ਸ਼੍ਰੋਮਣੀ ਅਕਾਲੀ ਦਲ ਨੂੰ ਸੱਚੀ-ਸੁੱਚੀ ਸਮਰਪਿਤ ਸਖਸ਼ੀਅਤ : ਸਮਾਜ ਸੇਵੀ, ਉਘਾ ਵਕੀਲ ਅਤੇ ਵਿਕਾਸ ਦਾ ਮਸੀਹਾ ਹਰਪਾਲ ਜੁਨੇਜਾ
ਪਟਿਆਲਾ (ਕੰਵਰ ਬੇਦੀ)
ਸਮਾਜ ਤੇ ਦੁਨੀਆ ਨੂੰ ਕੁਝ ਕਰਕੇ ਵਿਖਾਉਣਾ ਕਿਸੇ-ਕਿਸੇ ਦੇ ਹਿੱਸੇ ਆਇਆ, ਜਿਨਾਂ ‘ਚ ਕੁਝ ਨਿਵੇਕਲਾ ਕਰਨ ਦਾ ਮਨਸੂਬਾ ਹੋਵੇ ਤਾਂ ਉਹ ਵਿਅਕਤੀ ਕਦੇ ਵੀ ਆਪਣੇ ਨਿਸ਼ਾਨੇ ਤੋਂ ਨਹੀਂ ਖੁੰਝਦੇ। ਉਨ੍ਹਾਂ ਦੇ ਰਾਹ ‘ਚ ਕਿੰਨੀਆਂ ਵੀ ਚੁਣੌਤੀਆਂ ਕਿਉਂ ਨਾ ਹੋਣ, ਪ੍ਰੰਤੂ ਮੰਜ਼ਿਲ ‘ਤੇ ਪਹੁੰਚਣ ਦਾ ਨਿਸ਼ਚਾ ਕਰਨ ਵਾਲੇ ਨੂੰ ਹਰ ਮੈਦਾਨ ‘ਚ ਫਤਹਿ ਨਸੀਬ ਹੋਣ ਹੀ ਲੱਗ ਪੈਂਦੀ ਹੈ। ਅਜਿਹੀ ਸਖਸ਼ੀਅਤ ਲੈ ਕੇ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਪਟਿਆਲਾ ਸ਼ਹਿਰ ਦੇ ਲੋਕਾਂ ‘ਚ ਵਿਚਰ ਰਹੇ ਹਨ ਅਤੇ ਜਿਨਾਂ ਨੇ ਅੱਜ ਲੋਕ ਮਨਾਂ ‘ਚ ਵਿਸ਼ੇਸ਼ ਥਾਂ ਬਣਾਈ ਲਈ ਹੈ।
ਹਰਪਾਲ ਜੁਨੇਜਾ ਦਾ ਜਨਮ ਪੰਜਾਬ ਭਰ ‘ਚ ਗਰੀਨਮੈਨ ਕਰਕੇ ਜਾਣੇ ਜਾਂਦੇ ਉਘੇ ਸਮਾਜ ਸੇਵੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਭਗਵਾਨ ਦਾਸ ਜੁਨੇਜਾ ਦੇ ਗ੍ਰਹਿ ਵਿਖੇ ਮਾਤਾ ਰਾਜ ਰਾਣੀ ਦੀ ਕੁੱਖੋਂ 1 ਫਰਵਰੀ 1974 ਨੂੰ ਹੋਇਆ। ਮਾਤਾ-ਪਿਤਾ ਵੱਲੋਂ ਬਚਪਨ ‘ਚ ਹਰਪਾਲ ਜੁਨੇਜਾ ਨੂੰ ਦਿੱਤੀ ਗਈ ਚੰਗੀ ਤਲੀਮ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਹਰਪਾਲ ਜੁਨੇਜਾ ਸਾਊ, ਮਿਲਾਪੜੇ ਤੇ ਇਮਾਨਦਾਰ ਵਿਅਕਤੀ ਹਨ, ਜਿਨਾਂ ਨੇ ਬੀ.ਏ. ਤੋਂ ਬਾਅਦ ਐਲ.ਐਲ.ਬੀ. ਪੜ੍ਹਾਈ ਦੀ ਤਾਲੀਮ ਹਾਸਲ ਕੀਤੀ ਅਤੇ ਉਂਘੇ ਵਕੀਲ ਬਣਕੇ ਸਮਾਜ ਦੇ ਹਰ ਵਿਅਕਤੀ ਦੀ ਮਦਦ ਕਰਨ ਦਾ ਬੀੜਾ ਚੁੱਕਿਆ, ਜਿਸ ਨੂੰ ਸਮਾਜ ਤੇ ਕੋਰਟ-ਕਚਹਿਰੀਆਂ ‘ਚ ਇਨਸਾਫ਼ ਨਹੀਂ ਮਿਲਦਾ।
