ਇਨਸਾਨੀਅਤ ਅਜੇ ਵੀ ਜਿਉਂਦੀ : ਸਿਆਸਤ ਅਤੇ ਵੋਟ ਬੈਂਕ ਤੋਂ ਉਪਰ ਉਠ ਕੇ ਬਸੰਤ ਦੇ ਪਰਿਵਾਰ ਨੂੰ ਦਿੱਤੀ 50,000 ਹਜ਼ਾਰ ਰੁਪਏ ਦੀ ਸਹਾਇਤਾ
ਪਟਿਆਲਾ (ਕੰਵਰ ਬੇਦੀ)
ਪਦਾਰਥਵਾਦੀ ਯੁੱਗ ‘ਚ ਹਰ ਵਿਅਕਤੀ ਖ਼ੁਦ ਦੇ ਸਵਾਰਥਾਂ ਤੱਕ ਸੀਮਤ ਹੈ। ਸਮਾਜ ‘ਚ ਕੁਝ ਲੋਕ ਅਜਿਹੇ ਵੀ ਹਨ ਜੋ ਦੂਜਿਆਂ ਲਈ ਕੁਝ ਨਾ ਕੁਝ ਕਰਨ ਲਈ ਤੱਤਪਰ ਰਹਿੰਦੇ ਹਨ, ਜਿਸ ਨੂੰ ਵੇਖ ਕੇ ਇਹ ਕਹਿਣਾ ਜ਼ਰੂਰ ਬਣਦਾ ਹੈ ਕਿ ਇਨਸਾਨੀਅਤ ਅਜੇ ਵੀ ਜਿਉਂਦੀ ਹੈ।
ਇਹ ਮਿਸਾਲ ਉਨ੍ਹਾਂ ਲੋਕਾਂ ‘ਚ ਵੇਖਣ ਨੂੰ ਮਿਲੀ ਭਾਵੇਂ ਉਹ ਸਿਆਸਤ ਨਾਲ ਜੁੜੇ ਹੋਏ ਹਨ, ਜਿਨਾਂ ਦਾ ਕਿਤੇ ਨਾ ਕਿਤੇ ਵੋਟ ਬੈਂਕ ਬਣਾਉਣ ਦਾ ਮਕਸਦ ਹੁੰਦਾ। ਪ੍ਰੰਤੂ ਸਿਆਸਤ ਅਤੇ ਵੋਟ ਕਲਚਰ ਨੂੰ ਪਿਛਾਂਹ ਰੱਖ ਕੇ ਸਿਰਫ ਤੇ ਸਿਰਫ ਸਮਾਜ ‘ਚ ਉਨ੍ਹਾਂ ਲੋਕਾਂ ਲਈ ਰੱਬ ਬਣ ਕੇ ਬਹੁੜਦੇ ਹਨ, ਜਿਨਾਂ ਨੂੰ ਸਾਰੀਆਂ ਆਸਾਂ ਟੁੱਟੀਆਂ ਨਜ਼ਰ ਆਉਂਦੀਆਂ ਅਤੇ ਮਦਦ ਮਿਲਣ ਜਾਣ ‘ਤੇ ਉਨ੍ਹਾਂ ਦੇ ਮੂੰਹੋਂ ਇਹ ਗੱਲ ਆਪ ਮੁਹਾਰੇ ਨਿਕਲ ਹੀ ਆਉਂਦੀ ਹੈ ਉਹ ਰੱਬ ਦੇ ਭੇਜੇ ਫਰਿਸ਼ਤੇ ਸਨ, ਜੋ ਇਕ ਮਾਂ ਲਈ ਧਰਵਾਸ ਬਣੇ, ਪਤਨੀ ਲਈ ਹੌਂਸਲਾ ਅਤੇ ਬੱਚਿਆਂ ਨੂੰ ਪਲੋਸਦੇ ਹੋਏ ਮੁੜ ਮਦਦ ਦੇਣ ਦਾ ਹੁੰਗਾਰਾ ਭਰ ਦਿੰਦੇ।
ਜ਼ਿਕਰਯੋਗ ਹੈ ਕਿ ਵਾਰਡ ਨੰ: 39 ਦੇ ਧਾਨਕ ਮੁਹੱਲਾ ‘ਚ ਇਕ ਝਗੜੇ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਕਹਿੰਦੇ ਮੌਤ ਨਾ ਵੇਖੇ ਉਮਰ ਨੂੰ ਇਕ ਅਜਿਹੇ ਝਗੜੇ ‘ਚ ਬਸੰਤ ਨੂੰ ਆਪਣੀ ਜਾਨ ਗੁਆਣੀ ਪਈ, ਜਿਸ ਨਾਲ ਉਸ ਦਾ ਕੋਈ ਲੇਗਾ ਤੇਗਾ ਨਹੀਂ ਸੀ। ਬਸੰਤ ਆਪਣੀ ਮਾਂ ਦਾ ਸਰਵਣ ਪੁੱਤ ਸੀ, ਜਿਸ ਦੀ ਪਤਨੀ ਅਤੇ ਬੱਚੇ ਬੇਸਹਾਰਾ ਹੋ ਗਏ, ਜਿਸ ਨਾਲ ਬਸੰਤ ਦੀ ਮਾਂ ਕ੍ਰਿਸ਼ਨਾ ਤੇ ਸਮੁੱਚੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ।
ਪਰਿਵਾਰ ਦੇ ਇਸ ਘਾਟੇ ਨੂੰ ਪੂਰਾ ਤਾਂ ਨਹੀਂ ਕੀਤਾ ਜਾ ਸਕਦਾ, ਪ੍ਰੰਤੂ ਸ਼ਹਿਰ ਦੀਆਂ ਕੁਝ ਪ੍ਰਮੁੱਖ ਸਖਸ਼ੀਅਤਾਂ ਜਿਨਾਂ ‘ਚ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ, ਫੌਨ-ਜ਼ੋਨ-2 ਸੰਸਥਾਪਕ ਅਮਨਦੀਪ ਸਿੰਘ ਚਿੰਟੂ, ਸੂਰਜ ਭਾਟੀਆ, ਮਨਦੀਪ ਸਿੰਘ ਰਾਜਾ ਦੇ ਯਤਨਾਂ ਨਾਲ ਬਸੰਤ ਦੇ ਪਰਿਵਾਰ ‘ਚ ਮਾਤਾ ਕ੍ਰਿਸ਼ਨਾ, ਪਤਨੀ ਅਤੇ ਬੱਚਿਆਂ ਨਾਲ ਮਿਲ ਕੇ ਜਿਥੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ, ਉਥੇ ਸਾਰਿਆਂ ਨੇ ਬਸੰਤ ਦੀ ਪਤਨੀ ਅਤੇ ਬੱਚਿਆਂ ਦੀ ਮਦਦ ਲਈ ਅੱਗੇ ਅੱਗੇ ਆਉਂਦਿਆਂ ਨਗਦੀ 50,000 ਰੁਪਏ ਦੀ ਰਾਸ਼ੀ ਬਸੰਤ ਦੇ ਪਰਿਵਾਰ ਨੂੰ ਸੌਂਪੀ ਤਾਂ ਅਚਨਚੇਤ ਆਏ ਇਸ ਦੁੱਖ ਨੂੰ ਥੋੜ੍ਹਾ ਘਟ ਕੀਤਾ ਜਾ ਸਕੇ।
ਸ਼ਹਿਰੀ ਪ੍ਰਧਾਨ ਵਿੱਕੀ ਰਿਵਾਜ, ਅਮਨਦੀਪ ਸਿੰਘ ਚਿੰਟੂ, ਸੂਰਜ ਭਾਟੀਆ ਅਤੇ ਮਨਦੀਪ ਰਾਜਾ ਦਾ ਕਹਿਣਾ ਹੈ ਕਿ ਪਰਿਵਾਰ ਦੀ ਮਦਦ ਲਈ ਇਹ ਰਾਸ਼ੀ ਭਾਵੇਂ ਛੋਟੀ ਹੈ, ਪ੍ਰੰਤੂ ਫਿਰ ਵੀ ਬੱਚਿਆਂ ਦੀ ਪੜ੍ਹਾਈ ਅਤੇ ਭਵਿੱਖ ਲਈ ਜਿਥੇ ਵੀ ਸਾਡੀ ਸਹਾਇਤਾ ਦੀ ਲੋੜ ਪਈ ਤਾਂ ਅਸੀਂ ਪਿਛੇ ਨਹੀਂ ਹਟਾਂਗੇ। ਇਸ ਮੌਕੇ ਧਾਨਕ ਸਮਾਜ ਦੇ ਪ੍ਰਧਾਨ ਵਿਨੋਦ ਕੁਮਾਰ ਅਤੇ ਬਸੰਤ ਦਾ ਪਰਿਵਾਰ ਹਾਜ਼ਰ ਸਨ।

