ਪਟਿਆਲਾ

ਹਾਕਮ ਧਿਰ ਦਾ ਦੱਸ ਕੇ ਸਰਪੰਚ ਸਬਜ਼ੀ ਲੈ ਕੇ ਓਹ ਗਿਐ

ਛੋਟੇ ਆੜ੍ਹਤੀਏ ਅਤੇ ਫੜੀ ਵਾਲਿਆਂ ਨੂੰ ਝੱਲਣੀ ਪੈ ਰਹੀ ਮਾਰ
ਸਰਕਾਰੀ ਆਮਦਨ ਨੂੰ ਚੂਨਾ ਲਾਉਣ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ : ਵਿੱਕੀ ਰਿਵਾਜ
ਪਟਿਆਲਾ (ਕੰਵਰ ਬੇਦੀ)
ਸਨੌਰ ਮੰਡੀ ‘ਚ ਚੋਰੀ ਮੋਰੀ ਰਾਹੀਂ ਸਬਜ਼ੀ ਨੂੰ ਇਧਰ-ਉਧਰ ਕਰਕੇ ਸਰਕਾਰੀ ਆਮਦਨ ਨੂੰ ਚੂਨਾ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਸਰਕਾਰੀ ਆਮਦਨ ਨੂੰ ਚੂਨਾ ਲਾਉਣ ਵਾਲੇ ਵਿਅਕਤੀ ਰਸੂਖ ਨਾਲ ਹਰ-ਵਾਰ ਕਮੇਟੀ ਜਾਂਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਚ ਨਿਕਲਣ ‘ਚ ਸਫਲ ਹੋ ਜਾਂਦੇ ਹਨ ਅਤੇ ਰਸੂਖਦਾਰ ਵਿਅਕਤੀਆਂ ਦੀ ਮਾਰ ਛੋਟੇ ਆੜ੍ਹਤੀਆਂ ਅਤੇ ਫੜੀ ਲਾਉਣ ਵਾਲਿਆਂ ਨੂੰ ਝੱਲਣੀ ਪੈ ਰਹੀ ਹੈ।
ਇਹ ਸਾਰਾ ਮਾਮਲਾ ਜਦੋਂ ਆੜ੍ਹਤੀਏ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਦੇ ਧਿਆਨ ‘ਚ ਲਿਆਂਦਾ ਗਿਆ ਤਾਂ ਉਨ੍ਹਾਂ ਖ਼ੁਦ ਗੰਭੀਰਤਾ ਨਾਲ ਕਮੇਟੀ ਅਧਿਕਾਰੀਆਂ ਦੀ ਨਿਗਰਾਨੀ ‘ਚ ਮੰਡੀ ‘ਚ ਬਾਹਰੋਂ ਸਬਜ਼ੀ ਲਿਆ ਕੇ ਵੇਚਣ ਵਾਲਿਆਂ ਦੀ ਜਾਂਚ ਕਰਵਾਈ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਕੁਝ ਵਿਅਕਤੀ ਕਮੇਟੀ ਅਧਿਕਾਰੀਆਂ ਨਾਲ ਅਡਜਸਟਮੈਂਟ ਕਰਨ ਦੀ ਗੱਲ ਕਰ ਰਹੇ ਸਨ। ਇਸ ਦੌਰਾਨ ਇਥੋਂ ਤੱਕ ਕਿ ਇਕ ਪਿੰਡ ਦਾ ਸਰਪੰਚ ਆਪਣੇ ਆਪ ਨੂੰ ਹਾਕਮ ਧਿਰ ਦੱਸਦਾ ਹੋਇਆ ਕਮੇਟੀ ਅਧਿਕਾਰੀਆਂ ਨੂੰ ਆਖ ਰਿਹਾ ਸੀ ਅਸੀਂ ਤਾਂ ਆਪਣੀ ਮਰਜ਼ੀ ਨਾਲ ਮੰਡੀ ‘ਚ ਸਬਜ਼ੀ ਵੇਚਣੀ ਹੈ, ਜਿੰਨੇ ਜੋ ਕਰਨੇ ਕਰ ਲਵੇ ਅਤੇ ਕਮੇਟੀ ਅਧਿਕਾਰੀਆਂ ਨਾਲ ਤੂੰ-ਤੂੰ, ਮੈਂ-ਮੈਂ ਕਰਦਾ ਹੋਇਆ ਸਬਜ਼ੀ ਛੁਡਵਾ ਕੇ ਲੈ ਲਿਆ।
ਇਸ ਦੌਰਾਨ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਮੂਹ ਆੜ੍ਹਤੀਆਂ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਛੋਟੇ ਆੜ੍ਹਤੀਆਂ ਅਤੇ ਦਰਮਿਆਨੇ ਵਪਾਰੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜਾ ਵੀ ਮੰਡੀ ‘ਚ ਸਬਜ਼ੀ ਲਿਆ ਕੇ ਵੇਚਦਾ ਜਾਂ ਖਰੀਦਦਾ ਹੈ ਤਾਂ ਉਹ ਪਾਰਦਰਸ਼ਤਾ ਨਾਲ ਕੰਮ ਕਰੇ, ਜੇ ਚੂਨਾ ਲਗਾ ਕੇ ਸਰਕਾਰੀ ਆਮਦਨ ਨੂੰ ਨੁਕਸਾਨ ਹੀ ਪਹੁੰਚਾਉਣਾ ਹੈ ਤਾਂ ਆੜ੍ਹਤੀ ਐਸੋਸੀਏਸ਼ਨ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਾਰਾ ਮਾਮਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਨਰਦੇਵ ਸਿੰਘ ਆਕੜੀ ਦੇ ਧਿਆਨ ‘ਚ ਲਿਆ ਕੇ ਸਾਰੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇਗੀ।

Leave a Reply

Your email address will not be published. Required fields are marked *