ਹਰਪਾਲ ਜੁਨੇਜਾ ਨੇ ਸਮਾਜ ਸੇਵਾ ਦੇ ਖੇਤਰ ‘ਚ ਲੋਕ ਸੇਵਾ ਨੂੰ ਸਮਰਪਿਤ ਰਹਿ ਕੇ ਕੰਮ ਕਰਨ ਦੀ ਪ੍ਰੇਰਨਾ ਆਪਣੇ ਪਿਤਾ ਗਰੀਨਮੈਨ ਭਗਵਾਨ ਦਾਸ ਜੁਨੇਜਾ ਤੋਂ ਲਈ, ਜੋ ਸਮਾਜ ਦੇ ਹਰ ਵਰਗ ਦੇ ਲੋੜਵੰਦ, ਬੇਸਹਾਰਾ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ। ਮਾਤਾ ਰਾਜ ਰਾਣੀ ਵੱਲੋਂ ਵਿਖਾਏ ਗਏ ਸੱਚ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਾ ਉਨ੍ਹਾਂ ਨੇ ਪੱਲਾ ਫੜਿਆ ਤਾਂ ਜੋ ਉਨ੍ਹਾਂ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ, ਜੋ ਹਮੇਸ਼ਾ ਲਈ ਆਪਣੀ ਮੰਜ਼ਿਲ ਤੇ ਰਾਹ ਤੋਂ ਭਟਕ ਚੁੱਕੇ ਹਨ। ਹਰਪਾਲ ਜੁਨੇਜਾ ਨੇ ਮਾਤਾ-ਪਿਤਾ ਵੱਲੋਂ ਹਾਸਲ ਕੀਤੀ ਗੁਣਾਂ ਦੀ ਭੰਡ ਚੁੱਕ ਕੇ ਸਮਾਜ ਸੇਵਾ ਦੇ ਨਾਲ-ਨਾਲ ਰਾਜਨੀਤੀ ‘ਚ ਆਉਣ ਦਾ ਮਨ ਬਣਾਇਆ ਤਾਂ ਜੋ ਸਮਾਜ ਅਤੇ ਲੋਕਾਂ ਨੂੰ ਸਮਰਪਿਤ ਰਹਿ ਕੇ ਹਮੇਸ਼ਾ ਲਈ ਲੋਕ ਭਲਾਈ ਮਿਸ਼ਨ ਨੂੰ ਹੋਰ ਵੀ ਅਗਾਂਹ ਤੋਰਿਆ ਜਾ ਸਕੇ।
ਹਰਪਾਲ ਜੁਨੇਜਾ ਵੱਲੋਂ ਨਿਰਸਵਾਰਥ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੇਵਾ ਨੂੰ ਵੇਖਦਿਆਂ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਦੂਰ ਅੰਦੇਸ਼ੀ ਸੋਚ ਅਤੇ ਪਾਰਖੂ ਅੱਖ ਨੇ ਹਰਪਾਲ ਜੁਨੇਜਾ ਨੂੰ ਰਾਜਨੀਤੀ ਖੇਤਰ ‘ਚ ਲਿਆਉਣ ਲਈ ਥਾਪੜਾ ਦਿੱਤਾ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਪਲੇਟਫਾਰਮ ‘ਤੇ ਆ ਕੇ ਸਮਾਜ ਸੇਵਾ ਦੇ ਮਿਸ਼ਨ ਨੂੰ ਹੋਰ ਵੀ ਪ੍ਰਫੁੱਲਤ ਕੀਤਾ ਜਾ ਸਕੇ।
ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਅਸ਼ੀਰਵਾਦ ਲੈ ਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਜਲਾਲਬਾਦ ਚੋਣ ਮੁਹਿੰਮ ‘ਚ ਪੁੱਜ ਕੇ ਹਰਪਾਲ ਜੁਨੇਜਾ ਨੇ ਅਜਿਹੀ ਚੋਣ ਵਿਉਂਤਬੰਦੀ ਕੀਤੀ ਕਿ ਪਾਰਟੀ ਪ੍ਰਧਾਨ ਦੀ ਜਿੱਤ ਨੂੰ ਇਤਿਹਾਸਕ ਬਣਾਉਣ ‘ਚ ਅਹਿਮ ਰੋਲ ਅਦਾ ਕੀਤਾ। ਅਕਾਲੀ ਦਲ ਵੱਲੋਂ ਜੁਨੇਜਾ ਦੀ ਮੋਗਾ, ਧੂਰੀ ਜ਼ਿਮਨੀ, ਦਿੱਲੀ ਚੋਣਾਂ ‘ਚ ਡਿਊਟੀ ਲਗਾਈ ਗਈ, ਜੋ ਆਪ ਨੇ ਸਿਰ ਮੱਥੇ ਪ੍ਰਵਾਨ ਕੀਤੀ ਅਤੇ ਲਗਾਤਾਰ ਦਿਨ-ਰਾਤ ਉਥੇ ਰਹਿ ਕੇ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਕੋਈ ਕਸਰ ਨਾ ਛੱਡੀ। ਪੰਜਾਬ ‘ਚ ਚੱਲ ਰਹੇ ਐਸ.ਵਾਈ.ਐਲ. ਮਾਮਲੇ ‘ਤੇ ਅਕਾਲੀ ਦਲ ਦੇ ਹੁਕਮਾਂ ‘ਤੇ ਅਜਿਹਾ ਪਹਿਰਾ ਦਿੱਤਾ ਕਿ ਆਪਣੀ ਯੂਥ ਬ੍ਰਿਗੇਡ ਨੂੰ ਨਾਲ ਲੈ ਕੇ ਦਿਨ-ਰਾਤ ਇਕ ਕਰਦਿਆਂ ਐਸ.ਵਾਈ.ਐਲ. ਨਹਿਰ ਨੂੰ ਪੂਰਨ ‘ਚ ਮੋਹਰੀ ਭੂਮਿਕਾ ਨਿਭਾਈ, ਜਿਸ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਹਮੇਸ਼ਾ ਕੰਮ ਪ੍ਰਤੀ ਵਫ਼ਾਦਾਰ ਰਹਿਣ ਵਾਲੇ ਹਰਪਾਲ ਜੁਨੇਜਾ ਨੇ ਆਪਣਾ-ਆਪ ਪਾਰਟੀ ਨੂੰ ਸਮਰਪਿਤ ਰਹਿ ਕੇ ਚੱਲਦੇ ਰਹਿਣ ਨੂੰ ਹੀ ਮਿਸ਼ਨ ਮੰਨਿਆ ਅਤੇ ਨਾਲੋਂ-ਨਾਲ ਵਾਰਡ ਨੰ: 31 ‘ਚ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ ਅਤੇ ਹਰ ਸਮੇਂ ਵਾਰਡ ਦੇ ਲੋਕਾਂ ਦੇ ਦੁੱਖ-ਸੁੱਖ ਅਤੇ ਸਮੱਸਿਆਵਾਂ ਨੂੰ ਨੇੜੇ ਤੋਂ ਜਾਣਿਆ ਅਤੇ ਹਰ ਸਮੱਸਿਆ ਦਾ ਹੱਲ ਕਰਨ ਦਾ ਬੀੜਾ ਹੀ ਨਹੀਂ ਚੁੱਕਿਆ, ਸਗੋਂ ਨਿਬੇੜਾ ਕਰਕੇ ਹੀ ਦਮ ਲਿਆ। ਵਾਰਡ ਨੰ: 31 ਵਿਚ ਸੀਵਰੇਜ ਸਪਲਾਈ, ਨਿਰਵਿਘਨ ਪਾਣੀ ਅਤੇ ਸੜਕਾਂ ਦਾ ਨਿਰਮਾਣ, ਸਫਾਈ ਪੱਖ ਤੋਂ ਹਰਪਾਲ ਜੁਨੇਜਾ ਵੱਲੋਂ ਕਰਵਾਏ ਬਹੁਪੱਖੀ ਵਿਕਾਸ ਦੀ ਝਲਕ ਪੇਸ਼ ਕਰਦਾ ਹੈ, ਜੋ ਲੰਮਾ ਸਮਾਂ ਰਾਜ ਕਰਦੀਆਂ ਕਾਂਗਰਸ ਦੀਆਂ ਸਰਕਾਰਾਂ ਦੇ ਕਾਂਗਰਸੀ ਆਗੂ ਨਹੀਂ ਕਰਵਾ ਸਕੇ।
