਲਾਪਰਵਾਹੀ ਕਾਰਨ ਸੜਕ ਆਪਣੀ ਹੋਂਦ ਗੁਆ ਚੁੱਕੀ ਹੈ, ਜਿਸ ਦਾ ਰਸਤਾ ਸੁੰਗੜ ਕੇ ਸਿਰਫ 4-5 ਫੁੱਟ ਦੇ ਕਰੀਬ ਰਹਿ ਗਿਆ ਹੈ।
ਪੰਚਾਇਤੀ ਵਿਭਾਗ ਦੀ ਢਿੱਲਮੱਠ ਦੇ ਚੱਲਦਿਆਂ ਸੜਕ ਦੇ ਆਲੇ ਦੁਆਲੇ ਖੇਤ ਮਾਲਕਾਂ ਵੱਲੋਂ ਰੁਖ ਲਗਾ ਕੇ ਤਾਂ ਇਹ ਦਰਸਾਇਆ ਜਾ ਰਿਹਾ ਹੈ ਕਿ ਸੜਕ ਦਾ ਹਿੱਸਾ ਸਾਡੇ ਖੇਤਾਂ ਵਿਚ ਆਉਂਦਾ ਹੈ ਇਸ ਕਰਕੇ ਅਸੀਂ ਸੜਕ ਲਈ ਜਗ੍ਹਾ ਨਹੀਂ ਦੇਵਾਂਗੇ, ਜਦਕਿ ਵਿਭਾਗੀ ਕਾਗਜ਼ਾਂ ਵਿਚ ਸੜਕ 17 ਤੋਂ 19 ਫੁੱਟ ਦੇ ਕਰੀਬ ਹੈ। ਸੜਕ ਦੀ ਨਿਸ਼ਾਨਦੇਹੀ ਨਾ ਹੋਣ ਕਾਰਨ ਸੜਕ ਦੇ ਆਲੇ-ਦੁਆਲੇ ਰੁਖ ਲਗਾ ਕੇ ਨਜਾÎਇਜ਼ ਕਬਜ਼ਾ ਕਰਕੇ ਸੜਕ ਨੂੰ ਖੇਤਾਂ ਵਿਚ ਰਲਾਇਆ ਜਾ ਰਿਹਾ ਹੈ।
ਸੜਕ ਦੀ ਖਸਤਾ ਹਾਲਤ ਅਤੇ ਨਜਾਇਜ਼ ਕਬਜ਼ੇ ਕਾਰਨ ਸੜਕ ਸੁੰਗੜਦੀ ਜਾ ਰਹੀ ਅਤੇ ਕਈ ਹਾਦਸੇ ਵੀ ਵਾਪਰ ਚੁੱਕੇ ਹਨ। ਸ਼ਿਵ ਮੰਦਰ ਨੂੰ ਜਾਣ ਵਾਲੇ ਸ਼ਰਧਾਲੂਆਂ ਤੇ ਪਿੰਡ ਦੇ ਲੋਕਾਂ ਨੂੰ ਅਨੇਕਾਂ ਮੁਸ਼ਕਲਾਂ ਵਿਚੋਂ ਲੰਘਣਾ ਪੈ ਰਿਹਾ, ਦੂਰ-ਦੁਰਾਡੇ ਤੋਂ ਸ਼ਰਧਾਲੂ ਅਤੇ ਲੋਕ ਟਰਾਲੀਆਂ ਤੇ ਵਾਹਨਾਂ ਰਾਹੀਂ ਜਦੋਂ ਸ਼ਿਵ ਮੰਦਰ ਮੱਥਾ ਟੇਕਣ ਆਉਂਦੇ ਹਨ ਤਾਂ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਸ਼ਿਵਰਾਤਰੀ ਦੇ ਦਿਹਾੜੇ ‘ਤੇ ਜਦੋਂ ਲੋਕ ਲੱਖਾਂ ਦੀ ਗਿਣਤੀ ਵਿਚ ਇਥੇ ਪੁੱਜਦੇ ਹਨ ਤਾਂ ਵਾਹਨ ਪਲਟ ਜਾਂਦੇ ਹਨ ਅਤੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੁੰਦਾ, ਜਿਸ ਦੀ ਅੱਜ ਤੱਕ ਕੋਈ ਭਰਪਾਈ ਨਹੀਂ ਹੋ ਸਕੀ।
ਸ਼ਿਵ ਮੰਦਰ ਦੇ ਆਲੇ ਦੁਆਲੇ ਪ੍ਰਾਈਵੇਟ ਕਾਲੋਨੀ ਵੀ ਕੱਟੀ ਹੋਈ, ਸਾਰੇ ਰਸਤੇ ਕੱਚੇ ਹੋਣ ਕਾਰਨ ਇਲਾਕਾ ਨਿਵਾਸੀ ਨਰਕ ਭਰਕ ਜ਼ਿੰਦਗੀ ਜਿਉ ਰਹੇ ਹਨ। ਮੰਦਰ ਅਤੇ ਕਾਲੋਨੀ ਨੂੰ ਜਾਣ ਵਾਲੀ ਇਸ ਸੜਕ ਦਾ ਐਸਟੀਮੇਟ ਤੱਕ ਬਣਿਆ ਹੋਇਆ, ਪ੍ਰੰਤੂ ਸੜਕ ਦੀ ਨਿਸ਼ਾਨਦੇਹੀ ਦਾ ਨਾ ਹੋਣਾ ਖੇੜਾ ਜੱਟਾਂ ਦੇ ਵਿਕਾਸ ਵਿਚ ਅੜਿੱਕਾ ਬਣਿਆ ਸਾਫ ਦਿਖਾਈ ਦੇ ਰਿਹਾ ਹੈ।
ਮੰਦਰ ਦੇ ਪੁਜਾਰੀ ਬਾਬਾ ਨਰੇਸ਼ ਚੰਦ ਤੋਂ ਇਲਾਵਾ ਪਿੰਡ ਦੇ ਲੋਕਾਂ ਨੇ ਨਜਾਇਜ਼ ਕਬਜ਼ੇ ਦਾ ਹਿੱਸਾ ਬਣ ਚੁੱਕੀ ਸੜਕ ਦਾ ਮਾਮਲਾ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਲਾਲੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ, ਪ੍ਰੰਤੂ ਵਿਭਾਗੀ ਕਾਰਵਾਈ ਨਾ ਹੋਣ ਕਾਰਨ ਮਾਮਲਾ ਠੰਡੇ ਬਸਤੇ ਵਿਚ ਪੈਂਦਾ ਵਿਖਾਈ ਦੇ ਰਿਹਾ ਹੈ। ਪੁਜਾਰੀ ਨਰੇਸ਼ ਚੰਦ ਦਾ ਕਹਿਣਾ ਹੈ ਕਿ ਇਸ ਸਬੰਧ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨਾਲ ਕਈ ਮੁਲਾਕਾਤਾਂ ਕਰਕੇ ਮਾਮਲਾ ਧਿਆਨ ਵਿਚ ਲਿਆਂਦਾ, ਪ੍ਰੰਤੂ ਅਜੇ ਤੱਕ ਕੋਈ ਕਾਰਵਾਈ ਅਮਲੀ ਰੂਪ ਵਿਚ ਦਿਖਾਈ ਨਹੀਂ ਦਿੱਤੀ।
ਪੁਜਾਰੀ ਬਾਬਾ ਨਰੇਸ਼ ਚੰਦ ਦਾ ਕਹਿਣਾ ਹੈ ਕਿ ਲੋਕਾਂ ਤੇ ਸ਼ਰਧਾਲੂਆਂ ਦੀ ਪ੍ਰੇਸ਼ਾਨੀ ਤੋਂ ਇਲਾਵਾ ਸੜਕ ‘ਤੇ ਹੋ ਰਹੇ ਨਜਾਇਜ਼ ਹਟਾਏ ਜਾਣ ਅਤੇ ਸੜਕ ਦੀ ਗਿਣਤੀ ਮਿਣਤੀ ਤੇ ਨਿਸ਼ਾਨਦੇਹੀ ਕਰਵਾਕੇ ਜਲਦ ਤੋਂ ਜਲਦ ਐਸਟੀਮੇਟ ਮੁਤਾਬਕ ਸੜਕ ਬਣਾਈ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਸੜਕ ‘ਤੇ ਬਣੇ ਸਰਕਾਰੀ ਸਕੂਲ ਦੇ ਬਾਹਰ ਗੰਦਗੀ ਦੇ ਢੇਰ ਤੇ ਸਫਾਈ ਦਾ ਮਾੜਾ ਹਾਲ, ਜਿਸ ਕਾਰਨ ਲੋਕ ਡੇਂਗੂ ਵਰਗੀਆਂ ਭਿਆਨਕ ਦਾ ਸ਼ਿਕਾਰ ਹੋ ਸਕਦੇ ਹਨ, ਜਿਸ ਦੀ ਜਲਦ ਤੋਂ ਜਲਦ ਸਾਫ-ਸਫਾਈ ਕੀਤੀ ਜਾਣੀ ਚਾਹੀਦੀ ਹੈ।
