ਪਟਿਆਲਾ

ਯੂ.ਜੀ.ਸੀ. ਸਪਾਂਸਰਡ ‘ਅਜੋਕੇ ਪ੍ਰਸੰਗ ਵਿਚ ਸ਼ਾਸਤਰੀ, ਉਪ-ਸ਼ਾਸਤਰੀ ਅਤੇ ਸੁਗਮ ਸੰਗੀਤ ਦੀ ਪੁਨਰ-ਪਰਿਭਾਸ਼ਾ’ ਵਿਸ਼ੇ ‘ਤੇ ਕਾਨਫ਼ਰੰਸ

ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਖ਼ਾਲਸਾ ਕਾਲਜ ਪਟਿਆਲਾ ਦੇ ਸੰਗੀਤ ਗਾਇਣ ਵਿਭਾਗ ਵੱਲੋਂ ਯੂ.ਜੀ.ਸੀ. ਸਪਾਂਸਰਡ ‘ਅਜੋਕੇ ਪ੍ਰਸੰਗ ਵਿਚ ਸ਼ਾਸਤਰੀ, ਉਪ-ਸ਼ਾਸਤਰੀ ਅਤੇ ਸੁਗਮ ਸੰਗੀਤ ਦੀ ਪੁਨਰ-ਪਰਿਭਾਸ਼ਾ’ ਵਿਸ਼ੇ ‘ਤੇ ਇਕ ਰੋਜ਼ਾ ਨੈਸ਼ਨਲ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ।
ਇਸ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਅਕਾਦਮਿਕ ਅਤੇ ਗੁਰਮਤਿ ਸੰਗੀਤ ਦੇ ਮਾਹਿਰ ਡਾ. ਗੁਰਨਾਮ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਸੈਸ਼ਨ ਦੌਰਾਨ ਸੰਗੀਤ ਨਾਟਕ ਅਕਾਦਮੀ ਐਵਾਰਡ ਨਾਲ ਸਨਮਾਨਿਤ ਉੱਘੇ ਲੋਕ-ਗਾਇਕ ਸ. ਪਰਮਜੀਤ ਸਿੰਘ ਸਿੱਧੂ ਉਰਫ਼ ਪੰਮੀ ਬਾਈ ਪ੍ਰਮੁੱਖ ਵਕਤਾ ਦੇ ਤੌਰ ‘ਤੇ ਪਹੁੰਚੇ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਇਸ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਨੂੰ ਆਖਿਆ। ਵਿਭਾਗ ਮੁਖੀ ਡਾ. ਜਗਜੀਤ ਸਿੰਘ ਨੇ ਇਸ ਕਾਨਫ਼ਰੰਸ ਦੇ ਵਿਸ਼ੇ ‘ਤੇ ਚਾਨਣਾ ਪਾਇਆ।ਇਸੇ ਸੈਸ਼ਨ ਦੌਰਾਨ ਪੰਡਿਤ ਜਵਾਹਰ ਲਾਲ ਨਹਿਰੂ ਸਰਕਾਰੀ ਪੀ.ਜੀ. ਕਾਲਜ ਫ਼ਰੀਦਾਬਾਦ ਤੋਂ ਪ੍ਰੋ. ਭੁਪਿੰਦਰ ਮਲਹੋਤਰਾ, ਅੰਬਾਲਾ ਤੋਂ ਰਿਟਾਇਰਡ ਪਿੰਸੀਪਲ ਡਾ. ਅੰਮ੍ਰਿਤਪਾਲ ਸਿੰਘ, ਗੌਰਮਿੰਟ ਕਾਲਜ ਫ਼ਾਰ ਗਰਲਜ਼, ਗੁਰੂਗਰਾਮ (ਹਰਿਆਣਾ) ਤੋਂ ਡਾ. ਲੋਕੇਸ਼ ਸ਼ਰਮਾ ਅਤੇ ਸਰਕਾਰੀ ਕਾਲਜ ਦੋਲਤਪੁਰ ਚੌਂਕ (ਹਿਮਾਚਲ) ਤੋਂ ਡਾ. ਨੀਰਜ ਗਾਂਧੀ ਨੇ ਸੰਗੀਤਕ ਪੇਸ਼ਕਾਰੀ ਕੀਤੀ। ਇਸ ਮੌਕੇ ਸ੍ਰੀ ਮਧੂਰੇਸ਼ ਪਾਠਕ ਅਤੇ ਡਾ. ਭੈਰਵੀ ਸ਼ਰਮਾ ਨੇ ਤਬਲਾ ਅਤੇ ਸਿਤਾਰ ਦੀ ਜੁਗਲਬੰਦੀ ਪੇਸ਼ ਕੀਤੀ। ਇਸ ਕਾਨਫ਼ਰੰਸ ਦੇ ਦੋ ਤਕਨੀਕੀ ਸੈਸ਼ਨਾਂ ਦੌਰਾਨ ਪੰਜਾਬ ਅਤੇ ਹੋਰ ਰਾਜਾਂ ਤੋਂ ਆਏ ਵਿਦਵਾਨਾਂ ਨੇ ਆਪਣੇ ਖੋਜ-ਪੱਤਰ ਪ੍ਰਸਤੁਤ ਕੀਤੇ ਅਤੇ ਵਿਚਾਰ-ਚਰਚਾ ਕੀਤੀ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਅਕਾਦਮਿਕ ਡਾ. ਗੁਰਨਾਮ ਸਿੰਘ ਨੇ ਕਾਨਫ਼ਰੰਸ ਦੀ ਮਹੱਤਤਾ ਜ਼ਾਹਿਰ ਕਰਦੇ ਹੋਇਆਂ ਕਿਹਾ ਕਿ ਇਹ ਕਾਨਫ਼ਰੰਸ ਜਿਸ ਸੰਜੀਦਾ ਵਿਸ਼ੇ ‘ਤੇ ਵਿਚਾਰ ਚਰਚਾ ਕਰ ਰਹੀ ਹੈ, ਇਹ ਸੰਗੀਤ ਦੇ ਇਤਿਹਾਸ ਵਿਚ ਮੀਲ ਪੱਥਰ ਸਾਬਿਤ ਹੋਵੇਗੀ। ਉਹਨਾਂ ਵਿਸ਼ੇ ਦੇ ਸੰਦਰਭ ਵਿਚ ਕਿਹਾ ਕਿ ਅਜੋਕੇ ਸਮੇਂ ਵਿਚ ਘਰਾਣਿਆਂ ਦਾ ਪ੍ਰਭਾਵ ਘੱਟਕੇ ਅਕਾਦਮਿਕ ਸੰਗੀਤ ਦਾ ਦੌਰ ਚੱਲ ਗਿਆ ਹੈ, ਇਸ ਲਈ ਬੇਹੱਦ ਜ਼ਰੂਰੀ ਹੈ ਕਿ ਵੱਖੋ-ਵੱਖਰੀਆਂ ਸ਼ੈਲੀਆਂ ਨਾਲ ਜੁੜੇ ਸੰਗੀਤ ਨੂੰ ਸਮੁੱਚ ਵਿਚ ਪੁਨਰ-ਪ੍ਰਭਾਸ਼ਿਤ ਕੀਤਾ ਜਾਵੇ।
ਉੱਘੇ ਲੋਕ-ਗਾਇਕ ਸ. ਪਰਮਜੀਤ ਸਿੰਘ ਸਿੱਧੂ ਉਰਫ਼ ਪੰਮੀ ਬਾਈ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਸੰਗੀਤ ਦੀਆਂ ਹੱਦਾਂ-ਸਰਹੱਦਾਂ ਨਹੀਂ ਹੁੰਦੀਆਂ, ਇਹ ਸਭ ਬੰਧਨਾਂ ਤੋਂ ਮੁਕਤ ਹੁੰਦਾ ਹੈ। ਉਹਨਾਂ ਇਹ ਵੀ ਕਿਹਾ ਕਿ ਸੰਗੀਤ ਵਿਰਾਸਤ ਵਿਚ ਮਿਲਦਾ ਹੈ, ਇਹ ਅਕਾਦਮਿਕ ਬੰਦਸ਼ਾਂ ਦਾ ਮੁਹਤਾਜ਼ ਨਹੀਂ ਹੁੰਦਾ। ਉਹਨਾਂ ਲੋਕ ਸੰਗੀਤ ਦੀ ਮਹੱਤਤਾ ਜ਼ਾਹਿਰ ਕਰਦਿਆਂ ਕਿਹਾ ਕਿ ਸੂਫ਼ੀ ਸੰਗੀਤ, ਗੁਰਮਤਿ ਸੰਗੀਤ, ਸ਼ਾਸਤਰੀ ਸੰਗੀਤ ਸਾਰਿਆਂ ਦੀ ਹੀ ਬੁਨਿਆਦ ਲੋਕ-ਸੰਗੀਤ ਹੈ।
ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਸਾਨੂੰ ਸੱਭਿਆਚਾਰਕ ਕਦਰਾਂ ਦਾ ਘਾਣ ਕਰਨ ਲਈ ਨਵੀਂ ਪੀੜ੍ਹੀ ਨੂੰ ਦੋਸ਼ ਦੇਣ ਦੀ ਥਾਂ ਸਾਨੂੰ ਇਸ ਨੂੰ ਰੋਕਣ ਦਾ ਬਦਲ ਪੇਸ਼ ਕਰਨਾ ਚਾਹੀਦਾ ਹੈ। ਉਹਨਾਂ ਨੇ ਮੁੱਖ ਮਹਿਮਾਨ ਡਾ. ਗੁਰਨਾਮ ਸਿੰਘ ਅਤੇ ਪ੍ਰਮੁੱਖ ਵਕਤਾ ਸ. ਪਰਮਜੀਤ ਸਿੰਘ ਸਿੱਧੂ ਦੇ ਜੀਵਨ ਸੰਘਰਸ਼ ਅਤੇ ਪ੍ਰਾਪਤੀਆਂ ਸੰਬੰਧੀ ਵੀ ਜਾਣਕਾਰੀ ਦਿੱਤੀ।
ਵਿਭਾਗ ਮੁਖੀ ਡਾ. ਜਗਜੀਤ ਸਿੰਘ ਨੇ ਕਿਹਾ ਕਿ ਸੰਗੀਤ ਨੂੰ ਸ਼ਾਸਤਰੀ, ਉਪ-ਸ਼ਾਸਤਰੀ ਅਤੇ ਸੁਗਮ ਸੰਗੀਤ ਦੀ ਵਰਗਵੰਡ ਤੋਂ ਮੁਕਤ ਕਰਕੇ ਵਿਦਿਆਰਥੀਆਂ ਨੂੰ ਆਪਣੇ ਹੁਨਰ ਅਨੁਸਾਰ ਸੰਗੀਤ ਅਪਣਾਉਣ ਦੀ ਖੁੱਲ੍ਹ ਹੋਣੀ ਚਾਹੀਦਾ ਹੈ। ਉਹਨਾਂ ਨੇ ਹਰ ਤਰ੍ਹਾਂ ਦੇ ਸੰਗੀਤ ਨੂੰ ਬਰਾਬਰਤਾ ਦਾ ਦਰਜਾ ਦਿੰਦੇ ਕਿਹਾ ਕਿ ਕੋਈ ਵੀ ਸੰਗੀਤ ਬੁਰਾ ਨਹੀਂ ਹੁੰਦਾ, ਬੋਲ ਚੰਗੇ ਜਾਂ ਬੁਰੇ ਹੁੰਦੇ ਹਨ।ਉਹਨਾਂ ਇਸ ਕਾਨਫ਼ਰੰਸ ਵਿਚ ਪਹੁੰਚੇ ਮੁਖ ਮਹਿਮਾਨ, ਵਿਸ਼ੇਸ਼ ਪ੍ਰਵਕਤਾ, ਡੈਲੀਗੇਟਸ ਅਤੇ ਖੋਜ-ਪੱਤਰ ਪ੍ਰਸਤੁਤ-ਕਰਤਾਵਾਂ ਦਾ ਧੰਨਵਾਦ ਕੀਤਾ।
ਇਸ ਕਾਨਫ਼ਰੰਸ ਦੇ ਤਕਨੀਕੀ ਸੈਸ਼ਨਾਂ ਦੀ ਪ੍ਰਧਾਨਗੀ ਡਾ. ਜਗਮੋਹਨ ਸਿੰਘ ਅਤੇ ਡਾ. ਲੋਕੇਸ਼ ਸ਼ਰਮਾ ਨੇ ਕੀਤੀ।ਉਦਘਾਟਨੀ ਸੈਸ਼ਨ ਦੌਰਾਨ ਮੰਚ ਸੰਚਾਲਨ ਪ੍ਰੋ. ਜਸਪ੍ਰੀਤ ਕੌਰ ਨੇ ਕੀਤਾ। ਇਸ ਕਾਨਫ਼ਰੰਸ ਵਿਚ ਸਮੂਹ ਵਿਭਾਗ ਦੇ ਯਤਨਾਂ ਦੇ ਸਦਕਾਂ ਇਹ ਕਾਨਫ਼ਰੰਸ ਸਫ਼ਲਤਾਪੂਰਵਕ ਨੇਪਰੇ ਚੜ੍ਹੀ।

Leave a Reply

Your email address will not be published. Required fields are marked *