ਪਟਿਆਲਾ

ਉੜੀਸਾ ਵਿਖੇ ਚੌਥੀ ਪੂਰਬੀ ਭਾਰਤੀ ਪੰਜਾਬੀ ਕਾਨਫਰੰਸ ਦਾ ਆਯੋਜਨ

ਪਟਿਆਲਾ (ਮਧੂਸਾਰ ਬਿਊਰੋ )
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਭਾਰਤ ਦੇ ਵੱਖ-ਵੱਖ ਖਿੱਤਿਆਂ ਵਿਚ ਕਾਨਫਰੰਸਾਂ ਦੀ ਲੜੀ ਵਿਚ ਚੌਥੀ ਪੂਰਬੀ ਭਾਰਤੀ ਪੰਜਾਬੀ ਕਾਨਫਰੰਸ ਦਾ ਆਯੋਜਨ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਦੇ ਸਹਿਯੋਗ ਨਾਲ ਪਾਲ ਹਾਈਟਸ, ਭੁਬਨੇਸ਼ਵਰ, ਉੜੀਸਾ ਵਿਖੇ ਕੀਤਾ ਗਿਆ।
ਇਸ ਕਾਨਫਰੰਸ ਦਾ ਵਿਸ਼ਾ “ਮਾਤ-ਭਾਸ਼ਾਵਾਂ ਦਾ ਸਮਾਜਿਕ ਵਿਕਾਸ ਨਾਲ ਸੰਬੰਧ“ ਸੀ।

ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਉੜੀਸਾ ਦੇ ਉਦਯੋਗ, ਸਕੂਲ ਅਤੇ ਜਨ-ਸਿੱਖਿਆ ਮੰਤਰੀ ਸ੍ਰੀ ਦੇਬੀ ਪ੍ਰਸਾਦ ਮਿਸ਼ਰਾ ਨੇ ਉੜੀਸਾ ਅਤੇ ਪੰਜਾਬ ਦੇ ਇਤਿਹਾਸਕ ਸੰਬੰਧਾਂ ਦਾ ਗੁਰੂ ਨਾਨਕ ਦੇ ਹਵਾਲੇ ਨਾਲ ਜ਼ਿਕਰ ਕਰਦਿਆਂ ਉੜੀਸਾ ਦੇ ਸਮਾਜਿਕ ਜੀਵਨ ਵਿਚ ਪੰਜਾਬੀ ਬਰਾਦਰੀ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਇਹ ਵੀ ਦੱਸਿਆ ਕਿ ਉੜੀਸਾ ਸਰਕਾਰ ਛੇਤੀ ਹੀ ਉੜੀਆ ਭਾਸ਼ਾ ਯੂਨੀਵਰਸਿਟੀ ਸਥਾਪਿਤ ਕਰਨ ਜਾ ਰਹੀ ਹੈ ਅਤੇ ਇਸ ਵਿਚ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਹਿਯੋਗ ਦੀ ਮੰਗ ਵੀ ਕੀਤੀ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਆਪਣੀ ਭਾਸ਼ਾ, ਸੱਭਿਆਚਾਰ ਅਤੇ ਵਿਰਸੇ ਦੇ ਵਿਅਕਤੀ ਦੇ ਸਮਾਜਿਕ, ਸੱਭਿਆਚਾਰਕ ਅਤੇ ਸਦਾਚਾਰਕ ਅਤੇ ਬੌਧਿਕ ਵਿਕਾਸ ਵਿਚ ਪਾਏ ਜਾਂਦੇ ਯੋਗਦਾਨ ਦਾ ਭਰਵੀਆਂ ਮਿਸਾਲਾਂ ਦੇ ਕੇ ਸਮਰਥਨ ਕੀਤਾ। ਉਹਨਾਂ ਉੜੀਸਾ ਵਿਚ ਵੱਸਦੇ ਪੰਜਾਬੀਆਂ ਏ ਜਿੱਥੇ ਆਪਣੀ ਭਾਸ਼ਾ ਨਾਲ ਜੁੜਨ ਦਾ ਸੱਦਾ ਦਿੱਤਾ ਉਥੇ ਉਹਨਾਂ ਦੀਆਂ ਭਾਸ਼ਾਵਾਂ ਦਾ ਸਤਿਕਾਰ ਕਰਨ ਤੇ ਵੀ ਜ਼ੋਰ ਦਿੱਤਾ। ਡਾ. ਜਸਪਾਲ ਸਿੰਘ ਨੇ ਅੱਗੇ ਕਿਹਾ ਕਿ ਇਹ ਕਾਨਫਰੰਸ ਉੜੀਸਾ ਵਿਚ ਵੱਧਦੇ ਪੰਜਾਬੀਆਂ ਵਿਚ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਸੇ ਦੀ ਮਹੱਤਤਾ ਦਾ ਸੰਚਾਰ ਕਰਨ ਵਿਚ ਪੂਰੀ ਤਰ੍ਹਾਂ ਸਫਲ ਹੋਈ ਹੈ ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸਾ ਦੇ ਪ੍ਰਚਾਰ-ਪ੍ਰਸਾਰ ਲਈ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਵਿਚ ਸਫਲ ਹੋ ਰਹੀ ਹੈ।
ਡਾ. ਦਵਿੰਦਰ ਸਿੰਘ, ਪ੍ਰੋਫੈਸਰ ਜੀਵ ਵਿਗਿਆਨ ਅਤੇ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਡੈਲੀਗੇਟ ਸੈਸ਼ਨ ਦੇ ਪ੍ਰਧਾਨਗੀ ਭਾਸ਼ਣ ਵਿਚ ਵਿਗਿਆਨ ਦੀ ਪੜ੍ਹਾਈ ਲਈ ਮਾਤ-ਭਾਸ਼ਾ ਮਾਧਿਅਮ ਬਨਾਉਣ ਬਾਰੇ ਪ੍ਰੱਚਲਿਤ ਭਰਮਾਂ ਦਾ ਆਪਣੇ ਤਂਰਬੇ ਸਾਂਝੇ ਕਰਦਿਆਂ ਖੰਡਨ ਕੀਤਾ ਅਤੇ ਬਲ ਦੇ ਕੇ ਕਿਹਾ ਕਿ ਮਾਤ-ਭਾਸ਼ਾਵਾਂ ਏ ਆਧਾਰ ਬਣਾਏ ਬਗੈਰ ਵਿਗਿਆਨਕ ਪ੍ਰਤਿਭਾ ਦਾ ਵਿਕਾਸ ਅਸੰਭਵ ਦੀ ਹੱਦ ਤਕ ਕਠਿਨ ਹੈ।
ਪੰਜਾਬੀ ਕਾਨਫਰੰਸ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਤੇ ਉੜੀਸਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਸਾਬਕਾ ਰਾਜ ਸਭਾ ਮੈਂਬਰ ਸ. ਭੁਪਿੰਦਰ ਸਿੰਘ ਗਿੱਲ ਨੇ ਸਮੂਹ ਡੈਲੀਗੇਟਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਲਈ ਉੜੀਸਾ ਸਰਕਾਰ ਵੱਲੋਂ ਭਰਪੂਰ ਸਮਰਥਨ ਦਾ ਵਾਅਦਾ ਕੀਤਾ। ਆਪਣੇ ਕੁੰਜੀਵਤ ਭਾਸ਼ਣ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਸੈਂਟਰ, ਜਲੰਧਰ ਦੇ ਡਾ. ਸੁਖਵਿੰਦਰ ਸਿੰਘ ਸੰਘਾ ਨੇ ਸਮਾਜ ਦੇ ਵਿਕਾਸ ਵਿਚ ਮਨੁੱਖੀ ਸਰੋਤ ਦੇ ਫੈਸਲਾਕੁਨ ਰੋਲ ਦਾ ਬਿਉਰਾ ਦਿੱਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਮਾਤ ਭਾਸ਼ਾਵਾਂ ਆਧਾਰ ਬਣਾਏ ਬਿਨਾਂ ਕੋਈ ਵੀ ਦੇਸ ਚੰਗਾ ਮਨੁੱਖੀ ਸਰੋਤ ਤਿਆਰ ਨਹੀਂ ਕਰ ਸਕਦਾ।
