ਪੰਜਾਬੀ ਯੂਨੀਵਰਸਿਟੀ ਵਿਖੇ ਭਾਈ ਕਾਹਨ ਸਿੰਘ ਨਾਭਾ ਲੈਕਚਰ
ਪਟਿਆਲਾ, 6 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਲੋਂ ਅੱਜ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਪੰਜਵੇਂ ਭਾਈ ਕਾਨ੍ਹ ਸਿੰਘ ਨਾਭਾ ਯਾਦਗਾਰੀ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੀਆਂ ਵੱਖ ਵੱਖ ਭਾਸ਼ਣ ਲੜੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਿਹੜੀਆਂ ਕੌਮਾਂ ਕੋਲ ਵਿਦਵਤਾ ਅਤੇ ਗਿਆਨ ਦੇ ਖਜ਼ਾਨੇ ਹੁੰਦੇ ਹਨ, ਉਹੋ ਹੀ ਅਸਲ ਵਿਚ ਅਮੀਰ ਹੁੰਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਜਿਹੜੀਆਂ ਕੌਮਾਂ ਕੋਲ ਇਹ ਖਜ਼ਾਨਾ ਨਹੀਂ ਹੁੰਦਾ ਉਹ ਗੁਰਬਤ ਦੀ ਦਲਦਲ ਵਿਚ ਧੱਸ ਜਾਂਦੀਆਂ ਹਨ। ਉਹਨਾਂ ਭਾਈ ਕਾਨ੍ਹ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਇਸ ਕਰਕੇ ਅਮੀਰ ਹਾਂ ਕਿ ਸਾਡੇ ਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਈ ਨੰਦ ਲਾਲ, ਭਾਈ ਕਾਨ੍ਹ ਸਿੰਘ ਨਾਭਾ, ਭਾਈ ਵੀਰ ਸਿੰਘ ਵਰਗੇ ਲਿਖਾਰੀਆਂ ਦੀਆਂ ਲਿਖਤਾਂ ਦਾ ਮੁੱਲਵਾਨ ਭੰਡਾਰ ਹੈ।ਉਹਨਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਆਪਣੇ ਅਜਿਹੇ ਵਿਦਵਾਨਾਂ ਦੀਆਂ ਲਿਖਤਾਂ ਛਾਪਣ ਲਈ ਬੜੇ ਉਤਸ਼ਾਹ ਨਾਲ ਹਮੇਸ਼ਾ ਤਤਪਰ ਰਹਿੰਦੀ ਹੈ।
ਇਸ ਤੋਂ ਪਹਿਲਾਂ ਸਮਾਗਮ ਦੇ ਆਰੰਭ ਵਿਚ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਬਲਜੀਤ ਕੌਰ ਸੇਖੋਂ ਨੇ ਜੀ ਆਇਆਂ ਕਹਿੰਦਿਆਂ ਭਾਈ ਕਾਨ੍ਹ ਸਿੰਘ ਨਾਭਾ ਯਾਦਗਾਰੀ ਭਾਸ਼ਣ ਲੜੀ ਦੀ ਰਵਾਇਤ ਅਤੇ ਇਸ ਦੇ ਮਹੱਤਵ ਬਾਰੇ ਬਾਫ਼ੂਬੀ ਚਾਨਣਾ ਪਾਇਆ।ਇਸ ਸਮਾਗਮ ਵਿਚ ਮੁੱਖ ਭਾਸ਼ਣ ਕਰਤਾ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਮੁਖੀ ਪ੍ਰੋਫੈਸਰ ਗੁਲਾਂਰ ਸਿੰਘ ਕੰਗ ਨੇ ਭਾਈ ਕਾਨ੍ਹ ਸਿੰਘ ਨਾਭਾ ਦੇ ਜੀਵਨ ਅਤੇ ਉਹਨਾਂ ਦੇ ਸਾਹਿਤ, ਕਲਾ, ਭਾਸ਼ਾ, ਸਭਿਆਚਾਰ, ਇਤਿਹਾਸ, ਧਰਮ, ਭੂਗੋਲ, ਚਿੰਤਨ ਅਤੇ ਸਮਾਜ ਕਲਿਆਣ ਆਦਿ ਖੇਤਰਾਂ ਵਿਚ ਪਾਏ ਵਡਮੁੱਲੇ ਯੋਗਦਾਨ ਸਦਕਾ ਉਹਨਾਂ ਨੂੰ ਇਕ ਯੁੱਗ ਪੁਰੂ ਨਾਲ ਤੁਲਨਾ ਦਿੱਤੀ ਅਤੇ ਕਿਹਾ ਕਿ ਭਾਈ ਸਾਹਿਬ ਨੇ ਪੂਰਬੀ ਅਤੇ ਪੱਛਮੀ
