ਅਨਾਜ ਉਤਪਾਦਨ ‘ਚ ਪੰਜਾਬ ਮੋਹਰੀ ਸੂਬਾ ਬਣਿਆ: ਨਰੇਸ਼ ਗੁਜਰਾਲ
ਚੰਡੀਗੜ੍ਹ 7 ਦਸੰਬਰ (ਮਧੂਸਾਰ ਬਿਊਰੋ)
ਬਾਦਲ ਸਰਕਾਰ ਦੀਆਂ ਕਿਸਾਨ-ਪੱਖੀ ਨੀਤੀਆਂ ਕਰਕੇ ਪੰਜਾਬ ਅਨਾਜ ਉਤਪਾਦਨ ਵਿਚ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਇਸ ਨੇ ਪ੍ਰਤੀ ਹੈਕਟੇਅਰ ਕਣਕ ਅਤੇ ਚੌਲ ਦੇ ਉਤਪਾਦਨ ਵਿਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕਰ ਲਿਆ ਹੈ।
ਇਹ ਸ਼ਬਦ ਸੀਨੀਅਰ ਅਕਾਲੀ ਲੀਡਰ ਅਤੇ ਰਾਜ ਸਭਾ ਮੈਂਬਰ ਸ੍ਰੀ ਨਰੇਸ਼ ਕੁਮਾਰ ਗੁਜਰਾਲ ਨੇ ਇੱਥੇ ਪ੍ਰੈਸ ਨੋਟ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਸਾਲ 2015-16 ਵਿਚ ਪੰਜਾਬ ਨੇ 35 ਲੱਖ ਹੈਕਟੇਅਰ ਜ਼ਮੀਨ ਵਿਚੋਂ ਤਕਰੀਬਨ 165 ਲੱਖ ਟਨ ਕਣਕ ਪੈਦਾ ਕਰਕੇ ਪੂਰੇ ਦੇਸ਼ ਵਿਚੋਂ ਪ੍ਰਤੀ ਹੈਕਟੇਅਰ ਕਣਕ ਉਤਪਾਦਨ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਪੰਜਾਬ ਨੇ 4693 ਕਿਲੋਗਰਾਮ ਪ੍ਰਤੀ ਹੈਕਟੇਅਰ ਕਣਕ ਪੈਦਾ ਕਰਕੇ ਕਣਕ ਉਤਪਾਦਨ ਵਿਚ ਮੋਹਰੀ ਸੂਬੇ ਉੱਤਰ ਪ੍ਰਦੇਸ਼ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਜਿਸ ਦੀ ਪ੍ਰਤੀ ਹੈਕਟੇਅਰ ਕਣਕ ਉਤਪਾਦਨ ਦੀ ਦਰ 3113 ਕਿਲੋਗਰਾਮ ਹੈ।
ਅਕਾਲੀ ਭਾਜਪਾ ਸਰਕਾਰ ਦੀਆਂ ਕਿਸਾਨ-ਪੱਖੀ ਨੀਤੀਆਂ ਦੀ ਸਰਹਾਨਾ ਕਰਦਿਆ ਅਕਾਲੀ ਆਗੂ ਨੇ ਦੱਸਿਆ ਕਿ ਬਾਦਲ ਸਰਕਾਰ ਵੱਲੋਂ ਖੇਤੀ ਨੂੰ ਦੁਬਾਰਾ ਤੋਂ ਲਾਹੇਵੰਦ ਧੰਦਾ ਬਣਾਉਣ ਵਾਸਤੇ ਕਰੀਬ 5500 ਕਰੋੜ ਰੁਪਏ ਖਰਚ ਕੀਤੇ ਗਏ ਹਨ, ਜਿਸ ਦੇ ਨਤੀਜੇ ਸਭ ਨੂੰ ਵੇਖਣ ਨੂੰ ਮਿਲ ਰਹੇ ਹਨ। ਸਾਲ 2015-16 ਦੌਰਾਨ ਤਕਰੀਬਨ 41 ਲੱਖ ਹੈਕਟੇਅਰ ਜ਼ਮੀਨ ਵਿਚੋਂ 105 ਲੱਖ ਟਨ ਚੌਲ ਦਾ ਉਤਪਾਦਨ ਕਰਕੇ ਪੰਜਾਬ ਨੇ ਪ੍ਰਤੀ ਹੈਕਟੇਅਰ ਚੌਲ ਉਤਪਾਦਨ ਵਿਚ ਵੀ ਦੂਜਾ ਸਥਾਨ ਹਾਸਿਲ ਕੀਤਾ ਹੈ। ਇਸ ਦੀ ਪ੍ਰਤੀ ਹੈਕਟੇਅਰ ਚੌਲ ਉਤਪਾਦਨ ਦੀ ਦਰ 3741 ਕਿਲੋਗਰਾਮ ਰਹੀ ਹੈ, ਜੋ ਕਿ ਤਾਮਿਲਨਾਡੂ ਤੋਂ ਬਾਅਦ ਦੂਜੇ ਨੰਬਰ ਉੱਤੇ ਹੈ।
ਉਹਨਾਂ ਅੱਗੇ ਦੱਸਿਆ ਕਿ ਖੇਤੀ ਸੈਕਟਰ ਵਿਚ ਹੋਏ ਵਿਕਾਸ ਸਦਕਾ ਹੀ ਪੰਜਾਬ ਕੇਂਦਰੀ ਭੰਡਾਰ ਵਿਚ ਕਣਕ ਅਤੇ ਚੌਲ ਦਾ ਸਭ ਤੋ ਵੱਧ ਯੋਗਦਾਨ ਦਿੰਦਾ ਹੈ। ਮੌਜੂਦਾ ਸਮੇਂ ਕੇਂਦਰੀ ਭੰਡਾਰ ਵਿਚ ਸੂਬੇ ਦੇ ਉਤਪਾਦਨ ਦਾ 60 ਫੀਸਦੀ ਚੌਲ ਅਤੇ 46 ਫੀਸਦੀ ਕਣਕ ਦਿੱਤੀ ਜਾ ਰਹੀ ਹੈ।
ਸ੍ਰੀ ਗੁਜਰਾਲ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਖੇਤੀ ਸੈਕਟਰ ਸਭ ਤੋਂ ਵੱਧ ਮੰਦਵਾੜੇ ਦਾ ਸ਼ਿਕਾਰ ਹੋਇਆ ਸੀ। ਕੈਪਟਨ ਸਰਕਾਰ ਨੇ ਨਾ ਸਿਰਫ ਖੇਤੀ ਦੇ ਵਿਕਾਸ ਲਈ 13 ਕਰੋੜ ਰੁਪਏ ਦੀ ਨਿਗੂਣੀ ਰਾਸ਼ੀ ਖਰਚੀ ਸਗੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫਤ ਬਿਜਲੀ ਦੀ ਸਹੂਲਤ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਇਸ ਨਾਲ ਇੱਕ ਪਾਸੇ ਉਤਪਾਦਨ ਨੂੰ ਢਾਹ ਲੱਗੀ, ਦੂਜੇ ਪਾਸੇ ਕਮਾਈ ਘਟਣ ਕਿਸਾਨੀ ਕਰਜ਼ੇ ਦੀ ਦਲਦਲ ਵਿਚ ਫਸਣੀ ਸ਼ੁਰੂ ਹੋ ਗਈ।
ਉਹਨਾਂ ਅੱਗੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਕਿਸਾਨਾਂ ਨੂੰ ਦੁਬਾਰਾ ਮੁਫਤ ਬਿਜਲੀ ਦੇ ਕੇ ਤਕਰੀਬਨ 33 ਹਜ਼ਾਰ ਕਰੋੜ ਦੀ ਰਾਹਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨੂੰ ਕਿਸਾਨੀ ਨੂੰ ਮੁੜ ਪੈਰਾਂ ਸਿਰ ਕਰਨ ਲਈ ਗੰਨਾ ਉਤਪਾਦਕਾਂ ਨੂੰ ਸਮੇਂ ਸਿਰ ਅਦਾਇਗੀ, ਫਸਲ ਦੇ ਨੁਕਸਾਨ ‘ਤੇ ਮੁਆਵਜ਼ਾ, ਕਿਸਾਨਾਂ ਲਈ ਸਿਹਤ ਬੀਮਾ ਸਕੀਮ, ਵਿਆਜ ਮੁਕਤ ਫਸਲੀ ਕਰਜ਼ਾ ਆਦਿ ਸਹੂਲਤਾਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਪੰਜਾਬ ਪਹਿਲਾ ਅਜਿਹਾ ਸੂਬਾ ਹੈ, ਜਿਹੜਾ 33 ਫੀਸਦੀ ਤੋਂ ਘੱਟ ਨੁਕਸਾਨੀ ਫਸਲ ਦਾ ਮੁਆਵਜ਼ਾ ਦਿੰਦਾ ਹੈ।