ਸ. ਤਰਲੋਚਨ ਸਿੰਘ, ਸਾਬਕਾ ਚੇਅਰਮੈਨ, ਘੱਟ-ਗਿਣਤੀ ਕਮਿਸ਼ਨ, ਭਾਰਤ ਸਰਕਾਰ, ਡਾ. ਪਰਵਿੰਦਰ ਸਿੰਘ ਪਸਰੀਚਾ, ਸਾਬਕਾ ਡਾਇਰੈਕਟਰ ਜਨਰਲ ਪੁਲਿਸ, ਮਹਾਂਰਾਸ਼ਟਰ ਸਰਕਾਰ, ਡਾ. ਜੋਧ, ਸਿੰਘ, ਚੀਫ ਕੋਆਰਡੀਨੇਟਰ, ਸਰਬ ਭਾਰਤੀ ਪੰਜਾਬੀ ਕਾਨਫਰੰਸ ਨੇ ਵੀ ਉਦਘਾਟਨੀ ਸਮਾਰੋਹ ਵਿਚ ਆਪਣੇ ਵਿਚਾਰ ਰੱਖੇ। ਮੰਚ ਦਾ ਸੰਚਾਲਨ ਡਾ. ਜੋਗਾ ਸਿੰਘ, ਕੋ-ਕੋਆਰਡੀਨੇਟਰ, ਸਰਬ ਭਾਰਤੀ ਪੰਜਾਬੀ ਕਾਨਗ਼ਰੰਸ ਨੇ ਕੀਤਾ। ਸਰਬ ਭਾਰਤੀ ਪੰਜਾਬੀ ਕਾਨਫਰੰਸ ਦੇ ਕੋ-ਕੋਆਰਡੀਨੇਟਰ, ਡਾ. ਬਲਦੇਵ ਸਿੰਘ ਚੀਮਾ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪੰਜਾਬੋਂ ਬਾਹਰਲੇ ਪੰਜਾਬੀਆਂ ਦੀਆਂ ਭਾਸ਼ਾਈ ਅਤੇ ਸੱਭਿਆਚਾਰਕ ਚੁਣੋਤੀਆਂ ਦਾ ਸਾਹਮਣਾ ਕਰਨ ਲਈ ਮੁੱਖ ਰੂਪ ਵਿਚ ਜਤਨ ਇਹਨਾਂ ਪੰਜਾਬੀਆਂ ਵੱਲੋਂ ਆਪ ਹੀ ਕੀਤੇ ਜਾਣੇ ਹਨ। ਇਸ ਮੌਕੇ ਤੇ ਉੜੀਸਾ ਵਿਖੇ ਪੰਜਾਬੀਆਂ ਦੇ ਸਮਾਜਿਕ ਜੀਵਨ ਵਿਚ ਪਾਏ ਯੋਗਦਾਨ ਲਈ ਸ. ਸਤਪਾਲ ਸਿੰਘ, ਸ. ਗੁਰਮੀਤ ਸਿੰਘ, ਅਤੇ ਸ. ਜਸਬੀਰ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ ਗਿਆ। ਡਾ. ਜੋਗਾ ਸਿੰਘ ਦੇ ਕਿਤਾਬਚੇ “ਭਾਸ਼ਾ ਨੀਤੀ ਬਾਰੇ ਅੰਤਰ-ਰਾਸ਼ਟਰੀ ਖੋਜ“ ਦੇ ਸ੍ਰੀ ਸਾਕੇਤ ਸਾਹੂ ਵੱਲੋਂ ਕੋਸਲੀ ਭਾਸ਼ਾ ਵਿਚ ਕੀਤੇ ਅਨੁਵਾਦ ਦਾ ਲੋਕ-ਅਰਪਣ ਕੀਤਾ ਗਿਆ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਕਾਨਫਰੰਸ ਸੋਵੀਨਰ ਵੀ ਰਿਲੀਜ਼ ਕੀਤਾ ਗਿਆ। ਸ. ਗੁਰਦੀਪ ਸਿੰਘ, ਸਪੋਕਸਮੈਨ, ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਨੇ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਹੋਏ ਮਹਿਮਾਨਾਂ ਅਤੇ ਡੈਲੀਗੇਟਾਂ ਦਾ ਧੰਨਵਾਦ ਕੀਤਾ।
ਇਸ ਕਾਨਫਰੰਸ ਦਾ ਇਕ ਵਿਸ਼ੇਸ਼ ਹਾਸਲ ਸੱਭਿਆਚਾਰਕ ਪ੍ਰੋਗਰਾਮ ਸੀ। ਇਸ ਪ੍ਰੋਗਰਾਮ ਦੀਆਂ ਸਾਰੀਆਂ ਪੇਸ਼ਕਾਰੀਆਂ ਭੁਬਨੇਸਵਰ ਵਿਚ ਵੱਸਦੇ ਪੰਜਾਬੀ ਦੇ ਪਰਿਵਾਰਾਂ ਵੱਲੋਂ ਆਪਣੀ ਪੱਧਰ ਤੇ ਤਿਆਰ ਕਰ ਕੇ ਪੇਸ਼ ਕੀਤੀਆਂ ਗਈਆਂ ਜੋ ਪੇਸ਼ੇਵਰ ਕਲਾਕਾਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਪੇਸ਼ਕਾਰੀਆਂ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸਨ।

Leave a Reply

Your email address will not be published. Required fields are marked *