ਪੰਜਾਬ

ਸੂਬੇ ਵਿਚ ਖੇਡ ਸਭਿਆਚਾਰ ਵਿਕਸਤ ਕਰਕੇ ਬਦਲਿਆ ਪੰਜਾਬ ਦਾ ਮੁਹਾਂਦਰਾ‑ਸੁਖਬੀਰ ਸਿੰਘ ਬਾਦਲ

6ਵੇਂ ਵਿਸ਼ਵ ਕਬੱਡੀ ਕੱਪ ਦਾ ਰੰਗਾਰੰਗ ਸਮਾਪਨ
ਅਗਲੀ ਵਾਰ ਵੀਹ ਟੀਮਾਂ ਦੀ ਸਮੂਲੀਅਤ ਹੋਵੇਗੀ ਵਿਸ਼ਵ ਕਬੱਡੀ ਕੱਪ ਵਿਚ
ਵਿਕਾਸ ਦੇ ਮੁਹਾਜ਼ ਤੇ ਰਹੇਗਾ ਵਿਸ਼ੇਸ਼ ਜੋਰ
ਜਲਾਲਾਬਾਦ, 17 ਨਵੰਬਰ (ਮਧੂਸਾਰ ਬਿਊਰੋ)
ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਹਰ ਖੇਤਰ ਤੇ ਖਾਸ ਤੌਰ ਤੇ ਖੇਡਾਂ ਵਿਚ ਬੇਮਿਸਾਲ ਵਿਕਾਸ ਕਰਵਾ ਕੇ ਸੂਬੇ ਨੂੰ ਦੇਸ਼ ਦੇ ਖੇਡਾਂ ਦੇ ਕੇਂਦਰ ਵਜੋਂ ਵਿਕਸਤ ਕੀਤਾ ਹੈ।
6ਵੇਂ ਵਿਸਵ ਕੱਪ ਕਬੱਡੀ ਦੇ ਸਮਾਪਨ ਸਮਾਰੋਹ ਦੌਰਾਨ ਬਹੁਮੰਤਵੀ ਖੇਡ ਸਟੇਡੀਅਮ ਵਿਚ ਹਾਜਰ ਲਾਮਿਸਾਲ ਇੱਕਠ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਕਬੱਡੀ ਪੰਜਾਬ ਦੀ ਮਾਂ ਖੇਡ ਹੈ ਅਤੇ ਸਾਡੀ ਸਰਕਾਰ ਦੀ ਮੁੱਖ ਤਰਜੀਹ ਇਸ ਵਿਰਾਸਤੀ ਖੇਡ ਨੂੰ ਵਿਕਸਤ ਕਰਨਾ ਹੈ। ਉ੍ਹਨਾਂ ਕਿਹਾ ਕਿ ਅੱਜ ਕਬੱਡੀ ਵਿਸਵ ਦੇ ਕੋਨੇ ਕੋਨੇ ਵਿਚ ਖੇਡੀ ਜਾ ਰਹੀ ਹੈ ਜਿਸ ਦਾ ਸਬੂਤ ਹੈ ਕਿ ਅੱਜ ਇਸ ਵਿਸਵ ਕੱਪ ਵਿਚ ਸਮੂਚੀ ਦੁਨੀਆਂ ਤੋਂ 14 ਟੀਮਾਂ ਨੇ ਸਮੂਲੀਅਤ ਕੀਤੀ ਹੈ। ਉਨ੍ਹਾਂ ਐਲਾਣ ਕੀਤਾ ਕਿ ਅਗਲੇ ਸਾਲ ਉਹ ਇਸ ਕਬੱਡੀ ਕੱਪ ਵਿਚ ਲਗਭਗ 20 ਟੀਮਾਂ ਦੀ ਸਮੂਲੀਅਤ ਨੂੰ ਯਕੀਨੀ ਬਣਾਉਣਗੇ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਕਬੱਡੀ ਕੱਪ ਤੋਂ ਇਲਾਵਾ ਸੂਬਾ ਸਰਕਾਰ ਨੇ ਕਬੱਡੀ ਲੀਗ ਦੀ ਵੀ ਸ਼ੁਰੂਆਤ ਕੀਤੀ ਜਿਸ ਨਾਲ ਇਸ ਵਿਰਾਸਤੀ ਖੇਡ ਨੂੰ ਹੋਰ ਵੀ ਹੁਲਾਰਾ ਮਿਲਿਆ ਹੈ। ਉਨ੍ਹਾਂ ਐਲਾਣ ਕੀਤਾ ਕਿ ਸੂਬਾ ਸਰਕਾਰ ਕਬੱਡੀ ਖੇਡ ਨੂੰ ਹੋਰ ਪ੍ਰਚਲਿਤ ਕਰਨ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੇਗੀ ਅਤੇ ਇਸ ਖੇਡ ਨੂੰ ਹਰਮਨਪਿਆਰਾ ਬਣਾਉਣ ਲਈ ਨਿਰੰਤਰ ਯਤਨ ਜਾਰੀ ਰਹਿਣਗੇ।
ਵਿਕਾਸ ਦੇ ਮੁੱਦੇ ਤੇ ਗੱਲ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਮੂਚੇ ਸੂਬੇ ਤੇ ਖਾਸ ਤੌਰ ਤੇ ਜਲਾਲਾਬਾਦ ਹਲਕੇ ਦੇ ਵਿਕਾਸ ਲਈ ਜੀਅ ਤੋੜ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਜ ਵਿਸਵ ਕੱਪ ਕਬੱਡੀ ਦੇ ਫਾਈਨਲ ਮੈਚ ਨਾਲ ਜਲਾਲਾਬਾਦ ਦੁਨੀਆਂ ਦੇ ਨਕਸ਼ੇ ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗਾਥਾ ਇੰਜ ਹੀ ਜਾਰੀ ਰਹੇਗੀ ਅਤੇ ਜਲਾਲਾਬਾਦ ਵਿਚ ਵਿਕਾਸ ਦੀ ਰਫ਼ਤਾਰ ਨੂੰ ਘੱਟ ਨਹੀਂ ਹੋਣ ਦਿੱਤਾ ਜਾਵੇਗਾ।
