ਸ਼ਹੀਦੀ ਜੋੜ ਮੇਲ ਮੌਕੇ ਆਮ ਖਾਸ ਬਾਗ ਵਿਖੇ 25 ਤੇ 26 ਦਸੰਬਰ ਨੂੰ ‘ ਸਰਹਿੰਦ ਦੀ ਦੀਵਾਰ ‘ ਅਤੇ ‘ ਮੈਂ ਤੇਰਾ ਬੰਦਾ ‘ ਪੇਸ਼ ਕੀਤਾ ਜਾਵੇਗਾ
ਫ਼ਤਹਿਗੜ੍ਹ ਸਾਹਿਬ, 16 ਦਸੰਬਰ (ਮਧੂਸਾਰ ਬਿਊਰੋ)
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ 25, 26 ਅਤੇ 27 ਦਸੰਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਜ਼ਿਲ੍ਹਾ ਸਭਿਆਚਾਰਕ ਸੋਸਾਇਟੀ ਵੱਲੋਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਮ ਖਾਸ ਬਾਗ ਵਿਖੇ 25 ਦਸੰਬਰ ਨੂੰ ਇਤਿਹਾਸਕ ਨਾਟਕ ‘ ਸਰਹਿੰਦ ਦੀ ਦੀਵਾਰ ‘ ਤੇ 26 ਦਸੰਬਰ ਨੂੰ ‘ ਮੈਂ ਤੇਰਾ ਬੰਦਾ ‘ ਦਾ ਮੰਚਨ ਕੀਤਾ ਜਾਵੇਗਾ।
ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਜੀਵ ਗਰਗ ਨੇ ਅੱਜ ਆਮ ਖਾਸ ਬਾਗ ਵਿਖੇ ਇਨ੍ਹਾਂ ਇਤਿਹਾਸਕ ਨਾਟਕਾਂ ਦੇ ਅਗੇਤੇ ਪ੍ਰਬੰਧਾਂ ਦਾ ਜਾਇਜਾ ਲੈਣ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਸਿੱਧ ਨਾਟਕਕਾਰ ਮਰਹੂਮ ਸ੍ਰੀ ਹਰਪਾਲ ਟਿਵਾਣਾ ਵੱਲੋਂ ਲਿਖਤ ਇਹ ਨਾਟਕ ਮਨਪਾਲ ਟਿਵਾਣਾ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤੇ ਜਾਣਗੇ।
ਸ੍ਰੀ ਗਰਗ ਨੇ ਨਗਰ ਕੌਂਸਲ ਸਰਹਿੰਦ ਦੇ ਕਾਰਜ ਸਾਧਕ ਅਫਸਰ ਨੂੰ ਸ਼ਹੀਦੀ ਜੋੜ ਮੇਲ ਦੌਰਾਨ ਆਮ ਖਾਸ ਬਾਗ ਦੀ ਸਾਫ ਸਫਾਈ ਕਰਵਾਉਣ ਲਈ ਕਿਹਾ। ਉਨ੍ਹਾਂ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਰਾਤ ਸਮੇਂ ਪੇਸ਼ ਕੀਤੇ ਜਾਣ ਵਾਲੇ ਇਤਿਹਾਸਕ ਨਾਟਕਾਂ ਲਈੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ।
ਏ.ਡੀ.ਸੀ. ਨੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਮ ਖਾਸ ਬਾਗ ਵਿਖੇ ਵੀ.ਆਈ.ਪੀਜ਼, ਦਰਸ਼ਕਾਂ ਅਤੇ ਕਲਾਕਾਰਾਂ ਦੀ ਸਹੂਲਤ ਲਈ ਆਰਜੀ ਪਖਾਨਿਆਂ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹੀਦੀ ਜੋੜ ਮੇਲ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦਰਸ਼ਕਾਂ ਦੀ ਸਹੂਲਤ ਲਈ ਆਮ ਖਾਸ ਬਾਗ ਵਿਖੇ ਮੈਡੀਕਲ ਟੀਮ ਦੀ ਡਿਊਟੀ ਲਗਾਉਣ ਲਈ ਵੀ ਕਿਹਾ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਮਨਦੀਪ ਸਿੰਘ, ਏ.ਪੀ.ਓ. ਵਿਜੇ ਧੀਰ, ਨਗਰ ਕੌਂਸਲ ਤੋਂ ਅਵਤਾਰ ਸਿੰਘ, ਹੰਸ ਰਾਜ, ਆਮ ਖਾਸ ਬਾਗ ਦੇ ਅਮਰੀਕ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।