ਸਭਿਆਚਾਰ ਨੂੰ ਆਪਸ ਵਿਚ ਜੋੜਨ ਵਾਲੀ ਮਹੱਤਵਪੂਰਨ ਕੜੀ ਵਜੋਂ ਜੋ ਭੂਮਿਕਾ ਨਿਭਾਈ ਹੈ, ਉਹ ਬੇਹੱਦ ਅਹਿਮ ਹੈ।
ਇਸ ਸਮਾਗਮ ਵਿਚ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਪ੍ਰੋ ਵਾਈਸ ਚਾਂਸਲਰ ਅਤੇ ਉਘੇ ਵਿਦਵਾਨ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਨੂੰ ‘ਚੌਥਾ ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ’ ਪ੍ਰਦਾਨ ਕੀਤਾ ਗਿਆ।ਇਸ ਸਨਮਾਨ ਵਿਚ ਉਹਨਾਂ ਨੂੰ 51,000/- ਰੁਪਏ ਦੀ ਰਾਸ਼ੀ, ਲੋਈ ਅਤੇ ਵਿਭਾਗੀ ਪ੍ਰਕਾਸ਼ਨਾਵਾਂ ਦਾ ਸੈਟ ਭੇਂਟ ਕੀਤਾ ਗਿਆ। ਡਾ. ਕਪੂਰ ਨੇ ਸਨਮਾਨ ਪ੍ਰਾਪਤੀ ਉਪਰੰਤ ਪੰਜਾਬੀ ਯੂਨੀਵਰਸਿਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਅਤੇ ਸਿੰਘ ਸਭਾ ਲਹਿਰ ਦੇ ਹਵਾਲੇ ਨਾਲ ਮੁੱਲਵਾਨ ਟਿੱਪਣੀਆਂ ਕੀਤੀਆਂ ਜਦੋਂ ਕਿ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਨੇ ‘ਮਹਾਨ ਕੋਸ਼’ ਦੇ ਕੁਝ ਇੰਦਰਾਜ਼ਾਂ ਬਾਰੇ ਵਿਸ਼ੇਸ਼ ਚਰਚਾ ਕਰਦਿਆਂ ਮਹਾਨ ਕੋਸ਼ ਦੀ ਪ੍ਰਮਾਣਿਕਤਾ ਅਤੇ ਸਾਰਥਿਕਤਾ ਬਾਰੇ ਚਰਚਾ ਕੀਤੀ। ਸਮਾਗਮ ਦਾ ਮੰਚ ਸੰਚਾਲਨ ਵਿਭਾਗ ਦੇ ਪ੍ਰੋਫੈਸਰ ਡਾ. ਅਮਰਜੀਤ ਕੌਰ ਨੇ ਸੁਚੱਜੇ ਢੰਗ ਨਾਲ ਨਿਭਾਇਆ
ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦਵਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ।
ਸਮਾਗਮ ਵਿਚ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦੀ ਸੁਪਤਨੀ,ਬੇਟੀ, ਡਾ. ਗੁਲਜ਼ਾਰ ਸਿੰਘ ਕੰਗ ਅਤੇ ਉਹਨਾਂ ਦੀ ਸੁਪਤਨੀ ਨੂੰ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਉਘੇ ਵਿਦਵਾਨ ਡਾ. ਰਤਨ ਸਿੰਘ ਜੱਗੀ, ਡਾ. ਦੀਪਕ ਮਨਮੋਹਨ ਸਿੰਘ, ਡਾ. ਗੁਰਸ਼ਰਨ ਕੌਰ ਜੱਗੀ, ਡਾ. ਮਨਮੋਹਨ ਸਹਿਗਲ, ਡਾ. ਬਲਕਾਰ ਸਿੰਘ, ਡਾ. ਬਲਜੀਤ ਕੌਰ,ਡਾ. ਸੁਰਜੀਤ ਸਿੰਘ ਭੱਟੀ, ਡਾ. ਜਸਬੀਰ ਕੌਰ, ਡਾ. ਮਹੇਸ਼ ਗੌਤਮ, ਡਾ. ਪਰਮਿੰਦਰਜੀਤ ਕੌਰ, ਡਾ. ਦਰਸ਼ਨ ਸਿੰਘ ਆਸ਼ਟ ਅਤੇ ਸ. ਉਜਾਗਰ ਸਿੰਘ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ।