ਅੱਜ ਤਕਰੀਬਨ ਇਕ ਪੰਦਰਵਾੜੇ ਤੱਕ ਚੱਲੇ ਇਸ ਮਹਾਂਕੁੰਭ ਦੀ ਸਮਾਪਤੀ ਮੌਕੇ ਕੁੜੀਆਂ ਅਤੇ ਮੁੰਡਿਆਂ ਦੇ ਫਾਈਨਲ ਮੈਚਾਂ ਤੋਂ ਇਲਾਵਾ ਤੀਜੇ ਸਥਾਨ ਦੇ ਲਈ ਵੀ ਮੁਕਾਬਲਾ ਹੋਇਆ। ਇਸ ਮੌਕੇ 6 ਵਿਸਵ ਕੱਪ ਕਬੱਡੀਆਂ ਦੇ ਛੋਟੇ ਛੋਟੇ ਕਲਿਪ ਅਤੇ ਕਬੱਡੀ ਦੇ ਮੁੱਖ ਗਾਣੇ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਕਰਵਾਏ ਗਏ ਰੰਗਾਂ ਰੰਗ ਪ੍ਰੁਗਰਾਮ ਵਿੱਚ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ, ਅਰਸ਼ਦੀਪ ਕੌਰ, ਬੱਬਲ ਰਾਏ, ਜੱਸੀ ਗਿੱਲ ਅਤੇ ਸਤਿੰਦਰ ਸੱਤੀ ਵਰਗੇ ਗਾਇਕਾਂ ਨੇ ਆਪਣੇ ਗੀਤਾਂ ਨਾਲ ਖੁਬ ਰੰਗ ਬੰਨਿਆਂ ਉਥੇ ਪੰਜਾਬ ਦੇ ਗਭਰੂਆਂ ਅਤੇ ਮੁਟਿਆਰਾਂ ਨੇ ਲੋਕ ਨਾਚਾਂ ਰਾਹੀਂ ਵੀ ਦਰਸ਼ਕਾਂ ਦਾ ਖੁਬ ਮਨੋਰੰਜਨ ਕੀਤਾ। ਇਸ ਮੌਕੇ ਇਸ ਦੇ ਨਾਲ ਹੀ ਹਾਸਰਸ ਕਲਾਕਾਰ ਜਸਵਿੰਦਰ ਭਲਾ ਅਤੇ ਬਾਲ ਮੁਕੰਦ ਸ਼ਰਮਾ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਢਿੱਡੀ ਪੀੜਾਂ ਪਾ ਦਿੱਤੀਆਂ।
ਇਸ ਮੌਕੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ, ਹਲਕਾ ਬੱਲੂਆਣਾ ਦੇ ਵਿਧਾਇਕ ਸ. ਗੁਰਤੇਜ ਸਿੰਘ ਘੁੜਿਆਣਾ, ਉਪ ਮੁੱਖ ਮੰਤਰੀ ਓ.ਐਸ.ਡੀ. ਸ. ਸਤਿੰਦਰ ਜੀਤ ਸਿੰਘ ਮੰਟਾ, ਉਪ ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਮਨਵੇਸ਼ ਸਿੰਘ ਸਿੱਧੂ , ਸ: ਵਰਦੇਵ ਸਿੰਘ ਨੋਨੀ ਮਾਨ, ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ, ਚੇਅਰਮੈਨ ਸਹਿਕਾਰੀ ਬੈਂਕ ਤੇਜਿੰਦਰ ਸਿੰਘ ਮਿੱਡੂ ਖੇੜਾ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ੍ਰੀ ਪ੍ਰੇਮ ਵਲੇਚਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸ. ਗੁਰਪਾਲ ਸਿੰਘ ਗਰੇਵਾਲ, ਯੂਥ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸਤਿੰਦਰ ਸਿੰਘ ਸਵੀ, ਸ਼੍ਰੀ ਦਵਿੰਦਰ ਸਿੰਘ ਬੱਬਲ, ਸ਼੍ਰੀ ਸੁਖਜਿੰਦਰ ਸਿੰਘ ਧਾਲੀਵਾਲ, ਸ਼੍ਰੀ ਵਿਨੋਦ ਬਜਾਜ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *