ਪੰਜਾਬਪਟਿਆਲਾ

ਪਟਿਆਲਾ ਸੀਟ ਦੇ ਐਲਾਨ ਤੋਂ ਬਾਅਦ ਕੱਟਣਾ ਪਵੇਗਾ ਰਾਜਨੀਤਕ ਬਣਵਾਸ

ਕੋਹਲੀ ਪਰਿਵਾਰ ਨੂੰ ਟਿਕਟ ਦਿਵਾਉਣ ਲਈ ਰੱਖੜਾ ਤੇ ਚੰਦੂਮਾਜਰਾ ਨਿਭਾ ਰਹੇ ਭੂਮਿਕਾ : ਸੂਤਰ
ਸ਼ਹਿਰ ਦੀ ਬਹੁਗਿਣਤੀ ਹਰਪਾਲ ਜੁਨੇਜਾ ਨੂੰ ਪਟਿਆਲਾ ਸੀਟ ‘ਤੇ ਉਮੀਦਵਾਰ ਵੇਖਣਾ ਚਾਹੁੰਦੀ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਸੀਟ ਤੋਂ ਉਮੀਦਵਾਰ ਐਲਾਨਣ ‘ਚ ਕੀਤੀ ਜਾ ਰਹੀ ਦੇਰੀ ਨਾਲ ਸ਼ਹਿਰ ‘ਚ ਪਸਰੀ ਹੋਈ ਚੁੱਪ ਅਤੇ ਲੋਕਾਂ ‘ਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਦਾ ਐਲਾਨ ਕਰਨ ਨੂੰ ਭੇਦ ਕਿਉਂ ਬਣਾ ਕੇ ਬੈਠਾ ਹੋਇਆ ਹੈ।

