ਸ਼ਹੀਦੀ ਦਿਹਾੜੇ ‘ਤੇ ਨਗਰ ਕੀਰਤਨ ਦਾ ਸ਼ਹਿਰੀ ਪ੍ਰਧਾਨ ਵੱਲੋਂ ਨਿੱਘਾ ਸਵਾਗਤ
ਨਗਰ ਕੀਰਤਨ ‘ਚ ਸਹਿਯੌਗ ਦੇਣ ਵਾਲਿਆਂ ਨੂੰ ਕੀਤਾ ਸਨਮਾਨਤ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ) ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ‘ਤੇ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਦਾ ਸ਼ਹਿਰ ਦੀਆਂ ਵੱਖ ਵੱਖ ਥਾਵਾਂ ‘ਤੇ ਜੋਸ਼ੋ ਖਰੋਸ਼ ਨਾਲ ਭਰਵਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਜਾ ਰਹੀ ਸੀ ਅਤੇ ਪਾਲਕੀ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਭਿਤ ਸਨ।
ਨਗਰ ਕੀਰਤਨ ਦਾ ਭਰਵਾਂ ਸਵਾਗਤ ਕਰਨ ਲਈ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਨੇ ਵਿਸ਼ੇਸ਼ ਪ੍ਰਬੰਧਾਂ ਤਹਿਤ ਅਹਿਮ ਰੋਲ ਅਦਾ ਕੀਤਾ।
ਇਸ ਮੌਕੇ ਸ਼ਹਿਰੀ ਪ੍ਰਧਾਨ ਵਿੱਕੀ ਰਿਵਾਜ ਵੱਲੋਂ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਅਤੇ ਪਾਲਕੀ ਸਾਹਿਬ ‘ਚ ਸ਼ਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣਾ ਸੀਸ ਨਿਵਾਉਂਦਿਆਂ ਅਸ਼ੀਰਵਾਦ ਪ੍ਰਾਪਤ ਕੀਤਾ।
ਨਗਰ ਕੀਰਤਨ ‘ਚ ਹਿੱਸਾ ਲੈਣ ਵਾਲੀਆਂ ਗੱਤਕਾ ਪਾਰਟੀਆਂ, ਜਲ-ਪਾਣੀ ਮਿਲਾਉਣ ਵਾਲੀਆਂ ਟੀਮਾਂ, ਡਿਊਟੀ ਨਿਭਾ ਰਹੇ ਪੁਲਿਸ ਅਧਿਕਾਰੀਆਂ, ਸ਼੍ਰੋਮਣੀ ਕਮੇਟੀ ਸਟਾਫ ਮੈਂਬਰਾਂ ਤੋਂ ਇਲਾਵਾ ਸਹਿਯੋਗ ਕਰ ਰਹੀਆਂ ਸਾਰੀਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨ ਚਿੰਨ ਦਿੱਤੇ ਗਏ ਅਤੇ ਸਿਰੋਪਾਓ ਦੇ ਕੇ ਸਤਿਕਾਰ ਦਿੱਤਾ ਗਿਆ।
ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਨੇ ਕਿਹਾ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਧਰਮ ਦੀ ਰੱਖਿਆ ਅਤੇ ਮਨੁੱਖਤਾ ਦੇ ਭਲੇ ਅੱਗੇ ਆਉਂਦਿਆਂ ਆਪਣਾ ਆਪ ਕੁਰਬਾਨ ਕੀਤਾ ਅਤੇ ਅਨੌਖੀ ਮਿਸਾਲ ਅੱਜ ਦੁਨੀਆ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਅੱਜ ਸ੍ਰੀ ਗੁਰੂ ਤੇਗ ਬਹਾਦਰ ਦੀ ਅਦੁੱਤੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਜੀ ਵੱਲੋਂ ਦਰਸਾਏ ਮਾਰਗ ‘ਤੇ ਚੱਲਦਿਆਂ ਹੋਏ ਮਾਨਵਤਾ ਦੇ ਭਲੇ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਵੱਲੋਂ ਦਰਸਾਏ ਮਾਰਗ ‘ਤੇ ਚੱਲਦਿਆਂ ਸਾਨੂੰ ਵਿਰਸੇ ‘ਚ ਮਿਲੀ ਪ੍ਰੇਰਣਾ ਦੇ ਧਾਰਨੀ ਹੋਣ ਦੀ ਲੋੜ ਹੈ।
ਇਸ ਮੌਕੇ ਯੂਥ ਵਰਕਰਾਂ ‘ਚ ਅੰਮ੍ਰਿਤਪਾਲ ਸਿੰਘ ਪਾਲੀ, ਰਵਿੰਦਰਪਾਲ ਸਿੰਘ ਭੂਪੀ, ਬਿਕਰਮ ਸਿੰਘ ਸਨੌਵੀ, ਵਪਾਰ ਮੰਡਲ ਦੇ ਪ੍ਰਧਾਨ ਗੁਰਦੀਪ ਸਿੰਘ, ਪਰਮਜੀਤ ਸਿੰਘ ਪੰਮਾ, ਵਿੰਦਾ, ਵਿਕਾਸ ਸਹਿਗਲ, ਰਾਜਿੰਦਰ ਸਿੰਘ ਟੋਨੀ ਆਦਿ ਨੇ ਨਗਰ ਕੀਰਤਨ ਦਾ ਜੋਸ਼ੋ ਖਰੋਸ਼ ਨਾਲ ਭਰਵਾਂ ਸਵਾਗਤ ਕੀਤਾ।

