ਪੰਜਾਬ

ਰਾਸ਼ਟਰੀ ਸਿਹਤ ਮਿਸ਼ਨ ਦੇ ਕਾਮਿਆਂ ਨੇ ਫੂਕੀ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ

ਪੱਕੇ ਨਾ ਕਰਨ ਤੱਕ ਸੰਘਰਸ਼ ਕਰਨ ਦੀ ਦਿੱਤੀ ਚੇਤਾਵਨੀ
ਪਟਿਆਲਾ 20 ਅਕਤੂਬਰ (ਮਧੂਸਾਰ ਬਿਊਰੋ)
ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਅੱਜ ਐਨ.ਆਰ.ਐਚ.ਐਮ ਮੁਲਾਜਮਾਂ ਵੱਲੋਂ ਸਿਵਲ ਸਰਜਨ ਦਫਤਰ ਵਿਖੇ ਐਨ.ਐਚ.ਐਮ ਜੁਆਇੰਟ ਫਰੰਟ ਦੇ ਝੰਡੇ ਹੇਠਾਂ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਨੂੰ ਫੂਕਿਆ।
ਲਾਰਿਆਂ ਦੀ ਪੰਡ ਫੂਕਣ ਤੋਂ ਪਹਿਲਾਂ ਸਮੂਹ ਮੁਲਾਜਮਾਂ ਜਿੰਨ੍ਹਾਂ ਕਲੈਰੀਕਲ ਸਟਾਫ, ਪੰਜਾਬ ਏਡਜ ਕੰਟਰੋਲ ਸੁਸਾਇਟੀ ਦੇ ਕਰਮਚਾਰੀ, ਆਈ.ਡੀ.ਐਸ.ਪੀ, ਮੈਡੀਕਲ ਅਫਸਰ, ਆਯੂਸ਼, ਹੋਮਿਓਪੈਥੀ, ਆਰ.ਐਨ.ਟੀ.ਸੀ.ਪੀ,ਸਟਾਫ ਨਰਸ, ਏ.ਐਨ.ਅਮਜ਼ ਆਦਿ ਵੱਲੋਂ ਸਿਵਲ ਸਰਜਨ ਦਫਤਰ ਵਿਖੇ ਇਕੱਠੇ ਹੋ ਕੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।ਸਿਹਤ ਵਿਭਾਗ ਦੇ ਸਾਰੇ ਕੇਡਰ ਹੜਤਾਲ ਵਿੱਚ ਸ਼ਾਮਿਲ ਹੋਣ ਕਾਰਨ ਅੱਜ ਸੂਬੇ ਭਰ ਦੇ ਮਰੀਜ਼ਾ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਰਘਵੀਰ ਸਿੰਘ ਅਤੇ ਅਮਰਜੀਤ ਸਿੰਘ ਸੂਬਾਈ ਆਗੂ ਨੇ ਕਿਹਾ ਕਿ ਵਾਅਦੇ ਕਰਕੇ ਫਿਰ ਮੁੱਕਰ ਜਾਣਾ ਪੰਜਾਬ ਸਰਕਾਰ ਦੀ ਫਿੱਤਰਤ ਬਣ ਚੁੱਕੀ ਹੈ। ਆਏ ਦਿਨ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਬਿਆਨਬਾਜੀ ਕੀਤੀ ਜਾ ਰਹੀ ਹੈ ਕਿ ਕੱਚੇ ਮੁਲਾਜਮਾਂ ਨੂੰ 10 ਦਿਨਾਂ ਵਿੱਚ ਪੱਕੇ ਕਰ ਦਿੱਤਾ ਜਾਵੇਗਾ।ਪਰ ਅਫਸੋਸ ਇਹ ਬਿਆਨ ਸਿਰਫ ਅਖਬਾਰਾਂ ਤੱਕ ਹੀ ਸੀਮਤ ਹੋ ਕੇ ਰਿਹ ਜਾਂਦੇ ਹਨ।ਉਨ੍ਹਾਂ ਸਰਕਾਰ ਦੇ ਦੋਸ਼ ਲਾਇਆ ਕਿ ਅਕਾਲੀ ਭਾਜਪਾ ਦੀ ਆਪਸੀ ਫੁੱਟ ਦਾ ਸ਼ਿਕਾਰ ਕੱਚੇ ਮੁਲਾਜਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਮਹਿਕਮੇ ਅਕਾਲੀ ਮੰਤਰੀਆਂ ਕੋਲ ਹਨ ਉਨ੍ਹਾਂ ਨੂੰ ਤਾਂ ਸਰਕਾਰ ਵੱਲੋਂ ਖੁੱਲੇ ਗੱਫੇ ਦਿੱਤੇ ਜਾ ਰਹੇ ਹਨ ਪਰ ਜਿਹੜੇ ਮਹਿਕਮੇ ਭਾਜਪਾ ਕੋਲ ਹਨ ਊਨ੍ਹਾਂ ਨੂੰ ਧੱਕੇ ਦਿੱਤੇ ਜਾ ਰਹੇ ਹਨ। ਪੰਜਾਬ ਸਰਕਾਰ ਪੜੇ ਲਿਖੇ ਨੌਜੁਵਾਨ ਵਰਗ ਨਾਲ ਕੋਝਾ ਮਜਾਖ ਕਰਦੀ ਹੋਈ ਉਨ੍ਹਾਂ ਨੂੰ ਨਿਗੂਣੀਆਂ ਤਨਖਾਹਾਂ ਤੇ ਠੇਕੇ ਤੇ ਭਰਤੀ ਕਰਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਿੱਚ ਲਗਭਗ ਸਾਰੇ ਮੁਲਾਜਮ ਪਰੋਪਰ ਤਰੀਕੇ ਨਾਲ ਹੀ ਭਰਤੀ ਹੋਏ ਹਨ ਪਰ ਸਰਕਾਰ ਉਨ੍ਹਾਂ ਨੂੰ ਰੈਗੂਲਰ ਕਰਨ ਤੋਂ ਪਾਸਾ ਵੱਟ ਕਰ ਰਹੀ ਹੈ।ਜਿਸ ਦੇ ਰੋਸ ਵੱਜੋਂਂ ਅੱਜ ਇੱਕ ਦਿਨ ਦੀ ਕਲਮ ਛੋੜ ਹੜਤਾਲ ਕੀਤੀ ਗਈ ਹੈ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਹੀ ਮੁਲਾਜਮਾਂ ਨੂੰ ਰੈਗੂਲਰ ਨਹੀਂ ਕੀਤਾ ਜਾਦਾ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਅਤੇ ਐਮਰਜੈਂਸੀ ਸੇਵਾਵਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ।
ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਹਰੀਸ਼ ਕੁਮਾਰ ਅਤੇ ਲਵਲਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਦੀ ਇੱਕ ਕਹਾਵਤ ਪੰਜਾਬ ਸਰਕਾਰ ਤੇ ਬਿਲਕੁੱਲ ਢੁੱਕਦੀ ਹੈ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ ਹੁੰਦੇ ਹਨ । ਪੰਜਾਬ ਸਰਕਾਰ ਵੀ ਪਿਛਲੇ ਲੰਬੇ ਸਮੇਂ ਤੋਂ ਸਿਹਤ ਵਿਭਾਗ ਵਿੱਚ ਠੇਕੇ ਦੇ ਅਧਾਰ ਤੇ ਕੰਮ ਕਰ ਰਹੇ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਦਾ ਢਿੰਡੋਰਾ ਹੀ ਪਿੱਟ ਰਹੀ ਹੈ ਪਰ ਹਕੀਕਤ ਸਭ ਦੇ ਸਾਹਮਣੇ ਹੈ ।ਕੁਲਦੀਪ ਕੌਰ ਏ.ਐਨ.ਐਮ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਜ਼ੋ ਸਰਕਾਰ ਕੈਬਨਿਟ ਵਿੱਚ ਪਾਸ ਕੀਤਾ ਹੋਇਆ ਆਪਣਾ ਹੀ ਮਤਾ ਲਾਗੂ ਨਹੀਂ ਕਰ ਸਕੀ ਉਸ ਕੋਲੋ ਹੋਰ ਲੋਕ ਭਲਾਈ ਦੀ ਆਸ ਕਰਨੀ ਬੇਵਕੂਫੀ ਹੈ। ਇਸ ਮੌਕੇ ਸੋਨਿਕਾ, ਰਮਨਦੀਪ ਕੌਰ, ਗਗਨਦੀਪ ਕੌਰ ਮੀਨਾਕਸ਼ੀ, ਅਮਨਪ੍ਰੀਤ ਸਿੰਘ,ਕਿਰਨਜੀਤ ਕੌਰ, ਗਗਨਦੀਪ ਕੌਰ, ਮੋਨੀਕਾ ਸ਼ਰਮਾਂ, ਹਰੀਸ਼, ਦੇਵਰਾਜ, ਅਮਨਦੀਪ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *