ਪੰਜਾਬ

ਦਸਤਾਰਾਂ ਦੀ ਬੇਅਦਬੀ ਲਈ ਕਾਂਗਰਸ ਪਸ਼ਚਾਤਾਪ ਕਰੇ : ਹਰਨਾਮ ਸਿੰਘ ਖ਼ਾਲਸਾ

ਅੰਮ੍ਰਿਤਸਰ 23 ਜੂਨ (ਮਧੂਸਾਰ ਬਿਊਰੋ) ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਕਲ ਜਿਵੇਂ ਲੋਕਤੰਤਰੀ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾਉਂਦਿਆਂ ਵਿਰੋਧੀ ਵਿਧਾਨਕਾਰਾਂ ਦੀਆਂ ਦਸਤਾਰਾਂ ਉਤਾਰਨ ਅਤੇ ਔਰਤਾਂ ਨਾਲ ਕੀਤੇ ਗਏ ਦੁਰਵਿਵਹਾਰ ਵਰਗੇ ਗੁਨਾਹ ਲਈ ਕਾਂਗਰਸ ਪਾਰਟੀ ਨੂੰ ਪਸ਼ਚਾਤਾਪ ਕਰਦਿਆਂ ਅਤੇ ਸਪੀਕਰ ਨੂੰ ਆਪਣੇ ਵੱਲੋਂ ਕੀਤੀ ਗਈ ਤੌਹੀਨ ਲਈ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਸਿੱਖ ਕੌਮ ਨੇ ਦਸਤਾਰ ਦੀ ਸਲਾਮਤੀ ਲਈ ਵਿਸ਼ਵ ਪੱਧਰ ‘ਤੇ ਵੱਡਾ ਸੰਘਰਸ਼ ਕੀਤਾ ਜੋ ਅੱਜ ਵੀ ਵੱਖ ਵੱਖ ਦੇਸ਼ਾਂ ਅੰਦਰ ਨਿਰੰਤਰ ਜਾਰੀ ਹੈ। ਪਰ ਪੰਜਾਬ ਵਿੱਚ ਕਾਂਗਰਸ ਵੱਲੋਂ ਗੈਰ ਲੋਕਤੰਤਰੀ ਅਤੇ ਤਾਨਾਸ਼ਾਹ ਰਵਈਆ ਅਪਣਾ ਕੇ ਵਿਰੋਧੀ ਵਿਧਾਨਕਾਰਾਂ ਦੇ ਕੇਸਾਂ, ਦਸਤਾਰਾਂ, ਕਕਾਰਾਂ ਦੀ ਬੇਅਦਬੀ ਕਰਦਿਆਂ ਕਲ ਵਿਧਾਨਸਭਾ ਨੂੰ ਜਿਵੇਂ ਕੁਕੜਖੇਹ ਉਡਾਉਣ ਦਾ ਅਖਾੜਾ ਬਣਾਦਿਤਾ ਗਿਆ, ਉਹ ਦੁਖਦਾਇਕ ਅਤੇ ਸਖ਼ਤ ਨਿਖੇਧੀ ਯੋਗ ਹਨ।
ਸੰਤ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਹੀ ਸਿੱਖ ਧਾਰਮਿਕ ਚਿੰਨ੍ਹਾਂ ਦੀ ਹੋਈ ਬੇਹੁਰਮਤੀ ਨਾਲ ਸਿੱਖਾਂ ਦੇ ਅਕਸ ‘ਤੇ ਮਾੜਾ ਅਸਰ ਪਿਆ ਅਤੇ ਵਿਸ਼ਵ ‘ਚ ਗਲਤ ਪ੍ਰਭਾਵ ਵੀ ਗਿਆ ਹੈ। ਇਸ ਲਈ ਕਲ ਦਾ ਦਿਨ ਲੋਕਤੰਤਰ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਅਤੇ ਯਾਦ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਪੰਜਾਬੀਆਂ ਅਤੇ ਸਿੱਖਾਂ ਦੀ ਤੌਹੀਨ ਕਰਨ ਪ੍ਰਤੀ ਸ਼ਰਮਨਾਕ ਕੋਸ਼ਿਸ਼ ਨੂੰ ਜਿਵੇਂ ਅੰਜਾਮ ਦਿੱਤਾ ਗਿਆ, ਉਸ ਨੇ ਸਮੁੱਚੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਪੰਜਾਬ ਦੇ ਭਵਿੱਖ ਅਤੇ ਲੋਕਾਂ ਦੇ ਭਲੇ ਲਈ ਠੋਸ ਫੈਸਲੇ ਲੈਂਦਿਆਂ ਨੀਤੀਆਂ ਅਤੇ ਕਾਨੂੰਨ ਦੀ ਸਿਰਜਣਾ ਕਰਨ ਦਾ ਅਹਿਮ ਸੰਸਥਾ ਹੈ।ਉਹਨਾਂ ਵਿਰੋਧੀ ਧਿਰਾਂ ਨੂੰ ਵੀ ਸੰਜਮ ਤੇ ਸਿਆਣਪ ਨਾਲ ਆਪਣੀ ਆਵਾਜ਼ ਬੁਲੰਦ ਕਰਨ ਦੀ ਸਲਾਹ ਦਿੱਤੀ ਤੇ ਕਿਹਾ ਕਿ ਉਹ ਰਾਜ ਅਤੇ ਆਪਣੇ ਖੇਤਰ ਦੇ ਭਵਿੱਖ ਲਈ ਆਪਣਾ ਪੱਖ ਰੱਖਦਿਆਂ ਉੱਸਾਰੂ ਭੂਮਿਕਾ ਅਦਾ ਕਰਨ ਵਲ ਧਿਆਨ ਦੇਣ ।
ਉਹਨਾਂ ਕਿਹਾ ਕਿ ਸਪੀਕਰ ਦੀ ਵਿਧਾਨਸਭਾ ਨੂੰ ਚਲਾਉਣ ਪ੍ਰਤੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਜੇ ਸਪੀਕਰ ਦਾ ਹੀ ਵਤੀਰਾ ਪੱਖਪਾਤੀ ਹੋ ਜਾਵੇ ਤਾਂ ਵਿਰੋਧੀ ਧਿਰਾਂ ਪ੍ਰਤੀ ਸਹੀ ਭੂਮਿਕਾ ਦੀ ਉਸ ਤੋਂ ਆਸ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਸਪੀਕਰ ਸ੍ਰੀ ਕੇ ਪੀ ਸਿੰਘ ਵੱਲੋਂ ਕਲ ਜਿਵੇਂ ਵਿਰੋਧੀ ਧਿਰਾਂ ਦੀ ਆਵਾਜ਼ ਦਬਾਉਣ ਲਈ ਉਹਨਾਂ ਦਾ ਅਪਮਾਨ ਜਾਂ ਜ਼ਲੀਲ ਕਰਨ ਵਰਗਾ ਨਾਕਾਰਾਤਮਕ ਵਤੀਰਾ ਅਪਣਾਇਆ ਜਾਣਾ ਸੋਭਦਾ ਨਹੀਂ ਹੈ । ਲਿਹਾਜ਼ਾ ਕਾਂਗਰਸ ਪਾਰਟੀ ਨੂੰ ਉਕਤ ਗੁਨਾਹ ਲਈ ਪਸ਼ਚਾਤਾਪ ਕਰਦਿਆਂ ਅਤੇ ਸਪੀਕਰ ਨੂੰ ਆਪਣੇ ਵੱਲੋਂ ਕੀਤੀ ਗਈ ਤੌਹੀਨ ਲਈ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

Leave a Reply

Your email address will not be published. Required fields are marked *