ਇਸ ਸਬੰਧ ਵਿਚ ਵਿਭਾਗੀ ਕਾਨੂੰਗੋ ਸੋਢੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸੜਕ ਦੀ ਨਿਸ਼ਾਨਦੇਹੀ ਕਰਨ ਵੇਲੇ ਖੇਤ ਮਾਲਕਾਂ ਵੱਲੋਂ ਇਤਰਾਜ਼ ਜਿਤਾਇਆ ਜਾ ਰਿਹਾ, ਜੋ ਸਾਨੂੰ ਨਿਸ਼ਾਨਦੇਹੀ ਕਰਨ ਤੋਂ ਰੋਕਦੇ ਹਨ, ਜਿਸ ਕਾਰਨ ਮਾਮਲਾ ਲਟਕਿਆ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਵਿਭਾਗ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਰਿਪੋਰਟ ਕਰ ਦਿੱਤੀ ਗਈ ਹੈ ਅਤੇ ਅਗਲੇਰੀ ਕਾਰਵਾਈ ਵਿਭਾਗੀ ਦੇ ਉਚ ਅਧਿਕਾਰੀਆਂ ਵੱਲੋਂ ਕੀਤੀ ਜਾਣੀ ਹੈ।
ਪਿੰਡ ਦੇ ਪੰਚਾਇਤ ਕੁਲਦੀਪ ਸਿੰਘ ਲਾਲੀ ਦਾ ਕਹਿਣਾ ਹੈ ਕਿ ਸੜਕ ਦਾ ਐਸਟੀਮੇਟ ਬਣਿਆ ਹੋਇਆ, ਜਿਸ ਬਾਰੇ ਜੇ.ਈ. ਹੀ ਦੱਸ ਸਕਦਾ ਹੈ ਅਤੇ ਪਿੰਡ ਦੀ ਪੰਚਾਇਤ ਵੱਲੋਂ ਸੜਕ ਬਣਾਉਣ ਨੂੰ ਲੈ ਕੇ ਮਤਾ ਪਾ ਕੇ ਪਟਵਾਰੀ ਨੂੰ ਰਿਪੋਰਟ ਕੀਤੀ ਗਈ ਅਤੇ ਅਮਲੀ ਕਾਰਵਾਈ ਸਬੰਧਤ ਵਿਭਾਗ ਹੀ ਕਰੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਘੱਟੋ-ਘੱਟ ਸੜਕ 15 ਫੁੱਟ ਦੇ ਕਰੀਬ ਹੋਣੀ ਚਾਹੀਦੀ ਹੈ ਅਤੇ ਖੇਤ ਮਾਲਕਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ। ਉਨ੍ਹਾਂਦਾ ਕਹਿਣਾ ਹੈ ਕਿ ਜਿਵੇਂ ਹੀ ਵਿਭਾਗ ਵੱਲੋਂ ਆਦੇਸ਼ ਆਉਣਗੇ ਅਸੀਂ ਪੁਲਿਸ ਅਧਿਕਾਰੀਆਂ ਤੇ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਸੜਕ ਦੇ ਆਲੇ ਦੁਆਲੇ ਖੰਭੇ ਲਗਾ ਕੇ ਐਸਟੀਮੇਟ ਮੁਤਾਬਕ ਕੰਮ ਸ਼ੁਰੂ ਕਰ ਦੇਵਾਂਗੇ।

