ਪਟਿਆਲਾ

ਚਹੇਤਿਆਂ ਨੂੰ ਭਰਤੀ ਕਰਨ ‘ਤੇ ਭੜਕੀ ਸੈਫੀ : ਆਖਿਆ ਯੂਨੀਵਰਸਿਟੀ ਵਿਚ ਆਪਣੇ ਚਹੇਤਿਆਂ ਨੂੰ ਪੱਕਾ ਕਰਨ ਲਈ ਰੱਖੀ ਜਾਂਦੀ ਹੈ ਇੰਟਰਵਿਊ

ਲੋਕਾਂ ਨੂੰ ਬਣਾਇਆ ਜਾ ਰਿਹਾ ਬੇਵਕੂਫ
ਪਟਿਆਲਾ (ਮਧੂਸਾਰ ਬਿਊਰੋ )
ਪੰਜਾਬੀ ਯੂਨੀਵਰਸਿਟੀ ਵਿਚ ਚਹੇਤਿਆਂ ਨੂੰ ਨੌਕਰੀ ਦਿੱਤੇ ਜਾਣ ਅਤੇ ਉਹਨਾਂ ਨੂੰ ਪੱਕਾ ਕਰਨ ਲਈ ਹੀ ਨੌਕਰੀਆਂ ਦੇ ਇਸ਼ਤਿਹਾਰ ਕੱਢੇ ਜਾਂਦੇ ਹਨ ਅਤੇ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਹੇ।
ਸੈਕੂਲਰ ਯੂਥ ਫੈੱਡਰੇਸ਼ਨ ਆਫ ਇੰਡੀਆ (ਸੈਫੀ) ਨੇ ਯੂਨੀਵਰਸਿਟੀ ਦੇ ਇਸ ਵਤੀਰੇ ਦਾ ਵਿਰੋਧ ਕੀਤਾ ਹੈ ਅਤੇ 10 ਨਵੰਬਰ ਨੂੰ ਹੋਣ ਜਾ ਰਹੇ ਨਾਨ-ਟੀਚਿੰਗ ਪੋਸਟ ਲਈ ਇੰਟਰਵਿਊ ਦੇ ਖਿਲਾਫ਼ ਰੋਸ ਪ੍ਰਗਟਾਇਆ ਹੈ, ਇਸਨੂੰ ਲੈ ਕੇ ਸੈਫੀ ਦੇ ਅਹੁਦੇਦਾਰ ਹਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਲੋਂ ਗੁਰਮਤਿ ਸੰਗੀਤ ਡਿਪਾਰਟਮੈਂਟ ਲਈ ਦੋ ਟੈਕਨੀਕਲ ਅਸਿਸਟੈਂਟ ਦੀਆਂ ਪੋਸਟਾਂ ਲਈ 10 ਨਵੰਬਰ ਨੂੰ ਇੰਟਰਵਿਊ ਰੱਖੀ ਗਈ ਹੈ ਪਰ ਇਨ੍ਹਾਂ ਦੋਹਾਂ ਪੋਸਟਾਂ ‘ਤੇ ਪਹਿਲਾਂ ਤੋਂ ਹੀ ਉਮੀਦਵਾਰ ਕੰਮ ਕਰ ਰਹੇ ਹਨ, ਇਹ ਪੋਸਟਾਂ ਜਤਿੰਦਰ ਸਿੰਘ ਮੱਟੂ, ਅਮਨਜੋਤ ਕੌਰ ਅਤੇ ਅਮਰਿੰਦਰ ਸਿੰਘ ਨੂੰ ਰੈਗੂਲਰ ਕਰਨ ਲਈ ਹਨ ਕਿਉਂਕਿ ਉਹ ਪਹਿਲਾਂ ਤੋਂ ਹੀ ਇਸ ਪੋਸਟ ‘ਤੇ ਕੰਮ ਕਰ ਰਹੇ ਹਨ। ਇੰਨਾਂ ਹੀ ਨਹੀਂ ਉਹ ਡੀਨ ਅਕਾਦਮਿਕ ਅਤੇ ਗੁਰਮਤਿ ਸੰਗੀਤ ਡਿਪਾਰਟਮੈਂਟ ਦੇ ਮੁਖੀਆ ਰਹੇ ਡਾ. ਗੁਰਨਾਮ ਸਿੰਘ ਦੇ ਕੋਲ ਪੀ. ਐੱਚ. ਡੀ. ਵੀ ਕਰ ਰਹੇ ਹਨ। ਅਜਿਹੇ ਵਿਚ ਰੈਗੂਲਰ ਤਾਂ ਉਹਨਾਂ ਨੂੰ ਹੀ ਕੀਤਾ ਜਾਣਾ ਹੈ ਜਦੋਂ ਕਿ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ, ਇਸ ਲਈ ਸੈਫੀ ਹਾਈਕੋਰਟ ਦਾ ਦਰਵਾਜ਼ਾ ਖੜਕਾਏਗੀ ਅਤੇ ਇੰਟਰਵਿਊ ਦਾ ਵਿਰੋਧ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈਕੋਰਟ, ਮੁੱਖ ਮੰਤਰੀ ਪੰਜਾਬ, ਉਪ ਮੁੱਖ ਮੰਤਰੀ ਪੰਜਾਬ, ਵਿਜੀਲੈਂਸ ਵਿਭਾਗ ਪੰਜਾਬ, ਚਾਂਸਲਰ ਅਤੇ ਸੂਬੇ ਦੇ ਗਵਰਨਰ, ਵਾਈਸ ਚਾਂਸਲਰ, ਰਜਿਸਟਰਾਰ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ। ਇਸ ਸ਼ਿਕਾਇਤ ਵਿਚ ਸਪਸ਼ਟ ਕੀਤਾ ਗਿਆ ਹੈ ਕਿ 10 ਤਰੀਕ ਨੂੰ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਵਿਚ ਤਕਨੀਕੀ ਸਹਾਇਕ ਦੀ ਜੋ ਇੰਟਰਵਿਊ ਰੱਖੀ ਗਈ ਹੈ, ਉਸ ਵਿਚ ਪਹਿਲਾਂ ਹੀ ਭਰਤੀ ਕੀਤੇ ਗਏ ਜਤਿੰਦਰ ਸਿੰਘ ਮੱਟੂ, ਅਮਨਜੋਤ ਕੌਰ ਅਤੇ ਅਮਰਿੰਦਰ ਸਿੰਘ ਨੂੰ ਰੱਖਿਆ ਜਾਣਾ ਹੈ, ਲਿਹਾਜਾ ਇਹ ਇੰਟਰਵਿਊ ਕੈਂਸਲ ਕਰਵਾਈ ਜਾਵੇ।
ਅਹੁਦੇਦਾਰਾਂ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਪੰਜਾਬੀ ਯੂਨੀਵਰਸਿਟੀ ਨਜਾਇਜ਼ ਭਰਤੀਆਂ ਕਰ ਰਹੀ ਹੈ। ਪਿਛਲੇ ਦਿਨਾਂ ਵਿਚ ਪੀ. ਯੂ. ਕੋਂਸਟੀਚਿਊਟ ਕਾਲਜਾਂ ਵਿਚ ਅਸਿਸਟੈਂਟ ਪ੍ਰੋਫੈਸਰ ਦੇ ਭਰਤੀ ਘੁਟਾਲੇ ਨੂੰ ਲੈ ਕੇ ਵੀ ਕਾਫੀ ਵਿਵਾਦ ਉੱਠੇ ਸੀ। ਯੂਨੀਵਰਸਿਟੀ ਪ੍ਰੋਫੈਸਰਾਂ ਦੇ ਭਰਤੀ ਘਪਲੇ ਨੂੰ ਲੈ ਕੇ ਲਗਾਤਾਰ ਮਾਮਲਾ ਭੜਕ ਗਿਆ। ਇਸ ਮੁੱਦੇ ਨੂੰ ਦੇਖਦਿਆਂ ਯੂਨੀਵਰਸਿਟੀ ਨੇ ਭਰਤੀ ਨੂੰ ਰੋਕ ਦਿੱਤਾ ਅਤੇ ਵੀ. ਸੀ. ਡਾ. ਜਸਪਾਲ ਸਿੰਘ ਨੇ ਕਿਹਾ ਸੀ ਕਿ ਭਰਤੀ ਪੰਜਾਬ ਸਰਕਾਰ ਅਤੇ ਯੂ. ਜੀ. ਸੀ². ਦੇ ਨਿਯਮਾਂ ਮੁਤਾਬਕ ਹੀ ਹੋਵੇਗੀ ਪਰ ਇਹ ਮੁੱਦਾ ਵੀ ਹਾਲੇ ਠੰਡਾ ਹੋਇਆ ਵੀ ਨਹੀਂ ਸੀ ਕਿ ਹੁਣ ਨਾਨ ਟੀਚਿੰਗ ਅਹੁਦਿਆਂ ‘ਤੇ ਮੁੜ ਤੋਂ ਘਪਲਾ ਕਰਨ ਵਿਚ ਲੱਗ ਗਏ ਹਨ। ਯੂਨੀਵਰਸਿਟੀ ਨੇ ਇਸ਼ਤਿਹਾਰ ਵਿਚ ਵੱਖ-ਵੱਖ ਨਾਨ ਟੀਚਿੰਗ ਪੋਸਟਾਂ ਲਈ ਇਸ਼ਤਿਹਾਰ ਦਿੱਤਾ ਹੈ ਪਰ ਜਿੰਨੇ ਵੀ ਇਸ਼ਤਿਹਾਰ ਦਿੱਤੇ ਹਨ ਉਹਨਾਂ ‘ਤੇ ਪਹਿਲਾਂ ਹੀ ਉਮੀਦਵਾਰ ਕੰਮ ਕਰ ਰਹੇ ਹਨ। ਇਹ ਬਸ ਉਹਨਾਂ ਨੂੰ ਪੱਕਾ ਕਰਨ ਲਈ ਡਰਾਮਾ ਰਚਿਆ ਜਾ ਰਿਹਾ ਹੈ। ਸੈਫੀ ਇਸ ਦੇ ਖਿਲਾਫ਼ ਸੰਘਰਸ਼ ਵਿੱਢੇਗੀ। ਇਸ ਦੌਰਾਨ ਸੰਦੀਪ, ਪੂਨਮਦੀਪ ਸਿੰਘ, ਮਨਦੀਪ ਲਸੋਈ, ਮਨਪ੍ਰੀਤ ਸਿੰਘ, ਜਿੰਮੀ ਗਿੱਲ, ਸੁਰਜੀਤ ਸਿੰਘ ਅਤੇ ਹੋਰ ਸ਼ਾਮਲ ਹੋਏ।

Leave a Reply

Your email address will not be published. Required fields are marked *