ਹਰਪਾਲ ਜੁਨੇਜਾ ਦੀਆਂ ਤਮਾਮ ਕੋਸ਼ਿਸ਼ਾਂ ਸਦਕਾ ਸ਼ਹਿਰ ਦੇ ਹੋਰਨਾਂ ਵਾਰਡਾਂ ‘ਚੋਂ ਵਾਰਡ ਨੰ: 31 ਮੋਹਰੀ ਕਤਾਰ ਵਿਚ ਆਉਂਦਾ ਹੈ। ਵਾਰਡ ਨੰ: 31 ਦੇ ਵਾਸੀਆਂ ਨੇ ਨਿਗਮ ਚੋਣਾਂ ‘ਚ ਹਰਪਾਲ ਜੁਨੇਜਾ ਨੂੰ ਉਮੀਦਵਾਰ ਬਣਾਇਆ ਅਤੇ ਆਪ ਨੇ ਰਿਕਾਰਡ ਤੋੜ ਵੋਟਾਂ ਨਾਲ ਸ਼ਾਨਾਮੱਤੀ ਜਿੱਤ ਹਾਸਲ ਕੀਤੀ। ਸ਼ਹਿਰ ਦੇ ਲੋਕਾਂ ‘ਚ ਹਰਪਾਲ ਜੁਨੇਜਾ ਦੀ ਲੋਕਪ੍ਰਿਯਤਾ ਵੱਧਣ ਲੱਗੀ।
ਹਰਪਾਲ ਜੁਨੇਜਾ ਨੇ ਸ਼ਹਿਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਬੇਹਤਰ ਤੇ ਮਜ਼ਬੂਤ ਬਣਾਉਣ ਲਈ ਲੋਕਾਂ ਦੀ ਲਾਮਬੰਦੀ ਕੀਤੀ ਅਤੇ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ, ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤੇ ਜਾਣ ਲਈ ਘਰ-ਘਰ ਪਹੁੰਚ ਬਣਾਈ, ਜਿਸ ਨਾਲ ਸ਼ਹਿਰ ਦੇ ਲੋਕ ਉਨ੍ਹਾਂ ਨਾਲ ਆਪ ਮੁਹਾਰੇ ਤੁਰਨ ਲੱਗ ਪਏ। ਹਰਪਾਲ ਜੁਨੇਜਾ ਦੀਆਂ ਤਮਾਮ ਕੋਸ਼ਿਸ਼ਾਂ ਸਦਕਾ ਸ਼ਹਿਰ ਦੇ ਲੋਕਾਂ ਨੂੰ ਨੀਲੇ ਕਾਰਡ, ਪੈਨਸ਼ਨਾਂ, ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵਰਗੀਆਂ ਸਹੂਲਤਾਂ ਮਿਲੀਆਂ। ਸ਼੍ਰੋਮਣੀ ਅਕਾਲੀ ਦਲ ਦੀ ਰੀਡ ਹੱਡੀ ਮੰਨੇ ਜਾਂਦੇ ਨੌਜਵਾਨਾਂ ‘ਚ ਸਮਾਜਕ ਬੁਰਾਈਆਂ ਦੇ ਖਾਤਮੇ ਲਈ ਉਨ੍ਹਾਂ ਨੇ ਨੌਜਵਾਨਾਂ ਨੂੰ ਖੂਨਦਾਨ ਕਰਨ ਦੀ ਪ੍ਰੇਰਨਾ ਦਿੱਤੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਸਫਲ ਬਣਾਇਆ ਅਤੇ ਯੂਥ ਨੌਜਵਾਨਾਂ ਨੂੰ ‘ਯੂਥ ਫਾਰ ਪੰਜਾਬ’ ਨਾਲ ਜੋੜਿਆ ਅਤੇ ਨੌਜਵਾਨਾਂ ਨੂੰ ‘ਮੈਨੂੰ ਅਕਾਲੀ ਹੋਣ ‘ਤੇ ਮਾਣ’ ਦਾ ਇਕ-ਇਕ ਸਲੋਗਨ ਹੱਥਾਂ ‘ਚ ਫੜਾਕੇ ਅਤੇ ਅਕਾਲੀ ਦਲ ਦੇ ਪਲੇਟਫਾਰਮ ਲਿਆ ਕੇ ਇਕ ਸ਼ਕਤੀ ਵਜੋਂ ਉਭਾਰਿਆ। ਹਰਪਾਲ ਜੁਨੇਜਾ ਦੀਆਂ ਕੋਸ਼ਿਸ਼ਾਂ ਸਦਕਾ ਸ਼ਹਿਰੀ ਅਤੇ ਦਿਹਾਤੀ ਖੇਤਰ ‘ਚ ਨੌਜਵਾਨਾਂ ਦੀ ਯੂਥ ਬ੍ਰਿਗੇਡ ਅਗਾਮੀ ਚੋਣਾਂ ‘ਚ ਅਹਿਮ ਰੋਲ ਅਦਾ ਕਰਨ ਲਈ ਤਿਆਰ-ਬਰ-ਤਿਆਰ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਅਤੇ ਸਾਬਕਾ ਯੂਥ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੇ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਹਰਪਾਲ ਜੁਨੇਜਾ ਨੂੰ ਯੂਥ ਅਕਾਲੀ ਦਲ ਕੌਮੀ ਪੱਧਰ ‘ਤੇ ਜਨਰਲ ਸਕੱਤਰ ਅਤੇ ਖਜ਼ਾਨਚੀ ਬਣਾਕੇ ਵੱਡੀ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਨੇ ਅਕਾਲੀ ਦਲ ਵੱਲੋਂ ਮਿਲੀ ਹਰ ਜ਼ਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਇਆ।
ਪਟਿਆਲਾ ਜ਼ਿਮਨੀ ਚੋਣ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜੁਨੇਜਾ ਪਰਿਵਾਰ ‘ਚ ਟਿਕਟ ਦੇਣ ਦਾ ਫੈਸਲਾ ਕੀਤਾ ਅਤੇ ਆਪ ਨੇ ਫਰਾਖਦਿਲੀ ਨਾਲ ਆਪਣੇ ਪਿਤਾ ਵੱਲ ਇਸ਼ਾਰਾ ਕੀਤਾ, ਜਿਨਾਂ ਦੀ ਸਮਾਜ ‘ਚ ਬਹੁਤ ਵੱਡੀ ਦੇਣ ਹੈ। ਗਰੀਨਮੈਨ ਦੀ ਉਸ ਤੋਂ ਵੱਡੀ ਫਰਾਖਦਿਲੀ ਇਸ ਗੱਲ ‘ਚ ਹੈ ਕਿ ਲੋਕਾਂ ਦੀ ਹਰ ਵੇਲੇ ਮਦਦ ਕਰਨ ਵਾਲੇ ਭਗਵਾਨ ਦਾਸ ਜੁਨੇਜਾ ਨੇ ਕਦੇ ਵੀ ਮੁੱਠੀ ਨਹੀਂ ਮੀਚੀ। ਆਖਿਰ ਅਕਾਲੀ ਦਲ ਨੇ ਭਗਵਾਨ ਦਾ ਜੁਨੇਜਾ ਨੂੰ ਟਿਕਟ ਦੇ ਕੇ ਨਿਵਾਜਿਆ। ਹਰਪਾਲ ਜੁਨੇਜਾ ਨੇ ਅਕਾਲੀ ਦਲ ਦੀ ਝੋਲੀ ਜਿੱਤ ਪਾਉਣ ਲਈ ਪੱਬਾਂ ਭਾਰ ਹੋ ਕੇ ਕੰਮ ਕੀਤਾ। ਸ਼ਹਿਰ ਦਾ ਹਰ ਘਰ ਜੁਨੇਜਾ ਦੀ ਪਿੱਠ ‘ਤੇ ਸਵਾਰ ਹੋ ਕੇ ਵੋਟਾਂ ‘ਚ ਭੁਗਤਿਆ, ਜਿਸ ਨਾਲ ਅੱਜ ਵੀ ਸ਼ਹਿਰ ‘ਚ ਅਕਾਲੀ ਦਲ ਦੀ ਹਨੇਰੀ ਝੁਲਦੀ ਨਜ਼ਰ ਆਉਂਦੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਅਗਾਮੀ ਚੋਣਾਂ 2017 ਵਿਚ ਤੀਜੀ ਵਾਰ ਸਰਕਾਰ ਬਣਾਉਣ ਲਈ ਯੂਥ ਨੌਜਵਾਨਾਂ ਨੂੰ ਅੱਗੇ ਲਿਆਉਣ ਦਾ ਫੈਸਲਾ ਕੀਤਾ ਅਤੇ ਪਾਰਟੀ ਪ੍ਰਧਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਰਪਾਲ ਜੁਨੇਜਾ ਨੂੰ ਹੋਰ ਵੱਡੀ ਜ਼ਿੰਮੇਵਾਰੀ ਦੇਣ ਦਾ ਮਨ ਬਣਾਇਆ ਅਤੇ ਉਨ੍ਹਾਂ ਨੂੰ ਮਾਲਵਾ ਜ਼ੋਨ-2 ਦਾ ਪ੍ਰਧਾਨ ਬਣਾ ਦਿੱਤਾ, ਜਿਸ ਨਾਲ ਸ਼ਹਿਰ ਵਿਚ ਹੋਰ ਵੀ ਖੁਸ਼ੀ ਦੀ ਲਹਿਰ ਉਠ ਖੜੀ ਹੋਈ। ਮਾਲਵਾ ਜ਼ੋਨ-2 ਦੇ ਪ੍ਰਧਾਨ ਬਣਾਏ ਜਾਣ ‘ਤੇ ਹਰਪਾਲ ਜੁਨੇਜਾ ਨੂੰ, ਬਰਨਾਲਾ, ਸੰਗਰੂਰ, ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਮੋਹਾਲੀ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਦਾ ਜਿੰਮਾ ਦੇ ਦਿੱਤਾ ਗਿਆ, ਜਿਸ ਨਾਲ ਵੱਖ ਵੱਖ ਜ਼ਿਲ੍ਹਿਆਂ ਦੀ ਅਕਾਲੀ ਲੀਡਰਸ਼ਿਪ ਅਤੇ ਯੂਥ ਨੌਜਵਾਨਾਂ ਦਾ ਵੱਡਾ ਹਜ਼ੂਮ ਮਾਲਵਾ ਜ਼ੋਨ-2 ਦੇ ਪਲੇਟਫਾਰਮ ‘ਤੇ ਆ ਕੇ ਅਕਾਲੀ ਦਲ ਲਈ ਲਾਮਬੰਦ ਹੋਣਾ ਸ਼ੁਰੂ ਹੋ ਗਿਆ।
ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਅਗਾਮੀ ਚੋਣਾਂ ‘ਚ ਅਕਾਲੀ ਦਲ ਦੀ ਤੀਜੀ ਵਾਰ ਸਰਕਾਰ ਬਣਾਉਣ ਲਈ ਹਰ ਜ਼ਿਲ੍ਹੇ ‘ਚ ਜਥੇਬੰਦਕ ਢਾਂਚਿਆਂ ਦਾ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤਹਿਤ ਯੂਥ ਨੌਜਵਾਨਾਂ ਨੂੰ ਨੁਮਾਇੰਦਗੀਆਂ ਦੇ ਕੇ ਨਿਵਾਜਿਆ ਗਿਆ। ਮਾਲਵਾ ਜ਼ੋਨ-2 ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ, ਜ਼ਿਲ੍ਹਾ ਦਿਹਾਤੀ ਅਤੇ ਪਟਿਆਲਾ ਸ਼ਹਿਰੀ ਜਥੇਬੰਦਕ ਢਾਂਚਿਆਂ ਦਾ ਵਿਸਥਾਰ ਕਰਨ ਦੇ ਨਾਲ-ਨਾਲ ਸ਼ਹਿਰ ਦੇ ਬਹੁਪੱਖੀ ਵਿਕਾਸ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਅਤੇ ਅਜਿਹੇ ਵਿਕਾਸ ਦੇ ਕੰਮਾਂ ਨੂੰ ਛੇੜਿਆ ਗਿਆ, ਜੋ ਪ੍ਰਨੀਤ ਕੌਰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣ ਕੇ ਵੀ ਨਹੀਂ ਕਰਵਾ ਸਕੀ। ਸ਼ਹਿਰ ਦੀਆਂ ਸੜਕਾਂ ਦਾ ਨਿਰਮਾਣ, ਵਾਰਡਾਂ ‘ਚ ਇੰਟਰਲਾਕਿੰਗ ਸੜਕਾਂ, ਆਧੁਨਿਕ ਪਾਰਕਾਂ ਦਾ ਨਿਰਮਾਣ, ਖੇਡ ਜਿੰਮ, ਰਾਜਿੰਦਰਾ ਝੀਲ ਦਾ ਨਿਰਮਾਣ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਹਰਪਾਲ ਜੁਨੇਜਾ ਨੇ ਨਿਰਸਵਾਰਥ ਬਿਨਾਂ ਕਿਸੇ ਅਹੁਦੇ ਤੋਂ ਸ਼ਹਿਰ ‘ਚ ਵਿਕਾਸ ਦਾ ਮਸੀਹਾ ਬਣ ਕੇ ਕੰਮ ਕੀਤਾ, ਜਿਸ ਕਾਰਨ ਹਰਪਾਲ ਜੁਨੇਜਾ ਦਾ ਨਾਂ ਸ਼ਹਿਰ ਦੇ ਇÎਤਿਹਾਸ ‘ਚ ਹਮੇਸ਼ਾ ਧਰੂਵ ਤਾਰੇ ਵਾਂਗ ਚਮਕਦਾ ਰਹੇਗਾ।
ਹਰਪਾਲ ਜੁਨੇਜਾ ਦੀਆਂ ਤਮਾਮ ਕੋਸ਼ਿਸ਼ਾਂ ਸਦਕਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪਟਿਆਲਾ ਸ਼ਹਿਰ ਦੇ ਵਿਕਾਸ ਲਈ 60 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ, ਜਿਸ ਕਾਰਨ ਪਟਿਆਲਾ ਸ਼ਹਿਰ ਵਿਕਾਸ ਪੱਖ ਤੋਂ ਰਾਜਧਾਨੀ ਵਰਗੇ ਸ਼ਹਿਰ ਵਾਂਗ ਉਭਰ ਕੇ ਸਾਹਮਣੇ ਆਇਆ ਹੈ।
ਸ਼ਹਿਰ ਦੀ ਲੀਡਰਸ਼ਿਪ, ਯੂਥ ਨੌਜਵਾਨਾਂ ਅਤੇ ਲੋਕਾਂ ‘ਚ ਖੁਸ਼ੀ ਦਾ ਉਸ ਵੇਲੇ ਕੋਈ ਟਿਕਾਣਾ ਨਹੀਂ ਰਿਹਾ, ਜਦੋਂ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਵੱਲੋਂ ਕੀਤੇ ਫੈਸਲੇ ਨੂੰ ਓ.ਐਸ.ਡੀ. ਚਰਨਜੀਤ ਸਿੰਘ ਬਰਾੜ ਨੇ ਸੁਣਾਉਂਦਿਆਂ ਕਿਹਾ ਕਿ ਅਗਾਮੀ ਚੋਣਾਂ ‘ਚ ਹਰਪਾਲ ਜੁਨੇਜਾ ਨੂੰ ਅਕਾਲੀ ਦਲ ਦਾ ਉਮੀਦਵਾਰ ਬਣਾ ਕੇ ਉਤਾਰਿਆ ਜਾਵੇਗਾ।
ਅਕਾਲੀ ਦਲ ਦੇ ਫੈਸਲੇ ਨੂੰ ਪ੍ਰਵਾਨ ਕਰਦਿਆਂ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਦਾ ਕਹਿਣਾ ਹੈ ਕਿ ‘ਜਿੱਤ’-ਹਾਰ’ ਤਾਂ ਸਮੇਂ ਨਾਲ ਬਣੀ ਰਹਿੰਦੀ, ਪ੍ਰੰਤੂ ਉਹ ਸ਼ਹਿਰ ਦਾ ਬਹੁਪੱਖੀ ਵਿਕਾਸ ਅਤੇ ਸਮਾਜ ਸੇਵੀ ਕੰਮ ਕਰਨ ਵੇਲੇ ਰਾਹ ‘ਚ ਆਉਂਦੀਆਂ ਚੁਣੌਤੀਆਂ ਦਾ ਮੂੰਹ ਮੋੜਵਾਂ ਜਵਾਬ ਦਿੰਦੇ ਰਹਿਣਗੇ।

