ਕੇਂਦਰ ਸਰਕਾਰ ਵੱਲੋਂ ਵਿਆਹ-ਪ੍ਰਸਤਾਵ ਪੇਸ਼ ਕਰਨ ਵਾਲੀਆਂ ਵੈਬਸਾਈਟਾਂ ਲਈ ਸਖ਼ਤ ਐਡਵਾਈਜ਼ਰੀ ਜਾਰੀ
ਵਿਆਹ ਵਾਲੀਆਂ ਆਨਲਾਈਨ ਵੈਬਸਾਈਟਾਂ ਅਤੇ ਪੋਰਟਲਾਂ ਲਈ ਸੂਚਨਾ ਤਕਨਾਲੌਜੀ ਐਕਟ 2000 ਦੇ ਉਪਬੰਧ ਦੀ ਪਾਲਣਾ ਲਾਜ਼ਮੀ ਕਰਾਰ
ਚੰਡੀਗੜ੍ਹ, 3 ਨਵੰਬਰ (ਮਧੂਸਾਰ ਬਿਊਰੋ)
ਸੂਚਨਾ ਤਕਨੀਕ ਦੇ ਇਸ ਯੁਗ ਵਿੱਚ ਵਿਆਹ ਕਰਾਉਣ ਦੇ ਮੰਤਵ ਨਾਲ ਯੋਗ ਵਰ ਲੱਭਣ ਲਈ ਬਣਾਈਆਂ ਗਈਆਂ ਆਨਲਾਈਨ ਵੈਬਸਾਈਟਾਂ ਅਤੇ ਪੋਰਟਲਾਂ ਦੀ ਭਰਮਾਰ ਹੈ ਅਤੇ ਇਨ੍ਹਾਂ ਵੈਬਸਾਈਟਾਂ ਰਾਹੀਂ ਭੋਲੇ-ਭਾਲੇ ਵਿਅਕਤੀਆਂ ਨਾਲ ਹੁੰਦੇ ਧੱਕੇ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ।
ਅਜੋਕੇ ਹਾਲਾਤ ਵਿੱਚ ਇਨ੍ਹਾਂ ਪ੍ਰਸਥਿਤੀਆਂ ਵਿੱਚ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੀਆਂ ਜਾਅਲੀ ਵੈਬਸਾਈਟਾਂ ਅਤੇ ਪੋਰਟਲਾਂ ‘ਤੇ ਨੱਥ ਪਾਉਣ ਲਈ ਕੇਂਦਰ ਸਰਕਾਰ ਨੇ ਇੱਕ ਸਖ਼ਤ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਮੁਤਾਬਕ ਹੁਣ ਇਨ੍ਹਾਂ ਸਮੂਹ ਵਿਆਹ-ਪ੍ਰਸਤਾਵ ਪੇਸ਼ ਕਰਨ ਵਾਲੀਆਂ ਇਨ੍ਹਾਂ ਵੈਬਸਾਈਟਾਂ ਲਈ ਸੂਚਨਾ ਤਕਨਾਲੌਜੀ ਐਕਟ 2000 ਦੇ ਉਪਬੰਧਾਂ ਦੀ ਪਾਲਣਾ ਲਾਜ਼ਮੀ ਹੋਵੇਗੀ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਐਡਵਾਈਜ਼ਰੀ ਵਿੱਚ ਕੇਂਦਰ ਸਰਕਾਰ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕਈ ਵਿਆਹ-ਪ੍ਰਸਤਾਵ ਪੇਸ਼ ਕਰਨ ਵਾਲੀਆਂ ਵੈਬਸਾਈਟਾਂ ਵਿਆਹ ਕਰਾਉਣ ਦੇ ਚਾਹਵਾਨ ਮੁੰਡੇ-ਕੁੜੀਆਂ ਦੇ ਪ੍ਰੋਫ਼ਾਈਲਾਂ ਵਿੱਚ ਉਨ੍ਹਾਂ ਦੀ ਉਮਰ, ਕੱਦ, ਸਿਹਤ ਅਤੇ ਸਮਾਜਿਕ ਤੇ ਆਰਥਿਕ ਸਥਿਤੀ ਬਾਰੇ ਗ਼ਲਤ ਅੰਕੜੇ ਰਿਕਾਰਡ ਕਰ ਦਿੰਦਿਆਂ ਹਨ ਤਾਂ ਜੋ ਵੱਧ ਤੋਂ ਵੱਧ ਵਿਆਹ ਪ੍ਰਸਤਾਵ ਸਵੀਕਾਰ ਕਰਵਾਏ ਜਾ ਸਕਣ ਪਰ ਅਜਿਹੀ ਸਥਿਤੀ ਵਿੱਚ ਜ਼ਿਆਦਾਤਰ ਧੋਖਾ ਔਰਤਾਂ ਨਾਲ ਹੀ ਹੁੰਦਾ ਹੈ ਜਿਸ ਕਾਰਨ ਇਹ ਅਤਿ ਜ਼ਰੂਰੀ ਬਣ ਜਾਂਦਾ ਹੈ ਕਿ ਅਜਿਹੀਆਂ ਸਾਈਟਾਂ ‘ਤੇ ਵਿਆਹ ਕਰਾਉਣ ਦੇ ਚਾਹਵਾਨ ਮੁੰਡੇ-ਕੁੜੀਆਂ ਦੇ ਪ੍ਰੋਫ਼ਾਈਲ ਸੁਰੱਖਿਅਤ ਰੱਖੇ ਜਾ ਸਕਣ।
ਇਹ ਸਮੂਹ ਵੈਬਸਾਈਟਾਂ ਸੂਚਨਾ ਤਕਨਾਲੌਜੀ ਐਕਟ 2000 ਦੀ ਧਾਰਾ 2 (1) (ਡਬਲਯੂ) ਅਧੀਨ ਵਿਚੋਲੀਏ ਦੀ ਭੂਮਿਕਾ ਨਿਭਾਉਂਦੀਆਂ ਹਨ। ਇਸ ਐਕਟ ਮੁਤਾਬਕ ਇਹ ਵਿਚੋਲੀਏ (ਇੰਟਰਮਿਡੀਏਰੀ) ਕਿਸੇ ਵੀ ਦੂਸਰੇ ਵਿਅਕਤੀਆਂ ਦੀ ਤਰਫ਼ੋਂ ਉਸ ਵੱਲੋਂ ਦਿੱਤਾ ਗਿਆ ਵੇਰਵਾ ਆਪਣੇ ਰਿਕਾਰਡ ਵਿੱਚ ਸੁਰੱਖਿਅਤ ਰੱਖਦੇ ਹਨ ਅਤੇ ਅਗਲੀ ਧਿਰ ਨੂੰ ਸਪਲਾਈ ਕਰਦੇ ਹਨ। ਇਸ ਲਈ ਇਨ੍ਹਾਂ ਸਮੂਹ ਆਨਲਾਈਨ ਵਿਆਹ-ਪ੍ਰਸਤਾਵ ਪੇਸ਼ ਕਰਨ ਵਾਲੀਆਂ ਵੈਬਸਾਈਟਾਂ ਅਤੇ ਪੋਰਟਲਾਂ ਲਈ ਸੂਚਨਾ ਤਕਨਾਲੌਜੀ ਐਕਟ 2000 ਦੀਆਂ ਧਾਰਾਵਾਂ ਅਤੇ ਸਰਕਾਰ ਵੱਲੋਂ 11 ਅਪ੍ਰੈਲ, 2011 ਨੂੰ ਜੀ.ਐਸ.ਆਰ. 314 (ਈ) ਰਾਹੀਂ ਜਾਰੀ ਸੂਚਨਾ ਤਕਨੀਕ (ਇੰਟਰਮਿਡੀਏਰੀ ਗਾਈਡਲਾਈਨਜ਼) ਨਿਯਮਾਂ ਦਾ ਪਾਬੰਦ ਹੋਣਾ ਲਾਜ਼ਮੀ ਹੈ।
ਜਦ ਵੀ ਕੋਈ ਵਿਅਕਤੀ ਆਪਣੇ ਆਪ ਨੂੰ ਇਨ੍ਹਾਂ ਸਾਈਟਾਂ ਤੇ ਰਜਿਸਟਰ ਕਰੇਗਾ ਤਾਂ ਯੂਜ਼ਰ ਐਗਰੀਮੈਂਟ ( ਸ਼ਰਤ ਅਤੇ ਨਿਯਮ) ਮੰਨਣ ਲਈ ਪਾਬੰਦ ਹੋਵੇਗਾ ਅਤੇ ਇਹ ਨਿਯਮ ਸੂਚਨਾ ਤਕਨੀਕ ( ਇੰਟਰਮਿਡੀਏਰੀ) ਗਾਈਡਲਾਈਨਸ ਰੂਲ 2011 ਅਨੁਸਾਰ ਹੋਣਗੇ।