ਕੁਝ ਸੀਟਾਂ ‘ਤੇ ਉਲਟਫੇਰ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆ ਚੁੱਕੀ ਹੈ ਜਿਥੇ ਬਾਕੀ ਰਹਿੰਦੀਆਂ ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁਝ ਸੀਟਾਂ ‘ਤੇ ਫੇਰਬਦਲ ਕੀਤਾ ਜਾਣਾ ਬਾਕੀ ਹੈ, ਉਥੇ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਪਟਿਆਲਾ ਸੀਟ ‘ਤੇ ਵੀ ਵੱਡਾ ਫੇਰਬਦਲ ਕਰ ਸਕਦੇ ਹਨ।
ਸ਼ਹਿਰੀ ਅਕਾਲੀ ਦਲ ਜਥਾ ਦੀ ਪ੍ਰਧਾਨਗੀ ਸੁਰਜੀਤ ਸਿੰਘ ਕੋਹਲੀ ਨੂੰ ਮਿਲਣ ਤੋਂ ਬਾਅਦ ਸ਼ਹਿਰ ‘ਚ ਇਹ ਗੱਲ ਰੁਕਣ ਦਾ ਨਾਂ ਲੈ ਰਹੀ ਹੈ ਕਿ ਅਕਾਲੀ ਦਲ ਮੁੜ ਸੁਰਜੀਤ ਸਿੰਘ ਕੋਹਲੀ ਨੂੰ ਚੋਣ ਮੈਦਾਨ ‘ਚ ਉਤਾਰਨਾ ਚਾਹੁੰਦਾ ਹੈ। ਸੂਤਰ ਦੱਸਦੇ ਹਨ ਕਿ ਸੁਰਜੀਤ ਸਿੰਘ ਕੋਹਲੀ ਚਾਹੁੰਦੇ ਹਨ ਕਿ ਅਕਾਲੀ ਦਲ ਅਜੀਤਪਾਲ ਸਿੰਘ ਕੋਹਲੀ ਨੂੰ ਅੱਗੇ ਲਿਆਵੇ ਤਾਂ ਜੋ ਭਵਿੱਖ ‘ਚ ਵੀ ਟਕਸਾਲੀ ਪਰਿਵਾਰ ਐਮ.ਐਲ. ਏ ਦੀ ਸੀਟ ‘ਤੇ ਦਾਅਵੇਦਾਰੀ ਨੂੰ ਬਣਾ ਕੇ ਰੱਖ ਸਕੇ। ਸੁਰਜੀਤ ਸਿੰਘ ਕੋਹਲੀ ਚਾਹੁੰਦੇ ਹਨ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਯੂਥ ਨੌਜਵਾਨਾਂ ਨੂੰ ਉਮੀਦਵਾਰ ਬਣਾਉਣ ਨੂੰ ਤਰਜੀਹ ਦੇ ਰਹੇ ਹਨ, ਜਿਸ ਕਾਰਨ ਉਨ੍ਹਾਂ ਵੱਲੋਂ ਅਜੀਤਪਾਲ ਸਿੰਘ ਕੋਹਲੀ ਦੀ ਦਾਅਵੇਦਾਰੀ ਸਾਹਮਣੇ ਲਿਆਂਦੀ ਜਾ ਰਹੀ ਹੈ।
ਸੂਤਰ ਰਾਹੀਂ ਗੱਲ ਸਾਹਮਣੇ ਆਉਣ ਲੱਗੀ ਹੈ ਕਿ ਸੁਰਜੀਤ ਸਿੰਘ ਕੋਹਲੀ ਪਟਿਆਲਾ ਸੀਟ ਹਾਸਲ ਕਰਨ ਲਈ ਅੰਦੂਰਨੀ ਜ਼ੋਰ-ਅਜ਼ਮਾਈ ‘ਚ ਲੱਗੇ ਹੋਏ ਹਨ ਅਤੇ ਉਹ ਸੀਟ ਹਾਸਲ ਕਰਨ ਲਈ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਮਦਦ ਵੀ ਲੈ ਰਹੇ ਹਨ ਤਾਂ ਜੋ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਨੂੰ ਭਰੋਸੇ ‘ਚ ਲੈ ਕੇ ਪਟਿਆਲਾ ਸੀਟ ‘ਤੇ ਹਰਪਾਲ ਜੁਨੇਜਾ ਵੱਲੋਂ ਕੀਤੀ ਜਾ ਰਹੀ ਦਾਅਵੇਦਾਰੀ ਨੂੰ ਸਦਾ-ਸਦਾ ਲਈ ਖ਼ਤਮ ਕੀਤਾ ਜਾ ਸਕੇ।
ਅਕਾਲੀ ਦਲ ਦੀਆਂ ਮੀਟਿੰਗਾਂ ‘ਚ ਉਪ ਮੁੱਖ ਮੰਤਰੀ ਦੇ ਓ ਐਸ ਡੀ ਅਤੇ ਜ਼ਿਲ੍ਹਾ ਪਟਿਆਲਾ ਦੇ ਕੋਆਰਡੀਨੇਟਰ ਚਰਨਜੀਤ ਸਿੰਘ ਬਰਾੜ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਸੀ ਕਿ ਪਟਿਆਲਾ ਸੀਟ ਤੋਂ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਹੀ ਸੀਟ ਲੜਨਗੇ। ਲੰਮੇ ਸਮੇਂ ਤੋਂ ਸ਼ਹਿਰ ਦੇ ਲੋਕਾਂ ਵੱਲੋਂ ਸ਼ਹਿਰ ਦੇ ਵਿਕਾਸ ਲਈ ਗ੍ਰਾਂਟ ਲਿਆਉਣ, ਵਿਕਾਸ ਕੰਮਾਂ ਨੂੰ ਤਰਜੀਹ ਦੇਣ ਕਰਕੇ ਲੋਕ ਮਨਾਂ ‘ਚ ਥਾਂ ਬਣਾਈ ਬੈਠੇ ਹਰਪਾਲ ਜੁਨੇਜਾ ਨੂੰ ਉਮੀਦਵਾਰ ਵਜੋਂ ਵੇਖਿਆ ਜਾ ਰਿਹਾ। ਹਰਪਾਲ ਜੁਨੇਜਾ ਵੱਲੋਂ ਮਾਲਵਾ ਜ਼ੋਨ-2 ਦਾ ਪੁਨਰਗਠਨ, ਯੂਥ ਅਕਾਲੀ ਦਲ ਸ਼ਹਿਰੀ ਅਤੇ ਦਿਹਾਤੀ ਦਾ ਵਿਸਥਾਰ ਕਰਨਾ ਇਸ ਗੱਲ ਦਾ ਸੰਕੇਤ ਸੀ ਕਿ ਹਰਪਾਲ ਜੁਨੇਜਾ ਸ਼ਾਹੀ ਪਰਿਵਾਰ ਨੂੰ ਅਗਾਮੀ ਚੋਣਾਂ ‘ਚ ਕਰਾਰੀ ਟੱਕਰ ਦੇਣਾ ਚਾਹੁੰਦੇ ਹਨ। ਲੋਕ ਧਾਰਨਾ ਇਹੋ ਹੈ ਕਿ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਥਾਪੜਾ ਹੋਣ ਕਾਰਨ ਪਟਿਆਲਾ ਸੀਟ ਹਰਪਾਲ ਜੁਨੇਜਾ ਦੀ ਝੋਲੀ ਪੈ ਸਕਦੀ ਹੈ ਕਿਉਂਕਿ ਸ਼ਹਿਰ ‘ਚ ਹਰਪਾਲ ਜੁਨੇਜਾ ਇਕ ਮਜ਼ਬੂਤ ਦਾਅਵੇਦਾਰ ਵਜੋਂ ਲੋਕਾਂ ਨੂੰ ਮੁਖਾਤਬ ਹੋ ਕੇ ਚੱਲ ਰਹੇ ਹਨ ਅਤੇ ਸ਼ਹਿਰ ਦੀ ਬਹੁਗਿਣਤੀ ਹਰਪਾਲ ਜੁਨੇਜਾ ਨੂੰ ਪਟਿਆਲਾ ਸੀਟ ‘ਤੇ ਉਮੀਦਵਾਰ ਵੇਖਣਾ ਚਾਹੁੰਦੀ ਹੈ।
ਅਕਾਲੀ ਦਲ ਵੱਲੋਂ ਉਮੀਦਵਾਰ ਦਾ ਐਲਾਨ ਕਰਨ ‘ਚ ਕੀਤੀ ਜਾ ਰਹੀ ਦੇਰੀ ਨੂੰ ਪਟਿਆਲਾ ਸੀਟ ਨੂੰ ਸਮਝੌਤੇ ਦੇ ਸੰਦਰਭ ‘ਚ ਵੀ ਵੇਖਿਆ ਜਾਂਦਾ ਹੈ ਕਿਉਂਕਿ ਅਕਾਲੀ ਦਲ ਜਾਣ ਬੁੱਝ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਸਾਹਮਣੇ ਕਮਜ਼ੋਰ ਉਮੀਦਵਾਰ ਉਤਾਰਨਾ ਚਾਹੁੰਦਾ।
ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਸੀਟ ਜਿੱਤਣ ‘ਚ ਕੋਈ ਦਿਲਚਸਪੀ ਨਾ ਹੋਣ ਕਾਰਨ ਹਮੇਸ਼ਾ ਮੁਕਾਬਲਾ ਇਕਪਾਸੜ ਰਿਹਾ ਅਤੇ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਹਥਿਆਰ ਸੁੱਟ ਕੇ ਚੋਣ ਲੜੀ ਜਾਂਦੀ ਰਹੀ ਹੈ।
ਸੰਕੇਤ ਇਹ ਵੀ ਹਨ ਕਿ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਦਾਅਵੇਦਾਰੀਆਂ ਨੂੰ ਇਕ ਪਾਸੇ ਰੱਖ ਕੇ ਅਜਿਹੇ ਚਿਹਰੇ ਨੂੰ ਪੈਰਾਸ਼ੂਟ ਰਾਹੀਂ ਉਮੀਦਵਾਰ ਬਣਾ ਕੇ ਉਤਾਰ ਸਕਦੇ ਹਨ, ਜਿਸ ਨਾਲ ਕੈਪਟਨ ਨੂੰ ਘਰ ‘ਚ ਹੀ ਉਲਝਾਇਆ ਜਾ ਸਕੇ ਅਤੇ ਅਕਾਲੀ ਉਮੀਦਵਾਰਾਂ ਵੱਲ ਧਿਆਨ ਕੇਂਦਰਿਤ ਕੀਤਾ ਜਾ ਸਕੇ।
ਸਿਆਸਤ ਦੀ ਸਮਝ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਅਗਾਮੀ ਚੋਣਾਂ ‘ਚ ਸੀਟਾਂ ‘ਤੇ ਕੀਤੇ ਜਾ ਰਹੇ ਫੇਰਬਦਲ ਨਾਲ ‘ਸਵਾਦ ਲੈਣ ਨੂੰ ਬਾਂਦਰ, ਡੰਡੇ ਖਾਣ ਨੂੰ ਰਿੱਛ’ ਵਾਲੀ ਗੱਲ ਆਪ ਮੁਹਾਰੇ ਆਉਣ ਲੱਗ ਪਈ ਹੈ ਕਿਉਂਕਿ ਅਕਾਲੀ ਦਲ ਸਮਰਪਿਤ ਭਾਵਨਾ ਨਾਲ ਕੰਮ ਕਰ ਰਹੇ ਵਿਅਕਤੀਆਂ ਨੂੰ ਤਾਂ ‘ਡੰਡੇ’ ਨਾਲ ਪੇਲ ਰਿਹਾ ਅਤੇ ਚੋਣ ਮੈਦਾਨ ‘ਚ ਉਤਾਰੇ ਜਾ ਰਹੇ ਉਮੀਦਵਾਰ ਸਵਾਦ ਲੈਣ ਨੂੰ ਆ ਗਏ ਹਨ, ਜਿਸ ਦੀ ਮਿਸਾਲ ਸੀਟਾਂ ਬਦਲ ਕੇ ਖੜੇ ਕੀਤੇ ਉਮੀਦਵਾਰਾਂ ਤੋਂ ਮਿਲਦੀ ਹੈ।
ਪਟਿਆਲਾ ਸੀਟ ਹਾਸਲ ਕਰਨ ਲਈ ਅੰਦਰੂਨੀ ਜ਼ੋਰ-ਅਜ਼ਮਾਈ ਦੇ ਚੱਲਦਿਆਂ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਵੱਲੋਂ ਉਮੀਦਵਾਰ ਬਣਾਏ ਜਾਣ ਦੇ ਐਲਾਨ ਤੋਂ ਬਾਅਦ ਕੋਹਲੀ ਜਾਂ ਜੁਨੇਜਾ ਦਾ ਰਾਜਨੀਤਕ ਭਵਿੱਖ ਤੈਅ ਹੋਵੇਗਾ ਅਤੇ ਕਿਸੇ ਨੂੰ ਵੀ ਰਾਜਨੀਤਕ ਬਣਵਾਸ ਕੱਟਣਾ ਪੈ ਸਕਦਾ।

Leave a Reply

Your email address will not be published. Required fields are marked *